ਸ਼੍ਰੋਮਣੀ ਕਮੇਟੀ ਕਾਨੂੰਨੀ ਲੜਾਈ ਵਿਚ ਪੀੜਤ ਪਰਿਵਾਰਾਂ ਨੂੰ ਸਹਾਇਤਾ ਕਰੇਗੀ

ਅੰਮ੍ਰਿਤਸਰ 21 ਸਤੰਬਰ – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ: ਕਿਰਪਾਲ ਸਿੰਘ ਬਡੂੰਗਰ ਨੇ ਦਿੱਲੀ ਵਿਖੇ ਦੋ ਸਿੱਖ ਨੌਜੁਆਨਾਂ ਉਪਰ ਹੋਏ ਹਮਲੇ ਵਿਚ ਇੱਕ ਨੌਜੁਆਨ ਨੂੰ ਕਤਲ ਕਰਨ ਅਤੇ ਦੂਜੇ ਨੂੰ ਗੰਭੀਰ ਰੂਪ ਵਿਚ ਜ਼ਖਮੀ ਕਰਨ ਦੀ ਕਰੜੇ ਸ਼ਬਦਾਂ ਵਿਚ ਨਿਖੇਧੀ ਕਰਦਿਆਂ ਕਿਹਾ ਕਿ ਭਾਰਤ ਦੀ ਰਾਜਧਾਨੀ ਵਿਚ ਹੋਏ ਇਸ ਕਾਰੇ ਨੇ ਲੋਕਤੰਤਰ ਨੂੰ ਇੱਕ ਵਾਰ ਫਿਰ ਸ਼ਰਮਸਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਘਟਨਾ ਮਾਨਵਤਾ ਦੇ ਮੱਥੇ ‘ਤੇ ਕਲੰਕ ਹੈ। ਪ੍ਰੋ: ਬਡੂੰਗਰ ਨੇ ਆਖਿਆ ਕਿ ਸਿੱਖ ਨੌਜੁਆਨਾਂ ਵੱਲੋਂ ਸਿਗਰਟ ਦਾ ਧੂੰਆਂ ਉਨ੍ਹਾਂ ਉਪਰ ਸੁੱਟਣ ਦਾ ਵਿਰੋਧ ਕਰਨ ‘ਤੇ ਉਨ੍ਹਾਂ ਵਿਰੁੱਧ ਨਸਲੀ ਟਿੱਪਣੀਆਂ ਅਤੇ ਸਿੱਖ ਵਿਰੋਧੀ ਸ਼ਬਦ ਬੋਲਣ ਵਾਲੇ ਰੋਹਿਤ ਕ੍ਰਿਸ਼ਨਾ ਮਹੰਤਾ ਵਿਰੁੱਧ ਸਖਤ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਤਾਂ ਜੋ ਸਮਾਜ ਵਿਰੋਧੀ ਅਨਸਰਾਂ ਖਿਲਾਫ ਅਵਾਜ਼ ਉਠਾਉਣ ਵਾਲੇ ਲੋਕਾਂ ਅੰਦਰ ਕਾਨੂੰਨ ਪ੍ਰਤੀ ਵਿਸ਼ਵਾਸ ਦੀ ਭਾਵਨਾ ਬਣੀ ਰਹੇ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਇਸ ਹਮਲੇ ਵਿਚ ਮਾਰੇ ਗਏ ਗੁਰਪ੍ਰੀਤ ਸਿੰਘ ਤੇ ਜ਼ਖਮੀ ਮਨਿੰਦਰ ਸਿੰਘ ਦੇ ਪਰਿਵਾਰਾਂ ਨਾਲ ਪੂਰੀ ਤਰ੍ਹਾਂ ਖੜ੍ਹੀ ਹੈ ਅਤੇ ਇਸ ਮਾਮਲੇ ਵਿਚ ਪੀੜਤ ਪਰਿਵਾਰਾਂ ਨਾਲ ਕਾਨੂੰਨੀ ਲੜਾਈ ਵਿਚ ਹਰ ਤਰ੍ਹਾਂ ਦਾ ਸਹਿਯੋਗ ਵੀ ਕਰੇਗੀ। ਉਨ੍ਹਾਂ ਕਿਹਾ ਕਿ ਦਿੱਲੀ ਵਿਚ ਸਿੱਖਾਂ ਵਿਰੁੱਧ ਸ਼ਰ੍ਹੇਆਮ ਕੀਤੀ ਗਈ ਗੁੰਡਾਗਰਦੀ ਨੇ ਦਿੱਲੀ ਸਰਕਾਰ ਅਤੇ ਭਾਰਤੀ ਲੋਕਤੰਤਰ ਉਪਰ ਕਈ ਸਵਾਲ ਖੜ੍ਹੇ ਕੀਤੇ ਹਨ। ਉਨ੍ਹਾਂ ਦਿੱਲੀ ਸਰਕਾਰ ਅਤੇ ਭਾਰਤ ਸਰਕਾਰ ਕੋਲੋਂ ਮੰਗ ਕੀਤੀ ਕਿ ਕਤਲ ਕਰਨ ਵਾਲੇ ਦੋਸ਼ੀ ਨੂੰ ਸ਼ਖਤ ਤੇ ਮਿਸਾਲੀ ਸਜ਼ਾ ਦਿੱਤੀ ਜਾਵੇ ਤਾਂ ਜੋ ਦੇਸ਼ ਵਿਚ ਵੱਖ-ਵੱਖ ਥਾਵਾਂ ‘ਤੇ ਸਿੱਖਾਂ ਉਪਰ ਹੁੰਦੇ ਨਸਲੀ ਹਮਲਿਆਂ ਨੂੰ ਰੋਕਿਆ ਜਾ ਸਕੇ।