ਅੰਮ੍ਰਿਤਸਰ, ੨੦ ਜਨਵਰੀ-
ਪੰਜਾਬ ਸਰਕਾਰ ਵੱਲੋਂ ਪੰਜਾਬ ਅੰਦਰ ਹੀ ਕੀਤੀ ਜਾ ਰਹੀ ਪੰਜਾਬੀ ਦੀ ਬੇ-ਕਦਰੀ ਠੀਕ ਨਹੀਂ ਹੈ ਅਤੇ ਇਸ ਨਾਲ ਪੰਜਾਬ ਸਰਕਾਰ ਦਾ ਪੰਜਾਬੀ ਵਿਰੋਧੀ ਰਵੱਈਆ ਸਾਹਮਣੇ ਆਇਆ ਹੈ। ਆਪਣੇ ਹੀ ਸੂਬੇ ਅੰਦਰ ਮਾਂ ਬੋਲੀ ਨਾਲ ਪਰਾਇਆਂ ਵਾਲਾ ਸਲੂਕ ਕਰਨਾ ਕਿਸੇ ਵੀ ਤਰ੍ਹਾਂ ਵੀ ਜਾਇਜ਼ ਨਹੀਂ ਹੈ। ਇਹ ਪ੍ਰਗਟਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਵੱਲੋਂ ਸ਼੍ਰੋਮਣੀ ਕਮੇਟੀ ਦੇ ਬੁਲਾਰੇ ਅਤੇ ਵਧੀਕ ਸਕੱਤਰ ਸ. ਦਿਲਜੀਤ ਸਿੰਘ ਬੇਦੀ ਨੇ ਜਾਰੀ ਇਕ ਪ੍ਰੈੱਸ ਬਿਆਨ ਰਾਹੀਂ ਕੀਤਾ ਹੈ। ਉਨ੍ਹਾਂ ਕਿਹਾ ਕਿ ਹਾਲ ਹੀ ਵਿਚ ਪੰਜਾਬ ਸਰਕਾਰ ਵੱਲੋਂ ਕੀਤੇ ਗਏ ਫ਼ੈਸਲੇ ਅਨੁਸਾਰ ਮਿਡਲ ਸਕੂਲਾਂ ਵਿੱਚੋਂ ਵਾਧੂ ਸਟਾਫ਼ ਨੂੰ ਬਦਲ ਕੇ ਹੋਰਨਾਂ ਸਕੂਲਾਂ ਵਿਚ ਤਬਦੀਲ ਕਰਨ ਨਾਲ ਕਈ ਸਕੂਲਾਂ ਵਿਚ ਪੰਜਾਬੀ ਦੇ ਅਧਿਆਪਕ ਨਹੀਂ ਰਹਿਣਗੇ, ਜਿਸ ਨਾਲ ਬੱਚਿਆਂ ਨੂੰ ਪੰਜਾਬੀ ਵਿਸ਼ਾ ਹੋਰਨਾਂ ਵਿਸ਼ਿਆਂ ਦੇ ਅਧਿਆਪਕਾਂ ਨੂੰ ਪੜ੍ਹਾਉਣਾ ਪਵੇਗਾ। ਇਹ ਫ਼ੈਸਲਾ ਭਵਿੱਖ ਦੀ ਪੀੜ੍ਹੀ ਨੂੰ ਆਪਣੇ ਮਾਂ ਬੋਲੀ ਪੰਜਾਬੀ ਤੋਂ ਦੂਰ ਕਰਨ ਵਾਲਾ ਹੈ, ਜਿਸ ਦਾ ਨਤੀਜਾ ਸਾਨੂੰ ਆਉਣ ਵਾਲੇ ਸਮੇਂ ਵਿਚ ਭੁਗਤਣਾ ਪਵੇਗਾ।ਉਨ੍ਹਾਂ ਆਖਿਆ ਕਿ ਪੰਜਾਬ ਸਰਕਾਰ ਨੂੰ ਮਾਂ ਬੋਲੀ ਦੀ ਪ੍ਰਫੁੱਲਤਾ ਲਈ ਸੁਚੇਤ ਹੋਣਾ ਚਾਹੀਦਾ ਹੈ ਅਤੇ ਹਰ ਸਕੂਲ ਵਿਚ ਪੰਜਾਬੀ ਅਧਿਆਪਕਾਂ ਦੀ ਨਿਯੁਕਤੀ ਨੂੰ ਯਕੀਨੀ ਬਣਾਉਣਾ ਚਾਹੀਦਾ ਹੈ। ਉਨ੍ਹਾਂ ਪਟਿਆਲਾ ਜ਼ਿਲ੍ਹੇ ਦੇ ੧੩੦ ਪ੍ਰਾਇਮਰੀ ਸਕੂਲਾਂ ਵਿਚ ਅਗਲੇ ਸਾਲ ਤੋਂ ਹਿਸਾਬ ਅਤੇ ਵਿਗਿਆਨ ਦੀ ਪੜ੍ਹਾਈ ਦਾ ਮਾਧਿਅਮ ਪੰੰਜਾਬੀ ਦੀ ਥਾਂ ਅੰਗਰੇਜ਼ੀ ਕਰਨ ਨੂੰ ਵੀ ਮੰਦਭਾਗਾ ਕਰਾਰ ਦਿੱਤਾ ਹੈ।