sਅੰਮ੍ਰਿਤਸਰ 10 ਦਸੰਬਰ (       ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ: ਕ੍ਰਿਪਾਲ ਸਿੰਘ ਬਡੂੰਗਰ ਨੇ ਫਾਜ਼ਿਲਕਾ ਨੇੜੇ ਸੰਘਣੀ ਧੁੰਦ ਕਾਰਨ ਵਾਪਰੇ ਦਰਦਨਾਕ ਸੜਕੀ ਹਾਦਸੇ ਦੌਰਾਨ ਵੱਖ-ਵੱਖ ਸਕੂਲਾਂ ਦੇ ੧੨ ਅਧਿਆਪਕਾ ਦੀ ਹੋਈ ਮੌਤ ਤੇ ਗਹਿਰੇ ਦੁੱਖ ਦਾ ਇਜ਼ਹਾਰ ਕਰਦਿਆਂ ਕਿਹਾ ਕਿ ਗਿਆਨ ਰੂਪੀ ਵਿਦਿਆ ਰਾਹੀਂ ਸਮੁੱਚੇ ਸਮਾਜ ਨੂੰ ਰੁਸ਼ਨਾਉਣ ਦਾ ਕਾਰਜ ਕਰ ਰਹੇ ਸੂਝਵਾਨ ਤੇ ਦਿਆਨਤਦਾਰ ਅਧਿਆਪਕ ਸਾਹਿਬਾਨਾਂ ਦਾ ਅਚਨਚੇਤੀ ਸੜਕੀ ਹਾਦਸੇ ਵਿੱਚ ਇਸ ਫਾਨੀ ਸੰਸਾਰ ਤੋਂ ਤੁਰ ਜਾਣਾ ਸਮੁੱਚੇ ਸਮਾਜ ਖਾਸ ਕਰਕੇ ਵਿਦਿਆਰਥੀ ਵਰਗ ਲਈ ਇਕ ਬਹੁਤ ਵੱਡਾ ਘਾਟਾ ਹੈ। ਜੋ ਕਿ ਲੰਮੇ ਸਮੇਂ ਤੱਕ ਪੂਰਾ ਨਹੀਂ ਹੋ ਸਕਦਾ।ਉਨ੍ਹਾਂ ਨੇ ਉਕਤ ਹਾਦਸੇ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਜਲਾਲਾਬਾਦ ਵਿਖੇ ਚੱਲ ਰਹੇ ਸਕੂਲ ਭਾਈ ਮਹਾਂ ਸਿੰਘ ਖਾਲਸਾ ਪਬਲਿਕ ਸਕੂਲ ਦੀ ਅਧਿਆਪਕਾ ਬੀਬੀ ਤੇਜਿੰਦਰ ਕੌਰ ਪੁੱਤਰੀ ਸ੍ਰ:ਅਵਤਾਰ ਸਿੰਘ ਦੀ ਹੋਈ ਬੇਵਕਤੀ ਮੌਤ ਤੇ ਡੂੰਘੇ ਦੁੱਖ ਦਾ ਇਜ਼ਹਾਰ ਕਰਦਿਆਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਵਿਦਿਅਕ ਅਦਾਰੇ ਵਿੱਚ ਸੇਵਾ ਨਿਭਾ ਰਹੀ ਨੇਕ ਤੇ ਸੂਝਵਾਨ ਅਧਿਆਪਕਾ ਦਾ ਅਚਨਚੇਤੀ ਇਸ ਫਾਨੀ ਸੰਸਾਰ ਤੋਂ ਰੁਖਸਤ ਹੋ ਜਾਣਾ ਸਮੁੱਚੀ ਸੰਸਥਾ ਸਮਾਜ ਅਤੇ ਭਾਈ ਮਹਾ ਸਿੰਘ ਖਾਲਸਾ ਪਬਲਿਕ ਸਕੂਲ ਦੇ ਸਟਾਫ ਮੈਬਰਾਂ ਤੇ ਵਿਦਿਆਰਥੀਆਂ ਲਈ ਬਹੁਤ ਵੱਡਾ ਘਾਟਾ ਹੈ। ਪ੍ਰੋ:ਕ੍ਰਿਪਾਲ ਸਿੰਘ ਬਡੂੰਗਰ ਨੇ ਅਧਿਆਪਕਾ ਬੀਬੀ ਤੇਜਿੰਦਰ ਕੌਰ ਦੇ ਪਰਿਵਾਰਕ ਮੈਂਬਰਾਂ ਨਾਲ ਜਿਥੇ ਆਪਣਾ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਉਨ੍ਹਾਂ ਨੂੰ ਅਕਾਲ ਪੁਰਖ ਦਾ ਭਾਣਾ ਮੰਨਣ ਤੇ ਬਾਣੀ ਦਾ ਸਿਮਰਨ ਕਰਨ ਦੀ ਤਾਕੀਦ ਕੀਤੀ ਉਥੇ ਨਾਲ ਹੀ ਅਕਾਲ ਪੁਰਖ ਅੱਗੇ ਅਰਦਾਸ ਕਰਦਿਆਂ ਵਿਛੜੀ ਆਤਮਾ ਨੂੰ ਆਪਣੇ ਚਰਨਾ ਵਿੱਚ ਨਿਵਾਸ ਬਖਸ਼ਣ ਦੀ ਕਾਮਨਾ ਕੀਤੀ। ਇਸ ਦੌਰਾਨ ਉਨ੍ਹਾਂ ਨੇ ਪਰਿਵਾਰਕ ਮੈਂਬਰਾਂ ਨਾਲ ਦਿਲੀ ਹਮਦਰਦੀ ਦਾ ਪ੍ਰਗਟਾਵਾ ਕਰਦਿਆਂ ਸ਼੍ਰੋਮਣੀ ਕਮੇਟੀ ਵੱਲੋਂ ੫੦ ਹਜਾਰ ਰੁਪਏ ਦੀ ਸਹਾਇਤਾ ਰਾਸ਼ੀ ਅਤੇ ਮ੍ਰਿਤਕ ਅਧਿਆਪਕਾ ਦੇ ਪਰਿਵਾਰ ਨਾਲ ਸਬੰਧਤ ਇੱਕ ਯੋਗ ਮੈਂਬਰ ਨੂੰ ਸ਼੍ਰੋਮਣੀ ਕਮੇਟੀ ਦੇ ਅਦਾਰੇ ਅੰਦਰ ਨੌਕਰੀ ਦੇਣ ਦਾ ਰਸਮੀ ਤੌਰ ਤੇ ਐਲਾਨ ਵੀ ਕੀਤਾ।