ਸ਼੍ਰੋਮਣੀ ਕਮੇਟੀ ਪੀੜਤ ਪਰਿਵਾਰਾਂ ਦੇ ਦੁੱਖ ਵਿਚ ਸ਼ਾਮਲ-ਪ੍ਰੋ. ਕਿਰਪਾਲ ਸਿੰਘ ਬਡੂੰਗਰ

ਅੰਮ੍ਰਿਤਸਰ 19 ਮਈ (         ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਅੱਜ ਇਥੇ ਸੰਨ 1991 ਵਿਚ ਪੀਲੀਭੀਤ (ਉਤਰ ਪ੍ਰਦੇਸ਼) ਵਿਖੇ ਫ਼ਰਜ਼ੀ ਪੁਲਿਸ ਮੁਕਾਬਲੇ ‘ਚ ਮਾਰੇ ਗਏ 11 ਸਿੱਖਾਂ ਵਿਚੋਂ ਗੁਰਦਾਸਪੁਰ ਜ਼ਿਲ੍ਹੇ ਨਾਲ ਸਬੰਧਤ ਚਾਰ ਸ਼ਹੀਦਾਂ ਦੇ ਪਰਿਵਾਰਾਂ ਨੂੰ ਇੱਕ-ਇੱਕ ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦੇ ਚੈੱਕ ਪ੍ਰਦਾਨ ਕੀਤੇ। ਸਹਾਇਤਾ ਪ੍ਰਾਪਤ ਕਰਨ ਵਾਲੇ ਪਰਿਵਾਰਾਂ ਵਿਚ ਪਿੰਡ ਖਹਿਰਾ ਦੇ ਸ਼ਹੀਦ ਭਾਈ ਕਰਤਾਰ ਸਿੰਘ, ਪਿੰਡ ਮਾਨੇਪੁਰ ਦੇ ਭਾਈ ਸੁਰਜਨ ਸਿੰਘ, ਪਿੰਡ ਸਤਕੋਹਾ ਦੇ ਭਾਈ ਹਰਮਿੰਦਰ ਸਿੰਘ ਅਤੇ ਪਿੰਡ ਰੌੜ ਖਹਿਰਾ ਦੇ ਭਾਈ ਸੁਖਵਿੰਦਰ ਸਿੰਘ ਦੇ ਪਰਿਵਾਰ ਸ਼ਾਮਲ ਹਨ।

ਇਸ ਮੌਕੇ ਗੱਲਬਾਤ ਕਰਦਿਆਂ ਪ੍ਰੋ. ਬਡੂੰਗਰ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪੀੜਤ ਪਰਿਵਾਰਾਂ ਦੇ ਦੁੱਖ ਵਿਚ ਸ਼ਾਮਲ ਹੁੰਦਿਆਂ ਹਰ ਸੰਭਵ ਸਹਾਇਤਾ ਦੇਣ ਲਈ ਕਾਰਜਸ਼ੀਲ ਹੈ। ਉਨ੍ਹਾਂ ਆਖਿਆ ਕਿ 1991 ਵਿਚ ਪੀਲੀਭੀਤ ਵਿਖੇ ਝੂਠੇ ਪੁਲਿਸ ਮੁਕਾਬਲੇ ਵਿਚ ਮਾਰੇ ਗਏ 11 ਸਿੱਖਾਂ ਦੇ ਪਰਿਵਾਰਾਂ ਵਿੱਚੋਂ 4 ਦੇ ਪਰਿਵਾਰਾਂ ਦਾ ਪਤਾ ਲਗਾਕੇ ਉਨ੍ਹਾਂ ਨੂੰ ਸਹਾਇਤਾ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਬਾਕੀ ਰਹਿੰਦੇ ਪਰਿਵਾਰਾਂ ਤੱਕ ਵੀ ਸ਼੍ਰੋਮਣੀ ਕਮੇਟੀ ਪਹੁੰਚ ਕਰੇਗੀ ਤਾਂ ਜੋ ਉਨ੍ਹਾਂ ਤੱਕ ਸਹਾਇਤਾ ਪਹੁੰਚਾਈ ਜਾ ਸਕੇ। ਉਨ੍ਹਾਂ ਇਹ ਵੀ ਕਿਹਾ ਕਿ ਪੀੜਤਾਂ ਦੇ ਪਰਿਵਾਰਾਂ ਦੀਆਂ ਦੁੱਖ-ਤਕਲੀਫ਼ਾਂ ਹਰਨ ਲਈ ਸ਼੍ਰੋਮਣੀ ਕਮੇਟੀ ਹਮੇਸ਼ਾ ਉਨ੍ਹਾਂ ਦੇ ਨਾਲ ਰਹੇਗੀ।ਪ੍ਰੋ. ਬਡੂੰਗਰ ਨੇ ਉਸ ਵਕਤ ਵਾਪਰੀ ਇਸ ਘਟਨਾ ਨੂੰ ਬੇਹੱਦ ਮੰਦਭਾਗੀ ਆਖਦਿਆਂ ਇਸ ਨੂੰ ਮਨੁੱਖਤਾ ਦੇ ਨਾਮ ‘ਤੇ ਕਲੰਕ ਕਰਾਰ ਦਿੱਤਾ। ਯਾਦ ਰਹੇ ਕਿ 1991 ਵਿਚ ਤਖ਼ਤ ਸ੍ਰੀ ਹਰਿਮੰਦਰ ਜੀ, ਪਟਨਾ ਸਾਹਿਬ ਬਿਹਾਰ ਦੀ ਧਾਰਮਿਕ ਯਾਤਰਾ ਤੋਂ ਵਾਪਸ ਪਰਤ ਰਹੇ ਸਿੱਖ ਸ਼ਰਧਾਲੂਆਂ ਨੂੰ ਪੀਲੀਭੀਤ ਇਲਾਕੇ ਵਿਚ ਪੁਲਿਸ ਵੱਲੋਂ ਝੂਠਾ ਮੁਕਾਬਲਾ ਬਣਾ ਕੇ ਮਾਰ ਦਿੱਤਾ ਗਿਆ ਸੀ।

