ਪੰਥਕ ਏਕਤਾ ਲਈ ਪਾਰਟੀਬਾਜ਼ੀ ਅਤੇ ਧੜ੍ਹਿਆਂ ਦੀ ਰਾਜਨੀਤੀ ਨੂੰ ਛੱਡਣਾ ਪਵੇਗਾ-ਭਾਈ ਲੌਂਗੋਵਾਲ

ਪਿੰਡ ਦੇ ਗੁਰਦੁਆਰਾ ਸਾਹਿਬ ਲਈ ਦੀਵਾਨ ਹਾਲ ਬਣਾਉਣ ‘ਚ ਸ਼੍ਰੋਮਣੀ ਕਮੇਟੀ ਕਰੇਗੀ ਆਰਥਕ ਮੱਦਦ

ਅੰਮ੍ਰਿਤਸਰ, 24 ਮਈ- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਰੰਭੀ ਗਈ ਇੱਕ ਪਿੰਡ ਇੱਕ ਗੁਰਦੁਆਰਾ ਸਾਹਿਬ ਮੁਹਿੰਮ ਤੋਂ ਪ੍ਰੇਰਨਾ ਲੈ ਕੇ ਪੰਜ ਤੋਂ ਇੱਕ ਗੁਰਦੁਆਰਾ ਸਾਹਿਬ ਕਰਨ ਵਾਲੇ ਗੁਰਦਾਸਪੁਰ ਦੇ ਫ਼ਤਹਿਗੜ੍ਹ ਚੂੜੀਆਂ ਨੇੜਲੇ ਪਿੰਡ ਸਰਫਕੋਟ ਵਿਖੇ ਅੱਜ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਉਚੇਚੇ ਤੌਰ ‘ਤੇ ਪਹੁੰਚ ਕੇ ਸਮਾਜਿਕ ਤੇ ਪੰਥਕ ਏਕਤਾ ਲਈ ਕੀਤੇ ਉਪਰਾਲੇ ਲਈ ਪਿੰਡ ਵਾਸੀਆਂ ਨੂੰ ਸਨਮਾਨਿਤ ਕੀਤਾ। ਇਸ ਸਬੰਧ ਵਿਚ ਹਲਕੇ ਦੇ ਨੌਜੁਆਨ ਆਗੂ ਸ. ਸੁਖਵਿੰਦਰ ਸਿੰਘ ਅਗਵਾਨ ਦੇ ਯਤਨਾਂ ਨਾਲ ਸਰਫਕੋਟ ਵਿਖੇ ਆਯੋਜਿਤ ਗੁਰਮਤਿ ਸਮਾਗਮ ‘ਚ ਸੰਗਤਾਂ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਲੌਂਗੋਵਾਲ ਨੇ ਕਿਹਾ ਕਿ ਪੰਥਕ ਏਕਤਾ ਲਈ ਸੰਯੁਕਤ ਉਪਰਾਲੇ ਜ਼ਰੂਰੀ ਹਨ ਅਤੇ ਇਸ ਕਾਰਜ ਲਈ ਪਾਰਟੀਬਾਜ਼ੀ ਤੇ ਧੜਿਆਂ ਦੀ ਰਾਜਨੀਤੀ ਨੂੰ ਛੱਡਣਾ ਪਵੇਗਾ। ਉਨ੍ਹਾਂ ਕਿਹਾ ਕਿ ਇੱਕ ਪਿੰਡ ਇੱਕ ਗੁਰਦੁਆਰਾ ਸਾਹਿਬ ਮੁਹਿੰਮ ਪੰਥਕ ਤੇ ਸਮਾਜਿਕ ਏਕਤਾ ਦਾ ਆਧਾਰ ਬਣ ਸਕਦੀ ਹੈ ਅਤੇ ਇਸ ਤੋਂ ਇਲਾਵਾ ਇਹ ਮੁਹਿੰਮ ਵੱਖ-ਵੱਖ ਥਾਵਾਂ ‘ਤੇ ਵਾਪਰ ਰਹੀਆਂ ਬੇਅਦਬੀ ਦੀਆਂ ਘਟਨਾਵਾਂ ਰੋਕਣ ਵਿਚ ਵੀ ਸਹਾਈ ਹੋਵੇਗੀ। ਭਾਈ ਲੌਂਗੋਵਾਲ ਨੇ ਕਿਹਾ ਕਿ ਅੱਜ ਪੰਥ ਨੂੰ ਕਮਜ਼ੋਰ ਕਰਨ ਲਈ ਪੰਥ ਵਿਰੋਧੀਆਂ ਦਾ ਤਾਣ ਲੱਗਾ ਹੋਇਆ ਹੈ ਅਤੇ ਉਹ ਸਮੇਂ ਸਮੇਂ ਪੰਥ ਵਿਚ ਵੰਡੀਆਂ ਪਉਣ ਦੀਆਂ ਚਾਲਾਂ ਚੱਲਦੇ ਰਹਿੰਦੇ ਹਨ। ਸਿੱਖ ਸੰਸਥਾਵਾਂ, ਇਤਿਹਾਸ, ਮਰਯਾਦਾ ਅਤੇ ਪ੍ਰੰਪਰਾਵਾਂ ਨੂੰ ਚੁਣੌਤੀ ਦੇਣ ਵਾਲੇ ਲੋਕ ਸੋਚੀ ਸਮਝੀ ਮਨਸ਼ਾ ਤਹਿਤ ਲੱਗੇ ਹੋਏ ਹਨ। ਇਸ ਲਈ ਸਾਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਜੇਕਰ ਅਸੀਂ ਇੱਕਜੁੱਟ ਨਾ ਹੋਏ ਤਾਂ ਪੰਥ ਦੀਆਂ ਇਹ ਦੁਸ਼ਮਣ ਸ਼ਕਤੀਆਂ ਨੂੰ ਹੋਰ ਬਲ ਮਿਲੇਗਾ। ਉਨ੍ਹਾਂ ਪਿੰਡ ਸਰਫਕੋਟ ਵਾਸੀਆਂ ਵੱਲੋਂ ਪੰਜ ਤੋਂ ਇੱਕ ਗੁਰਦੁਆਰਾ ਕਰਨ ਦੇ ਉਪਰਾਲੇ ਨੂੰ ਪੰਥ ਲਈ ਪ੍ਰੇਰਨਾ ਸਰੋਤ ਅਤੇ ਮਿਸਾਲੀ ਦੱਸਿਆ। ਉਨ੍ਹਾਂ ਕਿਹਾ ਕਿ ਮਨੁੱਖੀ ਬਰਾਬਰਤਾ ਤੇ ਸਮਾਜਿਕ ਭਾਈਚਾਰੇ ਦੀ ਏਕਤਾ ਲਈ ਪਿੰਡਾਂ ਅੰਦਰ ਇੱਕ ਗੁਰਦੁਆਰਾ ਸਾਹਿਬ ਦੇ ਨਾਲ-ਨਾਲ ਸਾਨੂੰ ਸ਼ਮਸ਼ਾਨਘਾਟ ਵੀ ਇੱਕ ਹੀ ਰੱਖਣਾ ਚਾਹੀਦਾ ਹੈ। ਇਸ ਮੌਕੇ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਪਿੰਡ ਦੇ ਗੁਰਦੁਆਰਾ ਸਾਹਿਬ ਲਈ ਦੀਵਾਨ ਹਾਲ ਤਿਆਰ ਕਰਨ ਵਾਸਤੇ ਧਰਮ ਪ੍ਰਚਾਰ ਕਮੇਟੀ ਵੱਲੋਂ ਸਹਾਇਤਾ ਦੇਣ ਦਾ ਐਲਾਨ ਵੀ ਕੀਤਾ।
ਇਸ ਮੌਕੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਗੁਰੂ ਸਾਹਿਬਾਨ ਨੇ ਸਮਾਜਿਕ ਵਖਰੇਵਿਆਂ ਵਿਰੁੱਧ ਜ਼ੋਰਦਾਰ ਆਵਾਜ਼ ਉਠਾ ਕੇ ਸਾਨੂੰ ਸਮਾਜਿਕ ਤੇ ਪੰਥਕ ਏਕਤਾ ਦੀ ਪ੍ਰੇਰਨਾ ਕੀਤੀ ਹੈ, ਇਸ ਲਈ ਸਾਡਾ ਫਰਜ ਹੈ ਕਿ ਗੁਰੂ ਸਾਹਿਬ ਦੇ ਉਪਦੇਸ਼ ਅਨੁਸਾਰ ਚੱਲੀਏ। ਉਨ੍ਹਾਂ ਕਿਹਾ ਕਿ ਜਾਤਾਂ ਪਾਤਾਂ ਦੇ ਨਾਂ ਤੇ ਗੁਰਦੁਆਰੇ ਬਣਾਉਣੇ ਠੀਕ ਨਹੀਂ ਹਨ ਅਤੇ ਅਜਿਹਾ ਚਲਣ ਖਤਮ ਕਰਨ ਲਈ ਸੰਗਤਾਂ ਨੂੰ ਇੱਕ ਪਿੰਡ ਇੱਕ ਗੁਰਦੁਆਰਾ ਸਾਹਿਬ ਮੁਹਿੰਮ ਦਾ ਹਿੱਸਾ ਬਣ ਕੇ ਬਹੁਤੇ ਗੁਰਦੁਆਰਿਆਂ ਨੂੰ ਇੱਕ ਵਿਚ ਤਬਦੀਲ ਕਰ ਲੈਣਾ ਚਾਹੀਦਾ ਹੈ। ਉਨ੍ਹਾਂ ਭਾਈ ਲੌਂਗੋਵਾਲ ਦੇ ਇਸ ਉਪਰਾਲੇ ਦੀ ਪ੍ਰਸ਼ੰਸਾ ਵੀ ਕੀਤੀ।
