ਛੇਵੇਂ ਪਾਤਸ਼ਾਹ ਦਾ ਜੀਵਨ ਹੱਕ ਸੱਚ ਲਈ ਨਿਡਰਤਾ ਨਾਲ ਵਿਚਰਨ ਦਾ ਪ੍ਰੇਰਨਾ ਸਰੋਤ -ਪ੍ਰੋ: ਕਿਰਪਾਲ ਸਿੰਘ ਬਡੂੰਗਰ

ਅੰਮ੍ਰਿਤਸਰ, 18 ਅਕਤੂਬਰ (    ) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ: ਕਿਰਪਾਲ ਸਿੰਘ ਬਡੂੰਗਰ ਨੇ ਸਮੱੁਚੇ ਸਿੱਖ ਜਗਤ ਨੂੰ ਬੰਦੀ ਛੋੜ ਦਿਵਸ ਦੀ ਹਾਰਦਿਕ ਵਧਾਈ ਦਿੰਦਿਆਂ ਕਿਹਾ ਕਿ ਬੰਦੀ ਛੋੜ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਗਵਾਲੀਅਰ ਦੀ ਕੈਦ ਵਿਚੋਂ ਰਿਹਾਅ ਹੋ ਕੇ ਸ੍ਰੀ ਅੰਮ੍ਰਿਤਸਰ ਵਿਖੇ ਪਹੁੰਚਣ ਦੀ ਖੁਸ਼ੀ ਵਿਚ ਮਨਾਇਆ ਜਾਂਦਾ ਇਹ ਕੌਮੀ ਦਿਹਾੜਾ ਦੁਨੀਆਂ ਦੇ ਇਤਿਹਾਸ ਅੰਦਰ ਵੱਡੀ ਮਹੱਤਤਾ ਰੱਖਦਾ ਹੈ।
ਉਨ੍ਹਾਂ ਕਿਹਾ ਕਿ ਛੇਵੇਂ ਪਾਤਸ਼ਾਹ ਜੀ ਨੇ ਆਪਣੇ ਨਾਲ 52 ਰਾਜਿਆਂ ਨੂੰ ਮੁਗ਼ਲ ਕੈਦ ਵਿਚੋਂ ਰਿਹਾਅ ਕਰਵਾ ਕੇ ਬੇਮਿਸਾਲ ਪਰਉਪਕਾਰ ਦੀ ਉਦਾਹਰਨ ਪੇਸ਼ ਕੀਤੀ। ਗੁਰੂ ਸਾਹਿਬ ਦੇ ਜੀਵਨ ਵਿਚੋਂ ਸਾਨੂੰ ਹੱਕ ਸੱਚ ਦੀ ਪਹਿਰੇਦਾਰੀ ਲਈ ਨਿਡਰਤਾ ਨਾਲ ਵਿਚਰਨ ਦੀ ਪ੍ਰੇਰਨਾ ਮਿਲਦੀ ਹੈ। ਛੇਵੇਂ ਪਾਤਸ਼ਾਹ ਨੇ ਮੀਰੀ ਤੇ ਪੀਰੀ ਦੀਆਂ ਦੋ ਕਿਰਪਾਨਾਂ ਧਾਰਨ ਕਰਕੇ ਜ਼ੁਲਮ ਦੇ ਖਿਲਾਫ ਲੜਨ ਅਤੇ ਗੁਲਾਮੀ ਤੋਂ ਆਜ਼ਾਦੀ ਵੱਲ ਵੱਧਣ ਲਈ ਵਿਲੱਖਣ ਮਾਰਗ ਦਰਸਾਇਆ। ਉਨ੍ਹਾਂ ਕਿਹਾ ਕਿ ਬੰਦੀ ਛੋੜ ਦਿਵਸ ਮੌਕੇ ਜਿੱਥੇ ਅਸੀਂ ਆਪਣਾ ਚੌਗਿਰਦਾ ਦੀਪਮਾਲਾ ਨਾਲ ਰੁਸ਼ਨਾਉਣਾ ਹੈ ਉਥੇ ਹੀ ਅਸੀਂ ਸ਼ਬਦ ਗੁਰੂ ਦੀ ਸਾਧਨਾ ਦੁਆਰਾ ਮਨ ਵੀ ਰੌਸ਼ਨ ਕਰਨਾ ਹੈ।
ਪ੍ਰੋ: ਬਡੂੰਗਰ ਨੇ ਕਿਹਾ ਕਿ ਬੰਦੀ ਛੋੜ ਦਿਵਸ ਮੌਕੇ ਸਾਨੂੰ ਆਤਮ ਮੰਥਨ ਕਰਦਿਆਂ ਗੁਰਮਤਿ ਜੁਗਤਿ ਅਨੁਸਾਰ ਜੀਵਨ ਦੀ ਘਾੜਤ ਘੜਨ ਲਈ ਯਤਨਸ਼ੀਲ ਹੋਣਾ ਪਵੇਗਾ। ਪ੍ਰੋ: ਬਡੂੰਗਰ ਨੇ ਸਮੂਹ ਸੰਗਤਾਂ ਨੂੰ ਇੱਕ ਵਾਰ ਫਿਰ ਬੰਦੀ ਛੋੜ ਦਿਵਸ ਦੀ ਵਧਾਈ ਦਿੰਦਿਆਂ ਆਪਸੀ ਭਾਈਚਾਰਕ ਸਾਂਝ ਦੀਆਂ ਤੰਦਾਂ ਮਜ਼ਬੂਤ ਕਰਨ ਅਤੇ ਮਨੁੱਖਤਾ ਦੀ ਭਲਾਈ ਲਈ ਕੁਦਰਤ ਦੀ ਸਾਂਭ ਸੰਭਾਲ ਵੱਲ ਵਿਸ਼ੇਸ਼ ਧਿਆਨ ਦੇਣ ਦੀ ਅਪੀਲ ਕੀਤੀ।