ਇਸ ਮੌਕੇ ਅੰਤ੍ਰਿੰਗ ਕਮੇਟੀ ਮੈਂਬਰ ਸ. ਸੁਰਜੀਤ ਸਿੰਘ ਭਿੱਟੇਵਡ, ਮੈਂਬਰ ਸ. ਰਾਜਿੰਦਰ ਸਿੰਘ ਮਹਿਤਾ, ਜਗਜੀਤ ਸਿੰਘ ਮਾਂਗੇਆਣਾ, ਸ. ਬਾਵਾ ਸਿੰਘ ਗੁਮਾਨਪੁਰਾ, ਬੀਬੀ ਰਣਜੀਤ ਸਿੰਘ ਮਾਹਿਲਪੁਰ, ਮੁੱਖ ਸਕੱਤਰ ਸ. ਹਰਚਰਨ ਸਿੰਘ, ਸੱਕਤਰ ਅਵਤਾਰ ਸਿੰਘ ਸੈਂਪਲਾ, ਐਡੀ: ਸਕੱਤਰ ਸ. ਹਰਭਜਨ ਸਿੰਘ, ਸ. ਸੁਖਦੇਵ ਸਿੰਘ ਭੂਰਾ ਕੋਹਨਾ, ਡਾ. ਪਰਮਜੀਤ ਸਿੰਘ ਸਰੋਆ, ਸ. ਬਲਵਿੰਦਰ ਸਿੰਘ ਜੋੜਾ ਸਿੰਘਾਂ ਤੇ ਸ. ਪ੍ਰਤਾਪ ਸਿੰਘ, ਮੀਤ ਸਕੱਤਰ ਸ. ਕੁਲਵਿੰਦਰ ਸਿੰਘ ਰਮਦਾਸ, ਸ. ਜਗਜੀਤ ਸਿੰਘ, ਸ. ਜਸਵਿੰਦਰ ਸਿੰਘ ਦੀਨਪੁਰ, ਸ. ਮਹਿੰਦਰ ਸਿੰਘ, ਸ. ਹਰਜਿੰਦਰ ਸਿੰਘ,  ਸ. ਸਤਿੰਦਰ ਸਿੰਘ, ਸ. ਸੁਲੱਖਣ ਸਿੰਘ ਭੰਗਾਲੀ ਮੈਨੇਜਰ ਸ੍ਰੀ ਦਰਬਾਰ ਸਾਹਿਬ ਆਦਿ ਹਾਜ਼ਰ ਸਨ।