ਗੁਰਦੁਆਰਾ ਮਜਨੂੰ ਟਿੱਲਾ ਸਾਹਿਬ ਦਿੱਲੀ ਤੋਂ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਨੂੰ ਸਮਰਪਿਤ ਨਗਰ ਕੀਰਤਨ ਆਖਰੀ ਪੜਾਅ ਲਈ ਰਵਾਨਾ

070ff2b1-d8d1-4cba-9d57-b62f8f7aa996ਅੰਮ੍ਰਿਤਸਰ 29 ਮਈ (       ) ਸਿੱਖ ਧਰਮ ਦੇ ਮੋਢੀ ਸ੍ਰੀ ਗੁਰੂ ਨਾਨਕ ਦੇਵ ਜੀ ਤੇ ਮੀਰੀ-ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਵਿੱਤਰ ਚਰਨਾਂ ਦੀ ਛੋਹ ਪ੍ਰਾਪਤ ਗੁਰਦੁਆਰਾ ਮਜਨੂੰ ਟਿੱਲਾ ਸਾਹਿਬ ਦਿੱਲੀ ਤੋਂ ਬਾਬਾ ਬੰਦਾ ਸਿੰਘ ਜੀ ਬਹਾਦਰ, ਬਾਬਾ ਅਜੈ ਸਿੰਘ ਤੇ ਨਾਲ ਸ਼ਹੀਦ ਹੋਏ ਸਿੰਘਾਂ ਦੇ ੩੦੦ ਸਾਲਾ ਸ਼ਹੀਦੀ ਨੂੰ ਸਮਰਪਿਤ ਨਗਰ ਕੀਰਤਨ ਜੈਕਾਰਿਆਂ ਦੀ ਗੂੰਜ ‘ਚ ਆਪਣੇ ਆਖਰੀ ਪੜਾਅ ਗੁਰਦੁਆਰਾ ਮਹਿਰੌਲੀ ਸਾਹਿਬ ਲਈ ਰਵਾਨਾ ਹੋਇਆ।ਸ਼ਬਦ ਗੁਰੂ, ਸਾਂਝੀਵਾਲਤਾ ਦੇ ਪ੍ਰਤੀਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ-ਛਾਇਆ, ਪੰਜ ਪਿਆਰਿਆਂ ਦੀ ਅਗਵਾਈ ਤੇ ਪੰਥ ਦੀ ਚੜ੍ਹਦੀ ਕਲਾ ਨੂੰ ਦਰਸਾਉਂਦੇ ਨਿਸ਼ਾਨਚੀ ਸਿੰਘਾਂ ਨਾਲ ਸਤਿਨਾਮੁ-ਵਾਹਿਗਰੂ ਦਾ ਜਾਪੁ ਕਰਦੀਆਂ ਤੇ ਫੁੱਲਾਂ ਦੀ ਵਰਖਾ ਕਰਦੀਆਂ ਸੰਗਤਾਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਆਪਣੇ ਸ਼ਰਧਾ ਦੇ ਫੁੱਲ ਭੇਟ ਕਰ ਰਹੀਆਂ ਸਨ।ਨਗਰ ਕੀਰਤਨ ਦੀ ਰਵਾਨਗੀ ਤੋਂ ਪਹਿਲਾਂ ਭਾਈ ਸੰਦੀਪ ਸਿੰਘ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਜਥੇ ਤੇ ਭਾਈ ਪੂਰਨ ਸਿੰਘ ਅਰਸ਼ੀ ਅਤੇ ਭਾਈ ਜਗਦੀਸ਼ ਸਿੰਘ ਵਡਾਲਾ ਦੇ ਢਾਡੀ ਜਥਿਆਂ ਵੱਲੋਂ ਅੰਮ੍ਰਿਤਮਈ ਬਾਣੀ ਦੇ ਕੀਰਤਨ ਅਤੇ ਬੀਰ-ਰਸੀ ਵਾਰਾਂ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ ਗਿਆ।ਭਾਈ ਨੌਧ ਸਿੰਘ ਸਾਬਕਾ ਪ੍ਰਚਾਰਕ ਸ਼੍ਰੋਮਣੀ ਕਮੇਟੀ ਨੇ ਕਥਾ ਰਾਹੀਂ ਸੰਗਤਾਂ ਨੂੰ ਬਾਬਾ ਬੰਦਾ ਸਿੰਘ ਬਹਾਦਰ ਦੇ ਜੀਵਨ ਤੋਂ ਜਾਣੂ ਕਰਵਾਇਆ।ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਅਰਦਾਸ ਕੀਤੀ ਉਪਰੰਤ ਪਵਿੱਤਰ ਹੁਕਮਨਾਮਾ ਭਾਈ ਸਤਨਾਮ ਸਿੰਘ ਗ੍ਰੰਥੀ ਗੁਰਦੁਆਰਾ ਮਜਨੂੰ ਟਿੱਲਾ ਸਾਹਿਬ ਨੇ ਲਿਆ।

