ਅੰਮ੍ਰਿਤਸਰ 24 ਮਾਰਚ (          ) –
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖ ਧਰਮ ਦੇ ਪ੍ਰਚਾਰ-ਪ੍ਰਸਾਰ ਦੇ ਨਾਲ-ਨਾਲ ਵਿੱਦਿਆ ਤੇ ਸਿਹਤ ਸਹੂਲਤਾਂ ਸਮੇਤ ਸਮਾਜ ਭਲਾਈ ਦੇ ਕਾਰਜਾਂ ਨੂੰ ਬਾਖੂਬੀ ਨਿਭਾਅ ਰਹੀ ਹੈ।ਇਸ ਸਬੰਧ ਵਿੱਚ ਵੱਖ-ਵੱਖ ਯੋਜਨਾਵਾਂ ਨੂੰ ਅਮਲ ਵਿੱਚ ਲਿਆ ਕੇ ਹਰ ਪੱਖ ਤੋਂ ਸੁਹਿਰਦ ਯਤਨ ਕੀਤੇ ਜਾ ਰਹੇ ਹਨ।ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਤ੍ਰਿੰਗ ਮੈਂਬਰ ਭਾਈ ਗੁਰਚਰਨ ਸਿੰਘ ਗਰੇਵਾਲ ਨੇ ਦਫ਼ਤਰ ਸ਼੍ਰੋਮਣੀ ਕਮੇਟੀ ਤੋਂ ਜਾਰੀ ਇਕ ਬਿਆਨ ਵਿੱਚ ਕੀਤਾ ਹੈ।

ਉਨ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਾਰਜ ਸ਼ੈਲੀ ਸਬੰਧੀ ਕੀਤੇ ਜਾ ਰਹੇ ਕੂੜ ਪ੍ਰਚਾਰ ਨੂੰ ਨਿਰਆਧਾਰ ਦੱਸਦਿਆਂ ਕਿਹਾ ਕਿ ਇਹ ਵਰਤਾਰਾ ਸਿੱਖਾਂ ਦੀ ਮਹਾਨ ਸੰਸਥਾ ਨੂੰ ਢਾਹ ਲਗਾਉਣ ਦੀਆਂ ਸੋਚੀਆਂ ਸਮਝੀਆਂ ਚਾਲਾਂ ਦਾ ਹਿੱਸਾ ਹੈ। ਭਾਈ ਗਰੇਵਾਲ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋਫੈਸਰ ਕਿਰਪਾਲ ਸਿੰਘ ਬਡੂੰਗਰ ਪ੍ਰਸਿੱਧ ਸਿੱਖ ਚਿੰਤਕ ਹੋਣ ਦੇ ਨਾਤੇ ਇਮਾਨਦਾਰਾਨਾ ਤੇ ਪੰਥਕ ਸੋਚ ਰੱਖਦੇ ਹਨ।ਉਨ੍ਹਾਂ ਕਿਹਾ ਕਿ ਪ੍ਰੋ. ਬਡੂੰਗਰ ਨੇ ਪ੍ਰਧਾਨਗੀ ਸੇਵਾ ਸੰਭਾਲਣ ਦੇ ਪਹਿਲੇ ਦਿਨ ਤੋਂ ਹੀ ਸ਼੍ਰੋਮਣੀ ਕਮੇਟੀ ਦੇ ਹਰ ਵਿਭਾਗ ਦੀ ਕਾਰਜ ਸ਼ੈਲੀ ਦਾ ਮੁਲਾਂਕਣ ਕਰਕੇ ਨਵੀਆਂ ਸੇਧਾਂ ਅਨੁਸਾਰ ਕਾਰਜ ਆਰੰਭੇ ਹਨ, ਜਿਸ ਦੀ ਸ਼ਲਾਘਾ ਪਹਿਲੇ ਦਿਨ ਤੋਂ ਹੀ ਹਰ ਵਰਗ ਵੱਲੋਂ ਕੀਤੀ ਜਾ ਰਹੀ ਹੈ।