ਅੰਮ੍ਰਿਤਸਰ, 28 ਮਈ- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਸ੍ਰੀ ਅਨੰਦਪੁਰ ਸਾਹਿਬ ਵਿਖੇ ਪੁਰਾਣੇ ਬਰਤਨਾ ਦੀ ਨਿਲਾਮੀ ਸਮੇਂ ਹੇਰਾਫੇਰੀ ਦੇ ਕਥਿਤ ਦੋਸ਼ਾਂ ਦੀ ਪੜਤਾਲ ਕਰਵਾਈ ਜਾਵੇਗੀ। ਦਫਤਰ ਤੋਂ ਜਾਰੀ ਇੱਕ ਬਿਆਨ ਵਿਚ ਉਨ੍ਹਾਂ ਕਿਹਾ ਕਿ ਕੁਝ ਬੋਲੀਕਾਰਾਂ ਵੱਲੋਂ ਇਸ ਸਬੰਧੀ ਸ਼ਿਕਾਇਤ ਸਾਹਮਣੇ ਆਈ ਹੈ, ਜਿਸ ਤੋਂ ਬਾਅਦ ਅਸਲੀਅਤ ਜਾਣਨ ਲਈ ਫਲਾਇੰਗ ਵਿਭਾਗ ਦੇ ਨੁਮਾਇੰਦਿਆਂ ਦੀ ਡਿਊਟੀ ਲਗਾਈ ਗਈ ਹੈ। ਉਨ੍ਹਾਂ ਸ਼ਿਕਾਇਤ ਕਰਤਾ ਵੱਲੋਂ ਪਿੱਤਲ ਤੇ ਸੋਨੇ ਦੀ ਝਾਲ ਵਾਲੀਆਂ ਪਾਲਕੀ ਸਾਹਿਬ ਬਾਰੇ ਸਪੱਸ਼ਟ ਕੀਤਾ ਕਿ ਅਜਿਹੀ ਕਿਸੇ ਵੀ ਪਾਲਕੀ ਨੂੰ ਨਿਲਾਮ ਨਹੀਂ ਕੀਤਾ ਗਿਆ। ਦੂਸਰੇ ਪਾਸੇ ਨਿਲਾਮ ਕੀਤੀ ਗਈ ਸਟੀਲ ਦੇ ਰੇਟ ਵਿਚ ਫਰਕ ਦੇ ਲਗਾਏ ਗਏ ਦੋਸ਼ਾਂ ਸਬੰਧੀ ਉਨ੍ਹਾਂ ਕਿਹਾ ਕਿ ਪੜਤਾਲ ਦੀ ਰਿਪੋਟਰ ਵਿਚ ਜੇਕਰ ਕੁਝ ਅਜਿਹਾ ਸਾਹਮਣੇ ਆਇਆ ਤਾਂ ਉਹ ਜ਼ਰੂਰ ਕਾਰਵਾਈ ਕਰਨਗੇ।