ਪ੍ਰੋ: ਕਿਰਪਾਲ ਸਿੰਘ ਬਡੂੰਗਰ ਨੇ ਧਾਰਮਿਕ, ਸਮਾਜਕ ਤੇ ਵਿਦਿਅਕ ਖੇਤਰਾਂ ਵਿਚ ਕੀਰਤੀਮਾਨ ਸਥਾਪਤ ਕੀਤੇ –ਡਾ. ਰੂਪ ਸਿੰਘ

ਅੰਮ੍ਰਿਤਸਰ, 08 ਨਵੰਬਰ- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ: ਕਿਰਪਾਲ ਸਿੰਘ ਬਡੂੰਗਰ ਦੀ ਅਗਵਾਈ ਵਿਚ ਮੌਜੂਦਾ ਕਾਰਜਕਾਰਨੀ ਵੱਲੋਂ ਨਿਭਾਈਆਂ ਗਈਆਂ ਪੰਥਕ ਸੇਵਾਵਾਂ ਨੂੰ ਦਰਸਾਉਂਦਾ ਸਚਿੱਤਰ ਸੋਵੀਨਰ ‘ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਸੇਵਾ ਸਰਗਰਮੀਆਂ ੨੦੧੬-੧੭’ ਅੱਜ ਇਥੇ ਜਾਰੀ ਕੀਤਾ ਗਿਆ। ਸ਼੍ਰੋਮਣੀ ਕਮੇਟੀ ਦੇ ਮੁੱਖ ਦਫਤਰ ਵਿਖੇ ਕਮੇਟੀ ਦੇ ਅਹੁਦੇਦਾਰ, ਮੈਂਬਰਾਂ ਅਤੇ ਅਧਿਕਾਰੀਆਂ ਵੱਲੋਂ ਸਾਂਝੇ ਰੂਪ ਵਿਚ ਸੋਵੀਨਰ ਜਾਰੀ ਕਰਨ ਦੀ ਰਸਮ ਨਿਭਾਈ ਗਈ।
ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਦੱਸਿਆ ਕਿ ਪਿਛਲੇ ਸਾਲ ੫ ਨਵੰਬਰ ਨੂੰ ਪ੍ਰਧਾਨ ਵਜੋਂ ਚੁਣੇ ਗਏ ਸਿੱਖ ਬੁੱਧੀਜੀਵੀ ਪ੍ਰੋ: ਕਿਰਪਾਲ ਸਿੰਘ ਬਡੂੰਗਰ ਅਤੇ ਅੰਤ੍ਰਿੰਗ ਕਮੇਟੀ ਦੇ ਅਹੁਦੇਦਾਰਾਂ ਵੱਲੋਂ ਹੁਣ ਤੀਕ ਧਾਰਮਿਕ, ਸਮਾਜਕ, ਆਰਥਕ, ਸਮਾਜ ਭਲਾਈ ਦੇ ਕੰਮਾਂ, ਵਿਦਿਅਕ ਪ੍ਰਸਾਰ ਦੇ ਖੇਤਰਾਂ ਵਿਚ ਕੀਤੇ ਗਏ ਕਾਰਜਾਂ ਨੂੰ ਪੁਸਤਕ ਰੂਪ ਵਿਚ ਪ੍ਰਕਾਸ਼ਿਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪ੍ਰੋ: ਬਡੂੰਗਰ ਵੱਲੋਂ ਅਨੇਕਾਂ ਵਿਸ਼ੇਸ਼ ਕਾਰਜ ਕੀਤੇ ਗਏ ਹਨ ਜਿਨ੍ਹਾਂ ਵਿਚੋਂ ਸੈਮੀਨਾਰ, ਧਰਮ ਪ੍ਰਚਾਰ ਲਹਿਰ, ਸਿੱਖ ਮੁੱਦਿਆਂ ਦੇ ਹੱਲ ਲਈ ਵੱਡੇ ਯਤਨ, ਸਿੱਖ ਸ਼ਖਸੀਅਤਾਂ ਤੇ ਜਰਨੈਲਾਂ ਦੀਆਂ ਤਸਵੀਰਾਂ ਕੇਂਦਰੀ ਸਿੱਖ ਅਜਾਇਬ ਘਰ ਵਿਖੇ ਸਥਾਪਤ ਕਰਨਾ ਅਹਿਮ ਹਨ। ਡਾ. ਰੂਪ ਸਿੰਘ ਨੇ ਕਿਹਾ ਕਿ ਪ੍ਰਧਾਨ ਸ਼੍ਰੋਮਣੀ ਕਮੇਟੀ ਅਤੇ ਅੰਤ੍ਰਿੰਗ ਕਮੇਟੀ ਦੇ ਅਹੁਦੇਦਾਰਾਂ ਵੱਲੋਂ ਕੀਤੇ ਗਏ ਮਹੱਤਵਪੂਰਨ ਕਾਰਜਾਂ ਨੂੰ ਰੂਪਮਾਨ ਕਰਦਾ ਇਹ ਸੇਵਾ ਸਰਗਰਮੀਆਂ ਸੋਵੀਨਰ ਤਿਆਰ ਕੀਤਾ ਗਿਆ ਹੈ ਤਾਂ ਜੋ ਸੰਗਤਾਂ ਤੇ ਪਾਠਕ ਇਸ ਤੋਂ ਲਾਹਾ ਲੈ ਸਕਣ। ਡਾ. ਰੂਪ ਸਿੰਘ ਨੇ ਕਿਹਾ ਕਿ ਅਜਿਹੇ ਸਰੋਤ ਭਵਿੱਖ ਵਿਚ ਕੌਮੀ ਕਾਰਜਾਂ ਲਈ ਪ੍ਰੇਰਨਾ ਵਜੋਂ ਅਹਿਮ ਮੰਨੇ ਜਾਂਦੇ ਹਨ। ਉਨ੍ਹਾਂ ਵਿਸ਼ੇਸ਼ ਤੌਰ ‘ਤੇ ਕਿਹਾ ਕਿ ਪ੍ਰੋ: ਕਿਰਪਾਲ ਸਿੰਘ ਬਡੂੰਗਰ ਦੀ ਅਗਵਾਈ ਵਿਚ ਸ਼੍ਰੋਮਣੀ ਕਮੇਟੀ ਨੇ ਧਾਰਮਿਕ, ਸਮਾਜਕ ਤੇ ਵਿਦਿਅਕ ਖੇਤਰਾਂ ਵਿਚ ਨਵੇਂ ਕੀਰਤੀਮਾਨ ਸਥਾਪਤ ਕੀਤੇ ਹਨ ਜਿਨ੍ਹਾਂ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ।
ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਅੰਤ੍ਰਿੰਗ ਮੈਂਬਰ ਸ. ਸੁਰਜੀਤ ਸਿੰਘ ਭਿੱਟੇਵਡ, ਮੈਂਬਰ ਭਾਈ ਰਜਿੰਦਰ ਸਿੰਘ ਮਹਿਤਾ, ਸ. ਹਰਜਾਪ ਸਿੰਘ ਸੁਲਤਾਨਵਿੰਡ, ਸ. ਭਗਵੰਤ ਸਿੰਘ ਸਿਆਲਕਾ, ਸ. ਅਜਾਇਬ ਸਿੰਘ ਅਭਿਆਸੀ, ਮੁੱਖ ਸਕੱਤਰ ਡਾ. ਰੂਪ ਸਿੰਘ, ਸਕੱਤਰ ਸ. ਅਵਤਾਰ ਸਿੰਘ ਸੈਂਪਲਾ, ਸ. ਮਨਜੀਤ ਸਿੰਘ ਤੇ ਸ. ਹਰਭਜਨ ਸਿੰਘ ਮਨਾਵਾਂ, ਵਧੀਕ ਸਕੱਤਰ ਸ. ਸੁਖਦੇਵ ਸਿੰਘ ਭੂਰਾ ਕੋਹਨਾ ਤੇ ਸ. ਬਲਵਿੰਦਰ ਸਿੰਘ ਜੌੜਾਸਿੰਘਾ, ਮੈਨੇਜਰ ਸ. ਸੁਲੱਖਣ ਸਿੰਘ ਭੰਗਾਲੀ, ਸੁਪ੍ਰਿੰਟੈਂਡੈਂਡ ਸ. ਸਤਨਾਮ ਸਿੰਘ, ਐਡੀਸ਼ਨਲ ਮੈਨੇਜਰ ਸ. ਸੁਖਬੀਰ ਸਿੰਘ, ਸਹਾਇਕ ਸੁਪ੍ਰਿੰਟੈਂਡੈਂਡ ਸ. ਮਲਕੀਤ ਸਿੰਘ ਬਹਿੜਵਾਲ ਅਤੇ ਸ਼੍ਰੋਮਣੀ ਕਮੇਟੀ ਦੇ ਅਧਿਕਾਰੀ, ਕਰਮਚਾਰੀ ਹਾਜ਼ਰ ਸਨ।