ਅੰਮ੍ਰਿਤਸਰ ੨੬ ਜੁਲਾਈ (        ) ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬਠਿੰਡਾ ਤੇ ਜੈਪੁਰ ਦੇ ਸਕੂਲਾਂ ਵਿਚ ਪ੍ਰੀ-ਮੈਡੀਕਲ ਦੀ ਪ੍ਰੀਖਿਆ ਵਿੱਚ ਅੰਮ੍ਰਿਤਧਾਰੀ ਵਿਦਿਆਰਥੀਆਂ ਨੂੰ ਕਕਾਰ ਪਹਿਣ ਕੇ ਪ੍ਰੀਖਿਆ ਵਿਚ ਜਾਣ ਤੋਂ ਰੋਕਣ ਤੇ ਸਖ਼ਤ ਨੋਟਿਸ ਲਿਆ ਹੈ। ਦਫ਼ਤਰ ਤੋਂ ਪ੍ਰੈਸ ਦੇ ਨਾਮ ਬਿਆਨ ਜਾਰੀ ਕਰਦਿਆਂ ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਕੇਂਦਰੀ ਸਕੂਲ-੧ ਬਠਿੰਡਾ ਕੈਂਟ ਵਿਖੇ ਇਕ ਪੀ ਐਮ ਟੀ ਦੀ ਪ੍ਰੀਖਿਆ ਦੇਣ ਗਏ ਲੁਧਿਆਣੇ ਦੇ ਵਿਦਿਆਰਥੀ ਸ੍ਰ: ਧਰਮਵੀਰ ਸਿੰਘ ਸਪੁੱਤਰ ਸ੍ਰ: ਜੋਗਾ ਸਿੰਘ ਅਤੇ ਇਕ ਹੋਰ ਬੱਚੀ ਬੀਬਾ ਹਰਸਿਮਰਤ ਕੌਰ ਨੂੰ ਕਕਾਰ ਪਹਿਣ ਕੇ ਪ੍ਰੀਖਿਆ ਵਿਚ ਜਾਣ ਤੋਂ ਪ੍ਰਬੰਧਕਾਂ ਵੱਲੋਂ ਰੋਕਣ ਅਤੇ ਇਸੇ ਤਰ੍ਹਾਂ ਜੈਪੁਰ ਵਿਖੇ ਅਲਵਰ ਦੇ ਵਿਦਿਆਰਥੀ ਸ੍ਰ: ਜਗਜੀਤ ਸਿੰਘ ਦਾ ਕੜ੍ਹਾ ਤੇ ਕ੍ਰਿਪਾਨ ਜਬਰੀ ਉਤਰਵਾਉਣ ਦੀ ਘਿਨਾਉਣੀ ਕਾਰਵਾਈ ਕਰਨ ਵਾਲਿਆਂ ਦੀ ਪੜ੍ਹਤਾਲ ਕਰਵਾ ਕੇ ਉਨ੍ਹਾਂ ਤੇ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਕਲਗੀਧਰ ਦਸਮੇਸ਼ ਪਿਤਾ ਵੱਲੋਂ ੧੬੯੯ ਈਸਵੀ ਵਿੱਚ ਆਪਣੇ ਖਾਲਸੇ ਨੂੰ ਅੰਮ੍ਰਿਤਪਾਨ ਕਰਵਾ ਕੇ ਇਕ ਖਾਸ ਪਹਿਚਾਣ ਦਿੱਤੀ ਗਈ ਸੀ ਤੇ ਉਸ ਨੂੰ ਪੰਜ ਕਕਾਰ ਪਹਿਨਣ ਦਾ ਉਪਦੇਸ਼ ਦਿੱਤਾ ਗਿਆ ਸੀ। ਪਰੰਤੂ ਕੁਝ ਸਿਰਫਿਰੇ ਵਿਅਕਤੀਆਂ ਵੱਲੋਂ ਆਏ ਦਿਨ ਜਾਣ ਬੁੱਝ ਕੇ ਐਸੀਆਂ ਮੰਦ ਭਾਗੀਆਂ ਕਾਰਵਾਈਆਂ ਨੂੰ ਅੰਜਾਮ ਦਿੱਤਾ ਜਾਂਦਾ ਹੈ ਜੋ ਉਚਿੱਤ ਨਹੀਂ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਦੇਸ਼-ਵਿਦੇਸ਼ ਵਿਚ ਰਹਿੰਦੇ ਸਮੁੱਚੇ ਸਿੱਖ ਭਾਈਚਾਰੇ ਵਿਚ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਲੋਕਾਂ ਵੱਲੋਂ ਐਸੀਆਂ ਕਾਰਵਾਈਆਂ ਕਰਨ ਤੇ ਦੇਸ਼ ਵਿਚ ਅਸ਼ਾਂਤੀ ਫੈਲਾਉਣ ਦੇ ਕੋਝੇ ਯਤਨਾਂ ਨੂੰ ਕਦੇ ਵੀ ਸਫ਼ਲ ਨਹੀਂ ਹੋਣ ਦਿੱਤਾ ਜਾਵੇਗਾ। ਉਨ੍ਹਾਂ ਕੇਂਦਰ ਅਤੇ ਸਮੁੱਚੀਆਂ ਸੂਬਾ ਸਰਕਾਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਪਹਿਲ ਦੇ ਅਧਾਰ ਤੇ ਸਕੂਲ ਬੋਰਡਾਂ ਅਤੇ ਯੂਨੀਵਰਸਟੀਆਂ ਨੂੰ ਆਦੇਸ਼ ਦੇਣ ਕਿ ਉਹ ਐਸੇ ਕਾਨੂੰਨ ਨਾ ਬਨਾਉਣ ਜਿਸ ਨਾਲ ਕਿਸੇ ਵੀ ਧਰਮ ਦੇ ਵਿਅਕਤੀ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੇ। ਉਨ੍ਹਾਂ ਕਿਹਾ ਕਿ ਭਾਰਤ ਇਕ ਬਹੁ ਧਰਮੀ ਦੇਸ਼ ਹੈ ਅਤੇ ਇਥੇ ਹਰ ਧਰਮ ਦਾ ਸਤਿਕਾਰ ਹੋਣਾ ਚਾਹੀਦਾ ਹੈ।