Avtar S Gਅੰਮ੍ਰਿਤਸਰ : ੧੯ ਜੁਲਾਈ (        ) ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪਿੰਡ ਸੁੱਖੇਵਾਲਾ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਵੈਬਸਾਈਟ ਤੋਂ ਚੱਲ ਰਹੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਗੁਰਬਾਣੀ ਪ੍ਰਸਾਰਣ ਨੂੰ ਵਿਸ਼ੇਸ਼ ਉਪਰਾਲਿਆਂ ਰਾਹੀਂ ਪਿੰਡ ਦੇ ਘਰ-ਘਰ ਪਹੁੰਚਾਉਣਾ ਸ਼ਲਾਘਾਯੋਗ ਉਪਰਾਲਾ ਦੱਸਿਆ ਹੈ। ਉਨ੍ਹਾਂ ਕਿਹਾ ਕਿ ਇਹ ਪਹਿਲੀ ਵਾਰ ਹੋਇਆ ਹੈ ਕਿ ਕਿਸੇ ਪਿੰਡ ਦੀ ਗ੍ਰਾਮ ਪੰਚਾਇਤ ਨੇ ਪਹਿਲ ਕਦਮੀ ਕਰਦੇ ਹੋਏ ਪਿੰਡ ਵਾਸੀਆਂ ਦੀ ਮਦਦ ਨਾਲ ਬਿਜਲੀ ਦੇ ਖੰਭਿਆਂ ਤੇ ਵਿਸ਼ੇਸ਼ ਉਪਕਰਨ ਲਗਾ ਕੇ ਇੰਟਰਨੈਟ ਰਾਹੀਂ ਰੀਲੇਅ ਹੁੰਦੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ੨੪ ਘੰਟੇ ਦੇ ਗੁਰਬਾਣੀ ਪ੍ਰਸਾਰਣ ਨੂੰ ਘਰ-ਘਰ ਪਹੁੰਚਾਇਆ ਹੈ। ਜਿਸ ਲਈ ਪਿੰਡ ਸੁੱਖੇਵਾਲਾ ਦੀ ਗ੍ਰਾਮ ਪੰਚਾਇਤ ਅਤੇ ਸਮੁੱਚੇ ਪਿੰਡ ਵਾਸੀ ਵਧਾਈ ਦੇ ਹੱਕਦਾਰ ਹਨ। ਉਨ੍ਹਾਂ ਕਿਹਾ ਕਿ ਇਸ ਨਾਲ ਵਹਿਮਾਂ ਭਰਮਾਂ ਅਤੇ ਨਸ਼ਿਆਂ ਵਿੱਚ ਗਲਤਾਨ ਹੋਏ ਕਈ ਭੁੱਲੇ ਭਟਕੇ ਲੋਕ ਸਿੱਧੇ ਰਾਹ ਪੈਣਗੇ। ਉਨ੍ਹਾਂ ਕਿਹਾ ਕਿ ਇਸ ਨਾਲ ਸਮੁੱਚੀ ਸੰਗਤ ਸ੍ਰੀ ਗੁਰੂ ਰਾਮਦਾਸ ਜੀ ਦੇ ਦਰ-ਘਰ ਨਾਲ ਜੁੜ ਕੇ ਸਤਿਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਸਕੇਗੀ। ਉਨ੍ਹਾਂ ਹੋਰਨਾਂ ਪਿੰਡਾਂ ਦੀਆਂ ਪੰਚਾਇਤਾਂ ਤੇ ਪਿੰਡ ਵਾਸੀਆਂ ਨੂੰ ਅਪੀਲ ਕਰਦਿਆ ਕਿਹਾ ਕਿ ਉਹ ਵੀ ਇਲਾਹੀ ਬਾਣੀ ਦੇ ਕੀਰਤਨ ਦਾ ਅਨੰਦ ਮਾਨਣ ਲਈ ਆਪਣੇ-ਆਪਣੇ ਪਿੰਡਾਂ ਵਿੱਚ ਐਸੇ ਉਪਰਾਲੇ ਕਰਕੇ ਸਤਿਗੁਰੂ ਜੀ ਦੀ ਬਾਣੀ ਦੇ ਲਾਹੇ ਲੈਂਦੇ ਹੋਏ ਲੋਕ ਸੁਖੀਏ ਤੇ ਪ੍ਰਲੋਕ ਸੁਹੇਲੇ ਹੋਣ।