ਅੰਮ੍ਰਿਤਸਰ, 24 ਮਈ – ਜੂਨ ੧੯੮੪ ਦੇ ਘੱਲੂਘਾਰੇ ਦੌਰਾਨ ਸਿੱਖ ਕੌਮ ਦੇ ਮਹਾਨ ਸ਼ਹੀਦਾਂ ਦੀਆਂ ਤਸਵੀਰਾਂ ਲਗਾਉਣ ਲਈ ਕੇਂਦਰੀ ਸਿੱਖ ਅਜਾਇਬ ਘਰ ਸ੍ਰੀ ਅੰਮ੍ਰਿਤਸਰ ਵਿਖੇ ਵੱਖਰਾ ਅਤੇ ਢੁੱਕਵਾਂ ਸਥਾਨ ਮੁਹੱਈਆ ਕਰਵਾਉਣ ਲਈ ਗਿਆਨੀ ਹਰਨਾਮ ਸਿੰਘ ਖਾਲਸਾ ਮੁਖੀ ਦਮਦਮੀ ਟਕਸਾਲ ਨੇ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰੋ: ਕਿਰਪਾਲ ਸਿੰਘ ਬਡੂੰਗਰ ਨੂੰ ਇੱਕ ਮੰਗ ਪੱਤਰ ਸੌਂੋਪਿਆ। ਦਫਤਰ ਸ਼੍ਰੋਮਣੀ ਕਮੇਟੀ ਵਿਖੇ ਪ੍ਰਧਾਨ ਪ੍ਰੋ: ਕਿਰਪਾਲ ਸਿੰਘ ਬਡੂੰਗਰ ਨੂੰ ਗਿਆਨੀ ਹਰਨਾਮ ਸਿੰਘ ਖਾਲਸਾ ਵੱਲੋਂ ਦਿੱਤੇ ਗਏ ਮੰਗ ਪੱਤਰ ਵਿਚ ਮੰਗ ਕੀਤੀ ਗਈ ਕਿ ਦਮਦਮੀ ਟਕਸਾਲ ਦੇ ਕੇਂਦਰੀ ਸਥਾਨ ਗੁਰਦਰਸ਼ਨ ਪ੍ਰਕਾਸ਼ ਮਹਿਤਾ ਵਿਖੇ ਗਿਆਨੀ ਹਰਨਾਮ ਸਿੰਘ ਖਾਲਸਾ ਮੁਖੀ ਦਮਦਮੀ ਟਕਸਾਲ ਪ੍ਰਧਾਨ ਗੁਰਮਤਿ ਸਿਧਾਂਤ ਪ੍ਰਚਾਰਕ ਸੰਤ ਸਮਾਜ ਨੇ ੧੯੮੪ ਵਿਚ ਹੋਏ ਘੱਲੂਘਾਰੇ ਦੇ ਸਮੂਹ ਸ਼ਹੀਦਾਂ ਦੀ ਯਾਦ ਵਿਚ ੬ ਜੂਨ ੨੦੧੬ ਨੂੰ ੩੨ਵੇਂ ਸ਼ਹੀਦੀ ਸਮਾਗਮ ਦੌਰਾਨ ਸਰਬਸੰੰਮਤੀ ਨਾਲ ਇਹ ਮਤਾ ਪਾਸ ਕੀਤਾ ਸੀ ਕਿ ਭਾਰਤੀ ਹਕੂਮਤ ਵੱਲੋਂ ੬ ਜੂਨ ੧੯੮੪ ਮੌਕੇ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ‘ਤੇ ਕੀਤੇ ਹਮਲੇ ਦੌਰਾਨ, ਤੋਪਾਂ, ਟੈਂਕਾਂ ਦਾ ਦ੍ਰਿੜ੍ਹਤਾ ਨਾਲ ਮੁਕਾਬਲਾ ਕਰਦਿਆਂ ਗੁਰਧਾਮਾਂ ਦੀ ਰੱਖਿਆ ਖਾਤਰ ਲਾਸਾਨੀ ਕੁਰਬਾਨੀਆਂ ਕਰਨ ਵਾਲੇ ਅਮਰ ਸ਼ਹੀਦ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਤੇ ਉਨ੍ਹਾਂ ਦੇ ਸਹਿਯੋਗ ਸ਼ਹੀਦ ਭਾਈ ਅਮਰੀਕ ਸਿੰਘ ਪ੍ਰਧਾਨ ਆਲ ਇੰਡੀਆ ਸਟੂਡੈਂਟ ਫੈਡਰੇਸ਼ਨ, ਸ਼ਹੀਦ ਜਨਰਲ ਸੁਬੇਗ ਸਿੰਘ, ਸ਼ਹੀਦ ਬਾਬਾ ਠਾਰਾ ਸਿੰਘ ਅਤੇ ਘੱਲੂਘਾਰੇ ਨਾਲ ਸਬੰਧਤ ਮਹਾਨ ਸ਼ਹੀਦਾਂ, ਸੂਰਬੀਰ ਯੋਧਿਆਂ ਦੀਆਂ ਤਸਵੀਰਾਂ ਅਤੇ ਹੋਰ ਸਬੰਧਤ ਤਸਵੀਰਾਂ ਜਿਨ੍ਹਾਂ ਵਿਚ ਨੁਕਸਾਨੇ ਗਏ ਸ੍ਰੀ ਅਕਾਲ ਤਖਤ ਸਾਹਿਬ ਸ੍ਰੀ ਦਰਬਾਰ ਸਾਹਿਬ ਅਤੇ ਦਰਸ਼ਨੀ ਡਿਉੜੀ ‘ਤੇ ਲੱਗੀਆਂ ਗੋਲੀਆਂ ਦੇ ਨਿਸ਼ਾਨ, ਫੌਜ ਵੱਲੋਂ ਕੀਤੀਆਂ ਗਈਆਂ ਵਧੀਕੀਆਂ ਵਾਲੀਆਂ ਤਸਵੀਰਾਂ ਕੇਂਦਰੀ ਸਿੱਖ ਅਜਾਇਬ ਘਰ ਸ੍ਰੀ ਅੰਮ੍ਰਿਤਸਰ ਵਿਖੇ ਲਗਾਉਣ ਲਈ ਇੱਕ ਢੁੱਕਵੀਂ ਜਗ੍ਹਾ ਦਾ ਪ੍ਰਬੰਧ ਕਰਨ ਲਈ ਸ਼੍ਰੋਮਣੀ ਕਮੇਟੀ ਨੂੰ ਮੰਗ ਪੱਤਰ ਦਿੱਤਾ ਜਾਵੇ। ਇਹ ਮੰਗ ਪੱਤਰ ਦੇਣ ਮੌਕੇ ਜਨਰਲ ਸਕੱਤਰ ਭਾਈ ਅਮਰਜੀਤ ਸਿੰਘ ਚਾਵਲਾ, ਅੰਤ੍ਰਿੰਗ ਮੈਂਬਰ ਭਾਈ ਗੁਰਚਰਨ ਸਿੰਘ ਗਰੇਵਾਲ ਤੇ ਭਾਈ ਰਾਮ ਸਿੰਘ, ਮੈਂਬਰ ਸ. ਗੁਰਿੰਦਰਪਾਲ ਸਿੰਘ ਗੋਰਾ ਅਤੇ ਹੋਰ ਹਾਜ਼ਰ ਸਨ।