ਬਾਕੂ ਵਿਖੇ ਭਾਰਤੀ ਦੂਤਾਵਾਸ ਵੱਲੋਂ ੫੫੦ ਸਾਲਾ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਹੋਇਆ ਗੁਰਮਤਿ ਸਮਾਗਮ


ਅੰਮ੍ਰਿਤਸਰ, ੧੦ ਫ਼ਰਵਰੀ– ਅਜਰਬਾਈਜਨ ਦੀ ਰਾਜਧਾਨੀ ਬਾਕੂ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨਛੋਹ ਧਰਤੀ ‘ਤੇ ਅੱਜ ਭਾਰਤੀ ਦੂਤਾਵਾਸ ਵੱਲੋਂ ੫੫੦ ਸਾਲਾ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਗੁਰਮਤਿ ਸਮਾਗਮ ਸ਼ਰਧਾ ਭਾਵਨਾ ਨਾਲ ਕਰਵਾਇਆ ਗਿਆ।ਇਸ ਮੌਕੇ ‘ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਿਰਤ ਕਰੋ, ਨਾਮ ਜਪੋ ਤੇ ਵੰਡ ਛਕੋ ਦਾ ਪ੍ਰਚਾਰ ਕਰਦਿਆਂ ਸਮੁੱਚੀ ਲੋਕਾਈ ਨੂੰ ਸੱਚੇ ਸੁੱਚੇ ਜੀਵਨ ਦੀ ਜਾਂਚ ਜਿਊਣ ਦੀ ਪ੍ਰੇਰਣਾ ਦਿੱਤੀ। ਉਨ੍ਹਾਂ ਭਾਰਤੀ ਦੂਤਾਵਾਸ ਦੇ ਅਧਿਕਾਰੀਆਂ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਉਹ ਭਾਗਾਂ ਵਾਲੇ ਹਨ ਜਿਨ੍ਹਾਂ ਨੇ ਗੁਰੂ ਜੀ ਦੀ ਯਾਦ ਵਿਚ ਸਮਾਗਮ ਕਰਕੇ ਪਹਿਲਕਦਮੀ ਕੀਤੀ ਹੈ ਅਤੇ ਇਸ ਨਾਲ ਭਾਰਤ ਸਰਕਾਰ ਵੱਲੋਂ ਆਪਣੇ ਸਾਰੇ ਦੂਤਵਾਸਾਂ ਵਿਚ ੫੫੦ ਸਾਲਾ ਪ੍ਰਕਾਸ਼ ਗੁਰਪੁਰਬ ਸਬੰਧੀ ਗੁਰਮਤਿ ਸਮਾਗਮ ਕਰਨ ਦੇ ਐਲਾਨ ਦੀ ਸ਼ੁਰੂਆਤ ਹੋਈ ਹੈ। ਭਾਈ ਲੌਂਗੋਵਾਲ ਨੇ ਕਿਹਾ ਕਿ ਸਥਾਨਕ ਸਰਕਾਰ ਅਤੇ ਸੰਗਤ ਦੇ ਸਹਿਯੋਗ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਯਾਦ ਵਿਚ ਸੁੰਦਰ ਗੁਰੂ ਘਰ ਦੀ ਉਸਾਰੀ ਕੀਤੀ ਜਾਵੇਗੀ। ਗੁਰਮਤਿ ਸਮਾਗਮ ਵਿਚ ਆਈ ਸੰਗਤ ਅਤੇ ਮਹਿਮਾਨਾਂ ਨੂੰ ਐਸ.ਕੇ. ਸਿਨਹਾ ਨੇ ਨਿੱਘੇ ਸ਼ਬਦਾਂ ਨਾਲ ਜੀ ਆਇਆਂ ਨੂੰ ਕਿਹਾ। ਦੂਤਘਰ ਦੇ ਮੁਖੀ ਪੀ.