ਅੰਮ੍ਰਿਤਸਰ, 17 ਨਵੰਬਰ- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ: ਕਿਰਪਾਲ ਸਿੰਘ ਬਡੂੰਗਰ ਨੇ ਅੱਜ ਡਾ. ਪਰਮਜੀਤ ਸਿੰਘ ਸਰੋਆ ਵਧੀਕ ਸਕੱਤਰ ਸ਼੍ਰੋਮਣੀ ਕਮੇਟੀ ਅਤੇ ਡਾ. ਅਮਰਜੀਤ ਸਿੰਘ ਪ੍ਰੋਫੈਸਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਸੰਪਾਦਿਤ ਪੁਸਤਕ “ਵਿਸ਼ਵ ਸ਼ਾਂਤੀ ਤੇ ਮਨੁੱਖੀ ਭਾਈਚਾਰਾ: ਸਿੱਖ ਪਰਿਪੇਖ” ਲੋਕ ਅਰਪਣ ਕੀਤੀ। ਪੁਸਤਕ ਲੋਕ ਅਰਪਣ ਕਰਨ ਉਪਰੰਤ ਪ੍ਰੋ: ਬਡੂੰਗਰ ਨੇ ਡਾ. ਸਰੋਆ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਨ੍ਹਾਂ ਵੱਲੋਂ ਬਾਬਾ ਨਿਧਾਨ ਸਿੰਘ ਜੀ ਦੀ ਸ਼ਖਸੀਅਤ ਨੂੰ ਅਕਾਦਮਿਕ ਪੱਧਰ ‘ਤੇ ਉਭਾਰਨ ਦੇ ਉਪਰਾਲੇ ਕੀਤੇ ਗਏ ਹਨ। ਇਨ੍ਹਾਂ ਦੀ ਇਹ ਪੰਜਵੀਂ ਕਿਤਾਬ ਵੀ ਇਸੇ ਉਪਰਾਲੇ ਦਾ ਹਿੱਸਾ ਹੈ। ਉਨ੍ਹਾਂ ਡਾ. ਸਰੋਆ ਵੱਲੋਂ ਦੇਸ਼-ਵਿਦੇਸ਼ ਵਿਚ ਕਰਵਾਏ ਗਏ ੧੩ ਸੈਮੀਨਾਰਾਂ ਬਾਰੇ ਕਿਹਾ ਕਿ ਖੋਜ ਪੱਤਰਾਂ ਨੂੰ ਪੁਸਤਕ ਰੂਪ ਵਿਚ ਛਪਵਾਉਣਾ ਵੀ ਪ੍ਰਸ਼ੰਸਾਯੋਗ ਹੈ।
ਦੱਸਣਯੋਗ ਹੈ ਕਿ ੧੯੦ ਪੰਨਿਆਂ ਦੀ ਇਹ ਪੁਸਤਕ ਭਾਈ ਚਤਰ ਸਿੰਘ ਜੀਵਨ ਸਿੰਘ ਵੱਲੋਂ ਪ੍ਰਕਾਸ਼ਤ ਕੀਤੀ ਗਈ ਹੈ। ਇਸ ਤੋਂ ਪਹਿਲਾਂ ਸੇਵਾ ਸਿਮਰਨ ਦੀ ਮੂਰਤ ਸੰਤ ਬਾਬਾ ਨਿਧਾਨ ਸਿੰਘ (ਜੀਵਨ ਸਿਧਾਂਤਕ ਪੱਖ), ਬਾਬਾ ਨਿਧਾਨ ਸਿੰਘ:ਜੀਵਨ ਅਤੇ ਯੋਗਦਾਨ, ਬਾਬਾ ਬੰਦਾ ਸਿੰਘ ਬਹਾਦਰ ਦੇ ਜੀਵਨ ਨਾਲ ਸਬੰਧਤ ਪ੍ਰਮੁੱਖ ਹਾਲ, ਤਿੰਨ ਸੌ ਸਵਾਲ ਅਤੇ ਲੰਗਰ ਤੇ ਦਸਵੰਧ ਸੰਸਥਾ ਦੇ ਸਮਾਜਕ ਸਰੋਕਾਰ ਪੁਸਤਕਾਂ ਲਿਖੀਆਂ ਗਈਆਂ ਹਨ। ਲੋਕ ਅਰਪਣ ਮੌਕੇ ਡਾ. ਅਮਰਜੀਤ ਸਿੰਘ, ਡਾ. ਪਰਮਜੀਤ ਸਿੰਘ ਸਰੋਆ, ਸ. ਹਰਜਾਪ ਸਿੰਘ ਸੁਲਤਾਨਵਿੰਡ ਮੈਂਬਰ ਸ਼੍ਰੋਮਣੀ ਕਮੇਟੀ, ਸ. ਸੁਖਦੇਵ ਸਿੰਘ ਭੂਰਾ ਕੋਹਨਾ ਤੇ ਸ. ਬਿਜੈ ਸਿੰਘ ਵਧੀਕ ਸਕੱਤਰ ਆਦਿ ਹਾਜ਼ਰ ਸਨ।