ਧਰਮ ਪ੍ਰਚਾਰ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਦਸਮ ਪਾਤਸ਼ਾਹ ਜੀ ਦੇ ਸਾਹਿਬਜਾਦਿਆਂ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ ਪ੍ਰੋ. ਕਿਰਪਾਲ ਸਿੰਘ ਬਡੂੰਗਰ ਦੀ ਅਗਵਾਈ ਵਿੱਚ ਸ਼੍ਰੋਮਣੀ ਕਮੇਟੀ ਵੱਲੋਂ ਸਕੂਲੀ ਬੱਚਿਆਂ ਨੂੰ ਗੁਰਬਾਣੀ ਨਾਲ ਜੋੜਣ ਦਾ ਵਿਸ਼ੇਸ਼ ਉਪਰਾਲਾ ਕੀਤਾ ਗਿਆ, ਜਿਸ ਵਿੱਚ ਢਾਈ ਲੱਖ ਦੇ ਲਗਭਗ ਬੱਚਿਆਂ ਦੇ ਹਿੱਸਾ ਲਿਆ।ਇਸ ਤੋਂ ਇਲਾਵਾ ਕਾਲਜ ਪੱਧਰ ਦੇ ਨੌਜਵਾਨਾਂ ਦਾ ਸ੍ਰੀ ਅਨੰਦਪੁਰ ਸਾਹਿਬ ਵਿਖੇ ਸਿੱਖ ਨੌਜਵਾਨ ਚੇਤਨਾ ਸਮਾਗਮ ਆਯੋਜਿਤ ਕੀਤਾ ਗਿਆ।

ਉਨ੍ਹਾਂ ਆਖਿਆ ਕਿ ਪ੍ਰੋ.ਬਡੂੰਗਰ ਵੱਲੋਂ ਸਿੱਖ ਕੌਮ ਅੰਦਰ ਇਕਜੁੱਟਤਾ ਤੇ ਇਕਸੁਰਤਾ ਲਈ ਵੀ ਵਿਸ਼ੇਸ਼ ਯਤਨ ਆਰੰਭੇ ਗਏ ਹਨ।ਇਸ ਤੋਂ ਇਲਾਵਾ ਵਾਤਾਵਰਨ ਦੀ ਸ਼ੁੱਧਤਾ ਲਈ ਉਪਰਾਲੇ ਕਰਨੇ, ਸਰਾਵਾਂ ਆਨਲਾਈਨ ਕਰਨੀਆਂ, ਲੰਗਰਾਂ ‘ਚ ਸਰਬਲੋਹ ਦੇ ਬਰਤਨ ਵਰਤਣ ਦਾ ਰੁਝਾਨ ਮੁੜ ਸੁਰਜੀਤ ਕਰਨਾ, ਮੁਲਾਜ਼ਮਾਂ ਲਈ ਗੁਰਮਤਿ ਟ੍ਰੇਨਿੰਗ ਸਕੂਲ ਚਲਾਉਣੇ, ਵਿੱਦਿਅਕ ਅਦਾਰਿਆਂ ਦਾ ਅਕਾਦਮਿਕ ਆਡਿਟ ਕਰਨ ਜਿਹੇ ਅਨੇਕਾਂ ਫੈਸਲੇ ਪ੍ਰੋ. ਕਿਰਪਾਲ ਸਿੰਘ ਬਡੂੰਗਰ ਦੀ ਸੁਹਿਰਦ ਸੋਚ ਦੀ ਪ੍ਰਤੀਨਿਧਤਾ ਕਰਦੇ ਹਨ।ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖ ਕੌਮ ਦੀ ਨੁਮਾਇੰਦਾ ਸੰਸਥਾ ਹੈ ਜੋ ਸੰਗਤਾਂ ਦੀਆਂ ਭਾਵਨਾਵਾਂ ‘ਤੇ ਖਰਾ ਉਤਰਨ ਲਈ ਲਗਾਤਾਰ ਕਾਰਜਸ਼ੀਲ ਹੈ।ਉਨ੍ਹਾਂ ਅਪੀਲ ਕੀਤੀ ਕਿ ਸਮੁੱਚੀਆਂ ਸਿੱਖ ਸੰਗਤਾਂ ਅਤੇ ਸਿੱਖ ਜਥੇਬੰਦੀਆਂ ਇਕਮੁੱਠ ਹੋ ਕੇ ਸਿੱਖੀ ਦੀ ਚੜ੍ਹਦੀ ਕਲਾ, ਪ੍ਰਚਾਰ-ਪ੍ਰਸਾਰ ਅਤੇ ਸੁੱਚਜੇ ਪ੍ਰਬੰਧਾਂ ਲਈ ਸਹਿਯੋਗ ਦੇਣ।