ਕੇ. ਗੋਬਿੰਦਾ ਨੇ ਪ੍ਰਕਾਸ਼ ਗੁਰਪੁਰਬ ਸਬੰਧੀ ਭਾਰਤ ਸਰਕਾਰ ਵੱਲੋਂ ਕਰਵਾਏ ਜਾ ਰਹੇ ਸਮਾਗਮਾਂ ਦੀ ਜਾਣਕਾਰੀ ਦਿੱਤੀ ਗਈ। ਡਾ. ਰੁਪਾਲੀ ਸਿਨਹਾ ਨੇ ਆਪਣੇ ਸੰਖੇਪ ਅਤੇ ਭਾਵਪੂਰਤ ਭਾਸ਼ਨ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਅਤੇ ਸਿੱਖਿਆਵਾਂ ‘ਤੇ ਚਾਨਣਾ ਪਾਇਆ। ਇਸ ਮੌਕੇ ‘ਤੇ ਬੱਚਿਆਂ ਦੇ ਕੁਇਜ਼ ਮੁਕਾਬਲੇ ਵੀ ਕਰਵਾਏ ਗਏ। ਜੇਤੂਆਂ ਨੂੰ ਮੌਕੇ ‘ਤੇ ਹੀ ਇਨਾਮ ਦਿੱਤੇ ਗਏ। ਸ. ਗੁਰਪ੍ਰੀਤ ਸਿੰਘ ਗਾਰਲੀ ਜੋਰਜੀਆਂ ਵੱਲੋਂ ਵੀ ਸੰਗਤ ਨਾਲ ਵਿਚਾਰ ਸਾਂਝੇ ਕੀਤੇ ਗਏ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭਾਰਤੀ ਦੂਤਘਰ ਦੇ ਅਧਿਕਾਰੀਆਂ ਅਤੇ ਪਤਵੰਤੇ ਸੱਜਣਾਂ ਦਾ ਸਨਮਾਨ ਕੀਤਾ ਗਿਆ। ਭਾਰਤੀ ਦੂਤਘਰ ਵੱਲੋਂ ਭਾਈ ਗੋਬਿੰਦ ਸਿੰਘ ਲੌਂਗੋਵਾਲ, ਡਾ. ਪਰਮਜੀਤ ਸਿੰਘ ਸਰੋਆ ਵਧੀਕ ਸਕੱਤਰ, ਸ. ਜਗਜੀਤ ਸਿੰਘ ਜੱਗੀ ਸਾਬਕਾ ਵਧੀਕ ਸਕੱਤਰ, ਸ. ਦਰਸ਼ਨ ਸਿੰਘ ਪੀ.ਏ. ਅਤੇ ਨਵਇੰਦਰ ਸਿੰਘ ਲੌਂਗੋਵਾਲ ਦਾ ਸਨਮਾਨ ਕੀਤਾ ਗਿਆ। ਦੂਤਘਰ ਅਧਿਕਾਰੀਆਂ ਵੱਲੋਂ ਸਥਾਨਕ ਸਰਕਾਰ ਨਾਲ ਗੁਰੂ ਘਰ ਲਈ ਜਗ੍ਹਾ ਲੈਣ ਲਈ ਗੱਲਬਾਤ ਕਰਨ ਦਾ ਭਰੋਸਾ ਦਵਾਇਆ ਗਿਆ। ਇਸ ਮੌਕੇ ‘ਤੇ ਦਲਜੀਤ ਕੌਰ ਨੇ ਵੀ ਸੰਗਤ ਨਾਲ ਸੰਬੋਧਨ ਕੀਤਾ।
ਇਸ ਮੌਕੇ ‘ਤੇ ਸ. ਜਸਪਾਲ ਸਿੰਘ ਪੰਨੂ, ਸ. ਸ਼ੇਰ ਸਿੰਘ ਮਾਂਗਟ, ਸ. ਰਣਜੀਤ ਸਿੰਘ ਬਰਾੜ ਬਾਕੂ, ਸ. ਇਕਬਾਲ ਸਿੰਘ, ਸ. ਹਰਮਨਦੀਪ ਸਿੰਘ, ਸ. ਜਗਦੀਪ ਸਿੰਘ, ਸਰਬਜੀਤ ਕੁਮਾਰ, ਸ. ਕੁਲਦੀਪ ਸਿੰਘ, ਸ. ਪ੍ਰਦੀਪ ਸਿੰਘ, ਸ. ਜਗਸੀਰ ਸਿੰਘ ਆਦਿ ਨੇ ਜਾਰਜੀਆਂ ਤੋਂ ਵਿਸ਼ੇਸ਼ ਤੌਰ ‘ਤੇ ਪਹੁੰਚ ਕੇ ਹਾਜ਼ਰੀ ਭਰੀ। ਬਾਕੂ ਤੋਂ ਭਾਰਤੀ ਮੂਲ ਦੀ ਗੁਰੂ ਨਾਨਕ ਨਾਮ ਲੇਵਾ ਸੰਗਤ ਵਿੱਚੋਂ ਰਜੇਸ਼ ਚਾਵਲਾ, ਸ. ਕੇਵਲ ਸਿੰਘ, ਡਾ. ਰੋਨੀ, ਦੀਪਕ ਫੁਲਵਾਨੀ, ਅਨਿਲ ਭਾਟੀਆ, ਕਿਸ਼ੋਰ ਚੰਚਲਾਨੀ, ਵਰੁਨ ਜੀ ਆਦਿ ਪਰਿਵਾਰ ਸਮੇਤ ਹਾਜ਼ਰੀ ਭਰੀ।