ਸਮਾਗਮ, ਦੌਰਾਨ ਸ. ਸੁਖਵਿੰਦਰ ਸਿੰਘ ਅਗਵਾਨ ਨੇ ਵੀ ਵਿਚਾਰ ਸਾਂਝੇ ਕੀਤੇ ਅਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਦਾ ਧੰਨਵਾਦ ਕੀਤਾ। ਸਮਾਗਮ ਦੌਰਾਨ ਨਗਰ ਵੱਲੋਂ ਭਾਈ ਲੌਂਗੋਵਾਲ ਅਤੇ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਦਾ ਵੀ ਸਨਮਾਨ ਕੀਤਾ ਗਿਆ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਅੰਤਿੰ੍ਰਗ ਮੈਂਬਰ ਐਡਵੋਕੇਟ ਭਗਵੰਤ ਸਿੰਘ ਸਿਆਲਕਾ, ਸ. ਅਮਰੀਕ ਸਿੰਘ ਸ਼ਾਹਪੁਰ, ਮੈਂਬਰ ਸ. ਅਮਰੀਕ ਸਿੰਘ ਵਿਛੋਆ, ਬੀਬੀ ਜੋਗਿੰਦਰ ਕੌਰ ਧਰਮਕੋਟ, ਸ. ਗੁਰਨਾਮ ਸਿੰਘ ਜੱਸਲ, ਭਾਈ ਅਜਾਇਬ ਸਿੰਘ ਅਭਿਆਸੀ, ਨੌਜਵਾਨ ਆਗੂ ਸ. ਸੁਖਵਿੰਦਰ ਸਿੰਘ ਅਗਵਾਨ, ਬਾਬਾ ਬੁੱਧ ਸਿੰਘ ਨਿੱਕੇ ਘੁੰਮਣ, ਬਾਬਾ ਸੁਖਵਿੰਦਰ ਸਿੰਘ ਮਲਕਪੁਰ, ਸ਼੍ਰੋਮਣੀ ਕਮੇਟੀ ਦੇ ਬੁਲਾਰੇ ਤੇ ਵਧੀਕ ਸਕੱਤਰ ਸ. ਦਿਲਜੀਤ ਸਿੰਘ ਬੇਦੀ, ਨਿੱਜੀ ਸਕੱਤਰ ਸ. ਜਗਜੀਤ ਸਿੰਘ ਜੱਗੀ, ਮੀਤ ਸਕੱਤਰ ਸ. ਕੁਲਵਿੰਦਰ ਸਿੰਘ ਰਮਦਾਸ, ਸ. ਦਰਸ਼ਨ ਸਿੰਘ ਲੌਂਗੋਵਾਲ ਪੀ.ਏ., ਸ. ਦਿਲਬਾਗ ਸਿੰਘ, ਸ. ਕਮਲਜੀਤ ਸਿੰਘ, ਸ. ਜਸਵੰਤ ਸਿੰਘ ਪ੍ਰਧਾਨ, ਸ. ਜਸਵਿੰਦਰ ਸਿੰਘ, ਸ. ਜਗੀਰ ਸਿੰਘ, ਸ. ਪੰਜਾਬ ਸਿੰਘ, ਗਿਆਨੀ ਮੁਖਤਾਰ ਸਿੰਘ, ਕੈਪਟਨ ਪਿਆਰਾ ਸਿੰਘ, ਸ. ਬਲਜੀਤ ਸਿੰਘ, ਸ. ਹਰਪਾਲ ਸਿੰਘ, ਸ. ਕੇਵਲ ਸਿੰਘ, ਸ. ਬਲਵਿੰਦਰ ਸਿੰਘ, ਸ. ਇੰਦਰਜੀਤ ਸਿੰਘ ਖੋਦੇਬੇਟ, ਸ. ਗੁਰਬਚਨ ਸਿੰਘ ਮਾਲੇਵਾਲ, ਸ. ਹਰਜੀਤ ਸਿੰਘ ਲਾਲੇਨੰਗਲ, ਪ੍ਰਚਾਰਕ ਗਿਆਨੀ ਜਸਵਿੰਦਰ ਸਿੰਘ ਸ਼ਹੂਰ, ਭਾਈ ਜਗਦੇਵ ਸਿੰਘ, ਭਾਈ ਸੁਰਜੀਤ ਸਿੰਘ ਤੇ ਸਰਬਜੀਤ ਸਿੰਘ ਢੋਟੀਆ ਆਦਿ ਮੌਜੂਦ ਸਨ।