ਅੰਮ੍ਰਿਤਸਰ 27 ਅਪ੍ਰੈਲ ( ) ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਡਾਇਰੈਕਟੋਰੇਟ, ਸੱਭਿਆਚਾਰਕ ਮਾਮਲੇ, ਪੁਰਾਤੱਤਵ ਅਤੇ ਅਜਾਇਬ ਘਰ ਪੰਜਾਬ, ਪੁਰਾਲੇਖ ਭਵਨ, ਚੰਡੀਗੜ੍ਹ ਨੂੰ ਪੱਤਰ ਲਿਖਦਿਆਂ ਮੰਗ ਕੀਤੀ ਕਿ ਸਧਨਾ ਭਗਤ ਦੀ ਇਤਿਹਾਸਕ ਯਾਦਗਾਰ ਜੋ ਸ੍ਰੀ ਫਤਹਿਗੜ੍ਹ ਸਾਹਿਬ ਵਿਖੇ ਸਥਿਤ ਹੈ ਦੀ ਸਾਂਭ-ਸੰਭਾਲ ਵੱਲ ਉਚੇਚੇ ਤੌਰ ‘ਤੇ ਧਿਆਨ ਦਿੱਤਾ ਜਾਵੇ।
ਇਥੋਂ ਜਾਰੀ ਪ੍ਰੈਸ ਨੋਟ ‘ਚ ਉਨ੍ਹਾਂ ਕਿਹਾ ਕਿ ਸਧਨਾ ਭਗਤ ਜੀ ਦੀ ਯਾਦਗਾਰ ਨਾਲ ਸਮੂਹ ਸਿੱਖ ਜਗਤ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਹਨ ਕਿਉਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸਧਨਾ ਭਗਤ ਜੀ ਦੀ ਬਾਣੀ ਦਰਜ ਹੈ।ਉਨ੍ਹਾਂ ਕਿਹਾ ਕਿ ਸਧਨਾ ਭਗਤ ਦੀ ਯਾਦਗਾਰ ਵਾਸਤੇ ਕੇਂਦਰ ਸਰਕਾਰ ਵੱਲੋਂ ਵੀ ਰਕਮ ਮਨਜ਼ੂਰ ਹੋ ਚੁੱਕੀ ਹੈ।ਉਨ੍ਹਾਂ ਡਾਇਰੈਕਟੋਰੇਟ ਮਹਿਕਮੇ ਨੂੰ ਜ਼ੋਰ ਦੇ ਕੇ ਕਿਹਾ ਕਿ ਸਧਨਾ ਭਗਤ ਜੀ ਦੀ ਯਾਦਗਾਰ ਦੀ ਹਾਲਤ ਠੀਕ ਨਹੀਂ ਹੈ ਇਸ ਦੀ ਤੁਰੰਤ ਮੁਰੰਮਤ ਕਰਵਾਈ ਜਾਵੇ ਅਤੇ ਇਸ ਦੀ ਸਾਂਭ-ਸੰਭਾਲ ਲਈ ਠੋਸ ਕਦਮ ਚੁੱਕੇ ਜਾਣ।