ਪ੍ਰੋ. ਬਡੂੰਗਰ ਨੇ ਮੁੱਖ ਮੰਤਰੀ ਦੇ ਪਿੰ੍ਰਸੀਪਲ ਸਕੱਤਰ ਨੂੰ ਕਾਰਵਾਈ ਲਈ ਲਿਖਿਆ ਪੱਤਰ

ਅੰਮ੍ਰਿਤਸਰ, 25 ਜੂਨ- ਪੰਜਾਬ ਦੇ ਸੀ.ਬੀ.ਐੱਸ.ਈ. ਨਾਲ ਜੁੜੇ ਸਕੂਲਾਂ ਵੱਲੋਂ ਪੰਜਾਬੀ ਨੂੰ ਸਿਲੇਬਸ ਵਿੱਚੋਂ ਪਿੱਛੇ ਰੱਖਣਾ ਰਾਜ ਭਾਸ਼ਾ ਨਾਲ ਅਨਿਆਂ ਹੈ, ਜਿਸ ਦਾ ਪੰਜਾਬ ਸਰਕਾਰ ਤੁਰੰਤ ਨੋਟਿਸ ਲਵੇ। ਇਹ ਪ੍ਰਗਟਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਕੀਤਾ। ਉਨ੍ਹਾਂ ਅਖਿਆ ਕਿ ਸੀ.ਬੀ.ਐਸ.ਈ. ਦੇ ਸਿਲੇਬਸ ਅਨੁਸਾਰ ਪੜ੍ਹਾਈ ਕਰਵਾ ਰਹੇ ਪੰਜਾਬ ਦੇ ਸਕੂਲਾਂ ਵੱਲੋਂ ਪੰਜਾਬੀ ਭਾਸ਼ਾ ਨੂੰ ਨਜ਼ਰਅੰਦਾਜ਼ ਕਰਨ ‘ਤੇ ਪੰਜਾਬ ਸਰਕਾਰ ਨੂੰ ਕਾਰਵਾਈ ਕਰਨੀ ਚਾਹੀਦੀ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਰਾਜ ਭਾਸ਼ਾ ਨੂੰ ਸੂਬੇ ਵਿਚਲੇ ਸਕੂਲਾਂ ਅੰਦਰ ਯਕੀਨੀ ਬਣਾਉਣਾ ਸੂਬਾ ਸਰਕਾਰ ਦੀ ਹੀ ਜ਼ਿੰਮੇਵਾਰੀ ਹੈ। ਉਨ੍ਹਾਂ ਇਸ ਗੰਭੀਰ ਮਸਲੇ ਬਾਰੇ ਪੰਜਾਬ ਦੇ ਮੁੱਖ ਮੰਤਰੀ ਦੇ ਪਿੰ੍ਰਸੀਪਲ ਸਕੱਤਰ ਸ੍ਰੀ ਸੁਰੇਸ਼ ਕੁਮਾਰ ਆਈ.ਏ.ਐਸ. ਨੂੰ ਇਕ ਪੱਤਰ ਵੀ ਲਿਖਿਆ ਜਿਸ ਵਿਚ ਉਨ੍ਹਾਂ ਮੰਗ ਕੀਤੀ ਕਿ ਸਬੰਧਤ ਵਿਭਾਗ ਦੁਆਰਾ ਕਾਰਵਾਈ ਨੂੰ ਅਮਲ ਵਿਚ ਲਿਆ ਕੇ ਸੂਬੇ ਅੰਦਰ ਪੰਜਾਬੀ ਨੂੰ ਲਾਜ਼ਮੀ ਵਿਸ਼ੇ ਵਜੋਂ ਯਕੀਨੀ ਬਣਾਇਆ ਜਾਵੇ। ਪ੍ਰੋ. ਬਡੂੰਗਰ ਨੇ ਕਿਹਾ ਕਿ ਸੂਬੇ ਦੀ ਰਾਜ ਭਾਸ਼ਾ ਨਾਲ ਬੇਗਾਨਿਆ ਵਾਲਾ ਸਲੂਕ ਕਿਸੇ ਤਰ੍ਹਾਂ ਵੀ ਜਾਇਜ਼ ਨਹੀਂ। ਦੁੱਖ ਦੀ ਗੱਲ ਹੈ ਕਿ ਮਨੁੱਖ ਦੀ ਵਿਦਿਅਕ ਬੁਨਿਆਦ ਨਰਸਰੀ ਦੇ ਸਿਲੇਬਸ ਵਿੱਚੋਂ ਹੀ ਸੀ.ਬੀ.ਐਸ.ਈ. ਦੇ ਸਕੂਲਾਂ ਅੰਦਰ ਮਾਂ ਭਾਸ਼ਾ ਪੰਜਾਬੀ ਦੀ ਗੈਰ-ਮੌਜੂਦਗੀ ਕੀਤੀ ਜਾ ਰਹੀ ਹੈ। ਇਹ ਵਰਤਾਰਾ ਨਿੰਦਣਯੋਗ ਹੈ ਜਿਸ ‘ਤੇ ਤੁਰੰਤ ਰੋਕ ਲਗਾ ਕੇ ਪੰਜਾਬੀ ਨੂੰ ਨਰਸਰੀ ਤੋਂ ਲੈ ਕੇ ਉਪਰਲੀਆਂ ਜਮਾਤਾਂ ਤਕ ਲਾਜ਼ਮੀ ਵਿਸ਼ਾ ਬਣਾਇਆ ਜਾਵੇ।