ਅੰਮ੍ਰਿਤਸਰ 18 ਜਨਵਰੀ (        ) – ਪ੍ਰੋਫੈਸਰ ਕਿਰਪਾਲ ਸਿੰਘ ਬਡੂੰਗਰ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜੋਧਾਂ ਨੇੜਲੇ ਪਿੰਡ ਪਮਾਲ ਦੇ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਣ ਦੀ ਘਟਨਾ ਨੂੰ ਦੁੱਖਦਾਈ ਦੱਸਿਆ ਹੈ।
ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਸਿੱਖ ਮਾਨਸਿਕਤਾ ਨੂੰ ਡੂੰਘੀ ਸੱਟ ਮਾਰਨ ਵਾਲੀਆਂ ਹਨ ਜਿਨ੍ਹਾਂ ਨਾਲ ਸਿੱਖ ਹਿਰਦੇ ਵਲੂੰਧਰੇ ਗਏ ਹਨ।ਉਨ੍ਹਾਂ ਕਿਹਾ ਕਿ ਮੌਜੂਦਾ ਘਟਨਾ ਵਿੱਚ ਪਿੰਡ ਪਮਾਲ ਦੇ ਰਹਿਣ ਵਾਲੇ ਵਿਅਕਤੀ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦੀ ਬੇਅਦਬੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਨੂੰ ਧਾਰਮਿਕ ਭਾਵਨਾਵਾਂ ਨਾਲ ਖਿਲਵਾੜ ਕਰਨ ਕਰਕੇ ਮੁਆਫ ਨਹੀਂ ਕੀਤਾ ਜਾ ਸਕਦਾ।ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਦੀ ਵੀ ਕਿਤੇ ਨਾ ਕਿਤੇ ਅਣਗਹਿਲੀ ਸਾਹਮਣੇ ਆਈ ਹੈ, ਇਸ ਲਈ ਗੁਰਦੁਆਰਾ ਸਾਹਿਬ ਵਿਖੇ ਮਰਯਾਦਾ ਅਨੁਸਾਰ ਸੇਵਾ ਸੰਭਾਲ ਲਈ ਇਕ ਗ੍ਰੰਥੀ ਤੇ ਸੇਵਾਦਾਰ ਜ਼ਰੂਰ ਤਾਇਨਾਤ ਰਹੇ ਤਾਂ ਕਿ ਅਜਿਹੀਆਂ ਘਟਨਾਵਾਂ ਨੂੰ ਠੱਲ੍ਹ ਪਾਈ ਜਾ ਸਕੇ।
ਉਨ੍ਹਾਂ ਪ੍ਰਸ਼ਾਸਨ ਨੂੰ ਜ਼ੋਰ ਦੇ ਕੇ ਕਿਹਾ ਕਿ ਗ੍ਰਿਫਤਾਰ ਕੀਤੇ ਗਏ ਦੋਸ਼ੀ ਖਿਲਾਫ ਸਖ਼ਤ ਕਾਰਵਾਈ ਕਰੇ ਤਾਂ ਕਿ ਪੰਜਾਬ ਵਿੱਚ ਅਮਨ ਸ਼ਾਂਤੀ ਦਾ ਮਾਹੌਲ ਕਾਇਮ ਰੱਖਿਆ ਜਾ ਸਕੇ।