ਸੰਗਤਾਂ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਂਦਿਆਂ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਜਿਨ੍ਹਾਂ ਨਾਲ ੭੦੦ ਦੇ ਕਰੀਬ ਸਿੰਘਾਂ ਨੂੰ ਗੜ੍ਹੀ ਗੁਰਦਾਸ ਨੰਗਲ ਤੋਂ ਮਹਿਰੌਲੀ ਤੀਕ ਸਮੇਂ ਦੀ ਮੁਗਲ ਹਕੂਮਤ ਨੇ ਬੰਦੀ ਬਣਾ ਕੇ ਲਿਆਂਦਾ ਅੱਜ ਉਸ ਮਹਾਨ ਜਰਨੈਲ ਦੀ ਸ਼ਹਾਦਤ ਨੂੰ ਸਮਰਪਿਤ ਨਗਰ ਕੀਰਤਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਸਜਾਇਆ ਜਾਣਾ ਸਿੱਖ ਕੌਮ ਲਈ ਬੜੇ ਮਾਣ ਵਾਲੀ ਗੱਲ ਹੈ।ਉਨ੍ਹਾਂ ਕਿਹਾ ਕਿ ਜ਼ਾਲਮ ਮੁਗਲ ਰਾਜ ਵਿੱਚ ਬੰਦੀ ਬਣਾਏ ਗਏ ਇਕ ਵੀ ਸਿੰਘ ਨੇ ਇਸਲਾਮ ਕਬੂਲ ਨਾ ਕਰਦਿਆਂ ਹਸ-ਹਸ ਕੇ ਮੌਤ ਨੂੰ ਗਲੇ ਲਗਾਇਆ।ਉਨ੍ਹਾਂ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਨੇ ਵੀ ਅੰਤਲੇ ਸਮੇਂ ਸਿੱਖੀ ਸਿਦਕ ਨਾ ਛੱਡਦਿਆਂ ਬੇਬਾਕ ਹੋ ਕੇ ਸ਼ਹਾਦਤ ਦਾ ਜਾਮ ਪੀਤਾ।ਉਨ੍ਹਾਂ ਕਿਹਾ ਕਿ ਅੱਜ ਲੋੜ ਹੈ ਕਿ ਹਰ ਪਰਿਵਾਰ ਆਪਣੇ ਬੱਚਿਆਂ ਨੂੰ ਇਤਿਹਾਸ ਤੋਂ ਜਾਣੂ ਕਰਵਾਏ।ਉਨ੍ਹਾਂ ਕਿਹਾ ਕਿ ਸਮੇਂ-ਸਮੇਂ ‘ਤੇ ਮਨਾਈਆਂ ਜਾਂਦੀਆਂ ਸ਼ਤਾਬਦੀਆਂ ਤੇ ਨਗਰ ਕੀਰਤਨ ਦਾ ਮੁੱਖ ਮਕਸਦ ਹੀ ਨੌਜਵਾਨ ਪੀੜ੍ਹੀ ਨੂੰ ਆਪਣੇ ਸ਼ਾਨਾਮੱਤੀ ਇਤਿਹਾਸ ਨਾਲ ਜੋੜਣਾ ਹੈ।

c5b20dbc-b944-418e-ba87-c267472aee7fਇਸ ਸਮੇਂ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ. ਹਰਚਰਨ ਸਿੰਘ ਮੁੱਖ ਸਕੱਤਰ ਸ਼੍ਰੋਮਣੀ ਕਮੇਟੀ ਨੇ ਬੋਲਦਿਆਂ ਕਿਹਾ ਕਿ ਬਾਬਾ ਬੰਦਾ ਸਿੰਘ ਜੀ ਬਹਾਦਰ ਦੀ ਕੁਰਬਾਨੀ ਬਹੁਤ ਵੱਡੀ ਹੈ।ਉਨ੍ਹਾਂ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਵੱਲੋਂ ਸਰਹੰਦ ਫਤਹਿ ਕਰਨਾ ਖ਼ਾਲਸਾ ਪੰਥ ਅੰਦਰ ਵੱਡੀ ਤੋਂ ਵੱਡੀ ਤਾਕਤ ਵਿਰੁੱਧ ਲੋਹਾ ਲੈਣ ਲਈ ਚੇਤਨਾ ਪੈਦਾ ਕਰਨ ਦੇ ਬਰਾਬਰ ਹੈ।ਉਨ੍ਹਾਂ ਕਿਹਾ ਕਿ ਕਲਗੀਧਰ ਦਸਮੇਸ਼ ਪਿਤਾ ਦੀ ਸੋਚ ਤੇ ਬਾਬਾ ਬੰਦਾ ਸਿੰਘ ਬਹਾਦਰ ਨੇ ਅਮਲੀ ਜਾਮਾ ਪਾਉਂਦਿਆਂ ਨਾ ਸਿਰਫ ਮੁਗਲ ਸਲਤਨਤ ਨੂੰ ਢਹਿ-ਢੇਰੀ ਕੀਤਾ ਬਲਕਿ ਪਹਿਲੇ ਸੁਤੰਤਰ ਸਿੱਖ ਰਾਜ ਦੀ ਸਥਾਪਨਾ ਵੀ ਕੀਤੀ।ਉਨ੍ਹਾਂ ਇਸ ਮੌਕੇ ਸਮੂਹ ਨਿਹੰਗ ਸਿੰਘ ਜਥੇਬੰਦੀਆਂ ਤੇ ਪ੍ਰਬੰਧਕਾਂ ਦਾ ਵੀ ਤਹਿ ਦਿਲੋਂ ਧੰਨਵਾਦ ਕੀਤਾ।

