ਅੰਮ੍ਰਿਤਸਰ, ੨੦ ਜੁਲਾਈ:- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ: ਕਿਰਪਾਲ ਸਿੰਘ ਬਡੂੰਗਰ ਨੇ ਗੜ੍ਹਸ਼ੰਕਰ ਦੇ ਪਿੰਡ ਪਦਰਾਣਾ ਦੇ ਗੁਰਦੁਆਰਾ ਸ੍ਰੀ ਰਵਿਦਾਸ ਜੀ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਅਗਨ ਭੇਟ ਹੋਣ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਕਿਹਾ ਕਿ ਗੁਰਦੁਆਰਾ ਸਾਹਿਬ ਦੇ ਅੰਦਰ ਵਾਪਰਦੀਆਂ ਅੱਗ ਲੱਗਣ ਦੀਆਂ ਘਟਨਾਵਾਂ ਪ੍ਰਬੰਧਕ ਕਮੇਟੀਆਂ ਦੀ ਅਣਗਿਹਲੀ ਦਾ ਨਤੀਜਾ ਹਨ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਖਬਾਰਾਂ ਰਾਹੀਂ ਬਾਰ-ਬਾਰ ਸਮੂਹ ਗੁਰਦੁਆਰਾ ਕਮੇਟੀਆਂ ਦੇ ਪ੍ਰਬੰਧਕਾਂ ਨੂੰ ਪ੍ਰਬੰਧਾਂ ਸਬੰਧੀ ਸੁਚੇਤ ਹੋਣ ਲਈ ਅਪੀਲਾਂ ਕੀਤੀਆਂ ਜਾਂਦੀਆਂ ਹਨ ਅਤੇ ਕਈ ਵਾਰ ਅਜਿਹੀਆਂ ਹਿਰਦੇਵੇਦਕ ਘਟਨਾਵਾਂ ਵਾਪਰਨ ਦੇ ਬਾਅਦ ਵੀ ਪ੍ਰਬੰਧਕ ਕਮੇਟੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੇਵਾ-ਸੰਭਾਲ ਕਰਨ ਵਿਚ ਅਸਫਲ ਹੋਈਆਂ ਹਨ। ਉਨ੍ਹਾਂ ਕਿਹਾ ਕਿ ਘਰਾਂ ਵਿਚ ਤਾਂ ਕਦੇ ਸ਼ਾਰਟ ਸਰਕਟ ਨਾਲ ਜਾਨ-ਮਾਲ ਦਾ ਨੁਕਸਾਨ ਨਹੀਂ ਹੁੰਦਾ ਫਿਰ ਗੁਰੂ ਘਰਾਂ ਵਿਚ ਹੀ ਕਿਉਂ ਸ਼ਾਰਟ ਸਰਕਟ ਜਿਹੀਆਂ ਘਟਨਾਵਾਂ ਵਾਪਰਦੀਆਂ ਹਨ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਪ੍ਰਤੀ ਸਾਡੇ ਵਿਸ਼ਵਾਸ ਤੇ ਸਤਿਕਾਰ ਵਿਚ ਕਦੇ ਕਮੀ ਨਹੀਂ ਆਉਣੀ ਚਾਹੀਦੀ। ਸ੍ਰੀ ਗੁਰੂ ਗ੍ਰੰਥ ਸਾਹਿਬ ਸਾਡੇ ਜਾਗਤ ਜੋਤਿ ਗੁਰੂ ਹਨ ਇਸ ਲਈ ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧਾਂ ਪ੍ਰਤੀ ਸਾਨੂੰ ਪੂਰਨ ਸੁਚੇਤ ਹੋਣਾ ਚਾਹੀਦਾ ਹੈ।
ਪ੍ਰੋ: ਬਡੂੰਗਰ ਨੇ ਪ੍ਰਬੰਧਕ ਕਮੇਟੀਆਂ ਨੂੰ ਇਕ ਵਾਰ ਫਿਰ ਅਪੀਲ ਕਰਦਿਆਂ ਕਿਹਾ ਕਿ ਗੁਰਦੁਆਰਾ ਸਾਹਿਬਾਨ ਵਿਚ ਬਿਜਲਈ ਉਪਕਰਨਾਂ ਦੀ ਚੰਗੀ ਤਰ੍ਹਾਂ ਜਾਂਚ ਕਰਵਾਉਣ ਅਤੇ ਢਿੱਲੀਆਂ ਤਾਰਾਂ ਨੂੰ ਜਲਦ ਬਦਲਣ ਤਾਂ ਜੋ ਅਜਿਹੀਆਂ ਘਟਨਾਵਾਂ ਰੋਕੀਆਂ ਜਾ ਸਕਣ। ਉਨ੍ਹਾਂ ਨੌਜੁਆਨਾਂ ਤੇ ਸੰਗਤਾਂ ਨੂੰ ਵੀ ਅਪੀਲ ਕੀਤੀ ਕਿ ਪ੍ਰਬੰਧਕ ਕਮੇਟੀਆਂ ਵਿਚਲੇ ਢਿੱਲੇ ਪ੍ਰਬੰਧ ਨੂੰ ਸੁਧਾਰਨ ਲਈ ਅੱਗੇ ਆਉਣ ਕਿਉਂਕਿ ਪ੍ਰਬੰਧਕ ਕਮੇਟੀਆਂ ਦੇ ਅਵੇਸਲੇਪਣ ਕਾਰਨ ਹੀ ਅਜਿਹੀਆਂ ਘਟਨਾਵਾਂ ਵਾਪਰ ਰਹੀਆਂ ਹਨ।