ਸ਼ੁਭ ਇਛਾਵਾਂ ਦੇਣ ਵਾਲੀਆਂ ਸ਼ਖ਼ਸੀਅਤਾਂ ਤੇ ਸੰਗਤਾਂ ਦਾ ਕੀਤਾ ਧੰਨਵਾਦ
ਅੰਮ੍ਰਿਤਸਰ, 28 ਨਵੰਬਰ – 
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਵ-ਨਿਯੁਕਤ ਪ੍ਰਧਾਨ ਬੀਬੀ ਜਗੀਰ ਕੌਰ ਨੇ ਸਮੁੱਚੀਆਂ ਸਿੱਖ ਜਥੇਬੰਦੀਆਂ, ਪੰਥਕ ਧਿਰਾਂ, ਸਿੱਖ ਸੰਸਥਾਵਾਂ, ਸਿੱਖ ਸੰਪ੍ਰਦਾਵਾਂ, ਸਭਾ-ਸੁਸਾਇਟੀਆਂ ਅਤੇ ਧਾਰਮਿਕ ਸ਼ਖ਼ਸੀਅਤਾਂ ਦਾ ਧੰਨਵਾਦ ਕਰਦਿਆਂ ਸ਼੍ਰੋਮਣੀ ਕਮੇਟੀ ਅਤੇ ਪੰਥਕ ਕਾਰਜਾਂ ਲਈ ਭਰਵੇਂ ਸਹਿਯੋਗ ਦੀ ਆਸ ਕੀਤੀ ਹੈ। ਉਨ੍ਹਾਂ ਅੱਜ ਇਥੇ ਜਾਰੀ ਇਕ ਬਿਆਨ ਵਿਚ ਕਿਹਾ ਕਿ ਸ਼੍ਰੋਮਣੀ ਕਮੇਟੀ ਵਿਚ ਇਕ ਬੇਹਤਰ ਵਿਚਾਰ ਪ੍ਰਬੰਧ ਉਸਾਰਨ ਦਾ ਯਤਨ ਕੀਤਾ ਜਾਵੇਗਾ, ਤਾਂ ਜੋ ਸਾਰੀਆਂ ਧਿਰਾਂ ਦੇ ਸਹਿਯੋਗ ਨਾਲ ਮਿਲ ਬੈਠ ਕੇ ਪੰਥਕ ਮਸਲਿਆਂ ਦਾ ਸਰਲੀਕਰਨ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਕੋਈ ਵੀ ਸੰਸਥਾ ਚੰਗੇ ਭਵਿੱਖੀ ਨਤੀਜੇ ਤਾਂ ਹੀ ਦੇ ਸਕਦੀ ਹੈ, ਜੇਕਰ ਉਸ ਨੂੰ ਸਭ ਦਾ ਸਹਿਯੋਗ ਮਿਲੇ। ਇਸ ਲਈ ਸ਼੍ਰੋਮਣੀ ਕਮੇਟੀ ਸਿੱਖ ਪੰਥ ਦੇ ਸ਼ਾਨਾਮੱਤੇ ਇਤਿਹਾਸ ਦੀ ਰੌਸ਼ਨੀ ਵਿਚ ਕਾਰਜਸ਼ੀਲ ਰਹੇਗੀ ਅਤੇ ਹਰ ਚੰਗੇ ਵਿਚਾਰ ਦਾ ਸਵਾਗਤ ਕਰੇਗੀ। ਉਨ੍ਹਾਂ ਸਮੂਹ ਸ਼੍ਰੋਮਣੀ ਕਮੇਟੀ ਮੈਂਬਰਾਂ ਅਤੇ ਪੰਥਕ ਤੇ ਧਾਰਮਿਕ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ। ਬੀਬੀ ਜਗੀਰ ਕੌਰ ਨੇ ਕਿਹਾ ਕਿ ਸਿੱਖ ਕੌਮ ਦੀ ਵੱਡੀ ਜ਼ੁੰਮੇਵਾਰੀ ਮਿਲਣ ਮਗਰੋਂ ਜਿਨ੍ਹਾਂ ਨੇ ਵੀ ਸ਼ੁਭ ਇੱਛਾਵਾਂ ਅਤੇ ਸਹਿਯੋਗ ਦਾ ਭਰੋਸਾ ਦਿੱਤਾ ਹੈ, ਉਹ ਹਰ ਇਕ ਦਾ ਧੰਨਵਾਦ ਕਰਦੇ ਹਨ। ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਕਿਹਾ ਕਿ ਮੈਂ ਪੰਥ ਦੀਆਂ ਇਛਾਵਾਂ ਅਤੇ ਆਸ਼ਾਵਾਂ ’ਤੇ ਪੂਰਾ ਉਤਰਨ ਲਈ ਹਰ ਹੀਲੇ ਯਤਨਸ਼ੀਲ ਰਹਾਂਗੀ।