ਅੰਮ੍ਰਿਤਸਰ 21 ਅਕਤੂਬਰ (       ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਮੀਨਾਕਾਰੀ ਸਬੰਧੀ ਕਿੰਤੂ ‘ਤੇ ਪ੍ਰਤੀਕਰਮ ਦਿੰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਈ ਮੀਨਾਕਾਰੀ ਕੋਈ ਨਵੀਂ ਨਹੀਂ ਹੈ ਜੋ ਇਸ ਨੂੰ ਬਦਲ ਦਿੱਤਾ ਜਾਵੇ, ਸਗੋਂ ਇਹ ਤਾਂ ਪੁਰਾਤਨ ਸਮੇਂ ਤੋਂ ਇਸੇ ਤਰ੍ਹਾਂ ਹੀ ਦ੍ਰਿਸ਼ਟਮਾਨ ਹੈ।ਉਨ੍ਹਾਂ ਕਿਹਾ ਕਿ ਕੁਝ ਲੋਕਾਂ ਵੱਲੋਂ ਇਸ ਸਬੰਧ ਵਿੱਚ ਵਿਵਾਦ ਪੈਦਾ ਕਰਨਾ ਤੱਥਹੀਣ ਹੈ ਅਤੇ ਇਸ ਮਾਮਲੇ ਨੂੰ ਲੈ ਕੇ ਫੋਕੀ ਸ਼ੋਹਰਤ ਪ੍ਰਾਪਤ ਕਰਨਾ ਅਤਿਅੰਤ ਮੰਦਭਾਗਾ ਹੈ।ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਾਸ ਮੀਨਾਕਾਰੀ, ਚਿੱਤਰਕਾਰੀ ਦੀ ਮੁਰੰਮਤ ਕਰਨ ਤੋਂ ਪਹਿਲਾਂ ਦੀਆਂ ਤਸਵੀਰਾਂ ਵੀ ਮੌਜੂਦ ਹਨ ਜੋ ਮੁਕੰਮਲ ਫੋਟੋਗ੍ਰਾਫੀ ਕਰਵਾ ਕੇ ਸੁਰੱਖਿਅਤ ਕੀਤੀਆਂ ਗਈਆਂ ਹਨ।
ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਸ੍ਰੀ ਹਰਿਮੰਦਰ ਸਾਹਿਬ ਦੀ ਭਵਨ ਕਲਾ ਅਨੂਪਮ ਤੇ ਵਿਲੱਖਣ ਹੈ ਅਤੇ ਇਥੇ ਚਿੱਤਰਕਲਾ ਦਾ ਨਿਰਮਾਣ ਵੀ ਅਧਿਆਤਮਿਕ ਵਾਯੂਮੰਡਲ ਪੈਦਾ ਕਰਦਾ ਹੈ।ਉਨ੍ਹਾਂ ਕਿਹਾ ਕਿ ਪੁਰਾਤਨ ਮੀਨਾਕਾਰੀ ਸਮੇਂ ਕਲਾਕਾਰਾਂ ਵੱਲੋਂ ਕਲਾਕ੍ਰਿਤਾਂ ਵਿੱਚ ਸਾਧਕਾਂ, ਸੰਤਾਂ-ਮਹਾਂਪੁਰਸ਼ਾਂ ਅਤੇ ਅਧਿਆਤਮਿਕ ਮਾਰਗ ‘ਤੇ ਚੱਲਦੇ ਰਿਸ਼ੀਆਂ-ਮੁਨੀਆਂ ਨੂੰ ਚਿਤਰਿਆ ਜਾਂਦਾ ਸੀ।ਅਜਿਹੀਆਂ ਕਲਾਕ੍ਰਿਤਾ ਕੇਵਲ ਅਧਿਆਤਮਿਕ ਵਾਤਾਵਰਣ ਸਿਰਜਣ ਲਈ ਹੀ ਬਣਾਈਆਂ ਜਾਂਦੀਆਂ ਸਨ ਨਾ ਕਿ ਕਿਸੇ ਖਾਸ ਧਰਮ ਦੀ ਪੇਸ਼ਕਾਰੀ ਲਈ।ਉਨ੍ਹਾਂ ਕਿਹਾ ਕਿ ਅੱਜ ਕੁਝ ਲੋਕਾਂ ਦਾ ਮਕਸਦ ਭਾਵਨਾ ਸਮਝਣ ਦੀ ਥਾਂ ਆਪ ਹੁਦਰੇ ਅਰਥ ਕੱਢਣ ਵੱਲ ਕੇਂਦਰਤ ਹੋ ਗਿਆ ਹੈ।
ਉਨ੍ਹਾਂ ਕਿਹਾ ਕਿ ਜੇਕਰ ਇਹ ਮਸਲਾ ਕਿਸੇ ਦੀ ਕੁਤਾਹੀ ਨਾਲ ਜੁੜਿਆ ਹੁੰਦਾ ਤਾਂ ਉਹ ਕਾਰਵਾਈ ਕਰਨ ਤੋਂ ਗੁਰੇਜ ਨਾ ਕਰਦੇ, ਪਰ ਇਹ ਤਾਂ ਪੁਰਾਤਨਤਾ ਨੂੰ ਹੂਬਹੂ ਕਾਇਮ ਰੱਖਦਿਆਂ ਕਲਾਕ੍ਰਿਤਾਂ ਨੂੰ ਸੰਭਾਲਿਆ ਜਾ ਰਿਹਾ ਹੈ।ਉਨ੍ਹਾਂ ਵਿਵਾਦ ਨੂੰ ਹਵਾ ਦੇਣ ਵਾਲਿਆਂ ਨੂੰ ਸਲਾਹ ਦਿੰਦਿਆਂ ਕਿਹਾ ਕਿ ਅਜਿਹੇ ਲੋਕਾਂ ਨੂੰ ਬਿਆਨ ਦੇਣ ਤੋਂ ਪਹਿਲਾਂ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨੇ ਚਾਹੀਦੇ ਹਨ ਅਤੇ ਅੰਤਰੀਵ ਭਾਵਨਾ ਨਾਲ ਕਲਾਕ੍ਰਿਤਾਂ ਨੂੰ ਨਿਹਾਰਨਾ ਚਾਹੀਦਾ ਹੈ।ਉਨ੍ਹਾਂ ਇਹ ਵੀ ਕਿਹਾ ਕਿ ਅਜਿਹੇ ਲੋਕਾਂ ਨੂੰ ਗੁਰਬਾਣੀ ਦੀ ਵਿਚਾਰਧਾਰਾ ‘ਤੇ ਅਮਲ ਕਰਦਿਆਂ ਮਾਨਵ ਸਰੋਕਾਰਾਂ ਨੂੰ ਅਮਲੀ ਜੀਵਨ ਦਾ ਹਿੱਸਾ ਬਣਾਉਣਾ ਚਾਹੀਦਾ ਹੈ।ਉਨ੍ਹਾਂ ਕਿਹਾ ਕਿ ਵਿਵਾਦ ਹਰ ਮਸਲੇ ਦਾ ਹੱਲ ਨਹੀਂ ਹੁੰਦਾ, ਸਗੋਂ ਯਥਾਰਥ ਨੂੰ ਸਵੀਕਾਰ ਕਰਨਾ ਹੀ ਸਿਆਣਪ ਹੈ।