ਅੰਮ੍ਰਿਤਸਰ, 8 ਅਕਤੂਬਰ- ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸ੍ਰੀ ਅੰਮ੍ਰਿਤਸਰ ਦੇ ੧੨ ਗੇਟਾਂ ਨੂੰ ਸਜਾਵਟ ਕਰਨ ਦੀ ਸੇਵਾ ਦਿੱਲੀ ਨਿਵਾਸੀ ਬੀਬੀ ਰਾਣੀ ਕੌਰ ਵੱਲੋਂ ਕਰਵਾਈ ਜਾਵੇਗੀ। ਸ਼੍ਰੋਮਣੀ ਕਮੇਟੀ ਦਫ਼ਤਰ ਵਿਖੇ ਮੁੱਖ ਸਕੱਤਰ ਡਾ. ਰੂਪ ਸਿੰਘ ਨਾਲ ਮੁਲਾਕਾਤ ਦੌਰਾਨ ਸ੍ਰੀ ਗੁਰੂ ਰਾਮਦਾਸ ਸੇਵਕ ਜਥਾ ਦਿੱਲੀ ਦੀ ਮੁੱਖ ਸੇਵਾਦਾਰ ਬੀਬੀ ਰਾਣੀ ਕੌਰ ਨੇ ਇਹ ਸੇਵਾ ਕਰਵਾਉਣ ਦਾ ਪ੍ਰਗਟਾਵਾ ਕੀਤਾ। ਡਾ. ਰੂਪ ਸਿੰਘ ਨੇ ਦੱਸਿਆ ਕਿ ਬੀਬੀ ਰਾਣੀ ਕੌਰ ਵੱਲੋਂ ਪਿਛਲੇ ੨੧ ਸਾਲਾਂ ਤੋਂ ਹਰ ਮਹੀਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸਮੇਤ ਹੋਰ ਪਾਵਨ ਇਤਿਹਾਸਕ ਅਸਥਾਨਾਂ ‘ਤੇ ਬਰਾਸੋ ਦੀ ਸੇਵਾ ਕਰਵਾਈ ਜਾਂਦੀ ਹੈ। ਇਸ ਮੌਕੇ ਸ਼੍ਰੋਮਣੀ ਕਮੇਟੀ ਵੱਲੋਂ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਬੀਬੀ ਰਾਣੀ ਕੌਰ ਨੂੰ ਗੁਰੂ ਬਖ਼ਸ਼ਿਸ਼ ਸਿਰੋਪਾਓ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਤਸਵੀਰ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਬੀਬੀ ਰਾਣੀ ਕੌਰ ਨੇ ਕਿਹਾ ਕਿ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਦੀਆਂ ਸਾਡੇ ‘ਤੇ ਅਪਾਰ ਬਖ਼ਸ਼ਿਸ਼ਾਂ ਹਨ, ਅਤੇ ਉਨ੍ਹਾਂ ਦੇ ਪ੍ਰਕਾਸ਼ ਪੁਰਬ ਮੌਕੇ ਅਸੀਂ ਸੇਵਾ ਕਰਕੇ ਉਨ੍ਹਾਂ ਦਾ ਸ਼ੁਕਰਾਨਾ ਕਰ ਸਕਦੇ ਹਾਂ। ਉਨ੍ਹਾਂ ਕਿਹਾ ਕਿ ਇਹ ਉਨ੍ਹਾਂ ਲਈ ਕਿਸੇ ਵੱਡੀ ਕਿਰਪਾ ਤੋਂ ਘੱਟ ਨਹੀਂ ਹੈ ਕਿ ਉਨ੍ਹਾਂ ਨੂੰ ਪ੍ਰਕਾਸ਼ ਪੁਰਬ ਮੌਕੇ ਸਜਾਏ ਜਾਣ ਵਾਲੇ ਨਗਰ ਕੀਰਤਨ ਦੇ ਸਮੇਂ ਸਜਾਵਟ ਅਤੇ ਦੀਪਮਾਲਾ ਦੀ ਸੇਵਾ ਪ੍ਰਾਪਤ ਹੋਈ ਹੈ। ਇਸ ਮੌਕੇ ਸ. ਕੇਵਲ ਸਿੰਘ ਬਾਦਲ, ਸਕੱਤਰ ਸ. ਮਨਜੀਤ ਸਿੰਘ ਬਾਠ, ਬੀਬੀ ਪਰਮਜੀਤ ਕੌਰ ਪਿੰਕੀ, ਸ. ਪਰਮਦੀਪ ਸਿੰਘ ਇੰਚਾਰਜ ਅਮਲਾ, ਸ. ਹਰਮੀਤ ਸਿੰਘ ਆਦਿ ਮੌਜੂਦ ਸਨ।