ਅੰਮ੍ਰਿਤਸਰ 2 ਅਕਤੂਬਰ –  ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬਰਤਾਨੀਆ ਸਰਕਾਰ ਵੱਲੋਂ ਸਿੱਖਾਂ ਨੂੰ ਦਸਤਾਰ ਸਜਾ ਕੇ ਕੰੰਮ ਕਰਨ ਦੀ ਆਗਿਆ ਦੇਣ ਨੂੰ ਸ਼ਲਾਘਾਯੋਗ ਕਦਮ ਦੱਸਿਆ ਹੈ।

ਇਥੋਂ ਜਾਰੀ ਪ੍ਰੈੱਸ ਬਿਆਨ ‘ਚ ਉਨ੍ਹਾਂ ਕਿਹਾ ਕਿ ਦਸ਼ਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਪੰਜ ਕਕਾਰਾਂ ਤੋਂ ਇਲਾਵਾ ਖ਼ਾਲਸਾ ਪੰਥ ਨੂੰ ਦਸਤਾਰ ਦੀ ਦਾਤ ਬਖ਼ਸ਼ ਕੇ ਇਕ ਵੱਖਰੀ ਤੇ ਨਿਰਾਲੀ ਪਹਿਚਾਣ ਦਿੱਤੀ ਹੈ।ਉਨ੍ਹਾਂ ਕਿਹਾ ਕਿ ਕਲਗੀਧਰ ਦਸਮੇਸ਼ ਪਿਤਾ ਨੇ ਜਿਥੇ ਸਿੱਖ ਨੂੰ ਸਾਬਤ ਸੂਰਤ ਰਹਿਣ ਲਈ ਪ੍ਰੇਰਿਆ ਹੈ, ਉਥੇ ਕੇਸਾਂ ਦੀ ਸੰਭਾਲ ਲਈ ਦਸਤਾਰ ਸਜਾਉਣ ਦਾ ਉਦੇਸ਼ ਵੀ ਦਿੱਤਾ ਹੈ।ਉਨ੍ਹਾਂ ਕਿਹਾ ਕਿ ਇਸ ਕਾਨੂੰਨ ਨੂੰ ਲਾਗੂ ਕਰਵਾਉਣ ਲਈ ਇੰਗਲੈਂਡ ਦੇ ਸਿੱਖਾਂ ਨੂੰ ਭਾਵੇਂ ਲੰਮਾ ਸੰਘਰਸ਼ ਕਰਨਾ ਪਿਆ, ਪਰ ਇਹ ਸਾਰੇ ਸਿੱਖ ਪੰਥ ਲਈ ਬੜੇ ਮਾਣ ਵਾਲੀ ਗੱਲ ਹੈ।ਇਸ ਲਈ ਇੰਗਲੈਂਡ ਦੇ ਸਿੱਖ ਵਧਾਈ ਦੇ ਪਾਤਰ ਹਨ।ਉਨ੍ਹਾਂ ਇੰਗਲੈਂਡ ਦੀ ਰੋਜ਼ਗਾਰ ਮੰਤਰੀ ਪ੍ਰੀਤੀ ਪਟੇਲ ਦਾ ਵੀ ਦਸਤਾਰ ਸਜਾਉਣ ਸਬੰਧੀ ਐਲਾਨ ਕਰਨ ਤੇ ਧੰਨਵਾਦ ਕੀਤਾ।

ਉਨ੍ਹਾਂ ਕਿਹਾ ਕਿ ਇਹ ਬਹੁਤ ਖੁਸ਼ੀ ਦੀ ਗੱਲ ਹੈ ਕਿ ਹੁਣ ਬਰਤਾਨੀਆ ਵਿੱਚ ਸਿੱਖਾਂ ਨੂੰ ਕੰਮ ਵਾਲੀਆਂ ਥਾਵਾਂ ਤੇ ਜ਼ਬਰੀ ਹੈਲਮਟ ਪਾਉਣ ਲਈ ਨਹੀਂ ਕਿਹਾ ਜਾਵੇਗਾ ਤੇ ਉਹ ਦਸਮ ਪਿਤਾ ਵੱਲੋਂ ਬਖਸ਼ਿਸ਼ ਦਸਤਾਰ ਸਜਾ ਕੇ ਕੰਮ ਕਰਨਗੇ।