ਇਸ ਮੌਕੇ ਸ. ਸੁੱਚਾ ਸਿੰਘ ਲੰਗਾਹ ਮੈਂਬਰ ਸ਼੍ਰੋਮਣੀ ਕਮੇਟੀ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਦਾ ਦਿਨ ਬੜਾ ਮਹਾਨ ਤੇ ਪਵਿੱਤਰ ਹੈ।ਉਨ੍ਹਾਂ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਨੂੰ ਸਮਰਪਿਤ ਸਮਾਗਮ ਮਨਾਉਣ ਲਈ ਸਾਨੂੰ ਕਾਫੀ ਸਮਾਂ ਉਡੀਕ ਕਰਨਾ ਪਿਆ ਹੈ।ਉਨ੍ਹਾਂ ਕਿਹਾ ਕਿ ੧੦੦ ਸਾਲ ਬੀਤਣ ਸਮੇਂ ਮੁਗਲ ਰਾਜ ਸੀ, ੨੦੦ ਸਾਲ ਬੀਤਣ ਤੇ ਅੰਗਰੇਜ਼ਾਂ ਦਾ ਕਬਜ਼ਾ ਸੀ ਤੇ ਹੁਣ ੩੦੦ ਸਾਲ ਬੀਤ ਜਾਣ ਤੇ ਸਾਨੂੰ ਇਹ ਸੁਭਾਗ ਹਾਸਲ ਹੋਇਆ ਹੈ ਕਿ ਅਸੀਂ ਬਾਬਾ ਬੰਦਾ ਸਿੰਘ ਬਹਾਦਰ ਸਿੱਖ ਕੌਮ ਦੇ ਮਹਾਨ ਨਿਰਭੈ ਯੋਧੇ ਦੀ ਸ਼ਹਾਦਤ ਸਬੰਧੀ ਸਮਾਗਮਾਂ ਨੂੰ ਵੱਡੇ ਪੱਧਰ ਤੇ ਮਨਾ ਸਕੀਏ।ਉਨ੍ਹਾਂ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਨੂੰ ਸਾਡੀ ਸੱਚੀ ਸਰਧਾਂਜਲੀ ਇਹ ਹੀ ਹੋਵੇਗੀ ਕਿ ਅਸੀ ਉਨ੍ਹਾਂ ਨੂੰ ਸਮਰਪਿਤ ਸਮਾਗਮਾਂ ਵਿੱਚ ਸ਼ਮੂਲੀਅਤ ਕਰਕੇ ਲਾਸਾਨੀ ਇਤਿਹਾਸ ਨੂੰ ਸਦਾ ਸਦੀਵੀਂ ਰਖੀਏ ਤਾਂ ਕਿ ਆਉਣ ਵਾਲੀ ਨਵੀਂ ਪੀੜੀ ਆਪਣੀ ਵਿਰਾਸਤ ਤੇ ਮਾਣ ਕਰ ਸਕੇ।

ਬਾਬਾ ਬਲਬੀਰ ਸਿੰਘ ਮੁੱਖੀ ਅਕਾਲੀ ਬੁੱਢਾ ਦਲ ਨੇ ਸਮੂਹ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਕਿਹਾ ਕਿ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਸ਼ਰਨ ਵਿੱਚ ਆਉਂਦਿਆਂ ਮਾਧੋ ਦਾਸ ਬੈਰਾਗੀ ਅੰਮ੍ਰਿਤ ਛਕ ਕੇ ਨਾ ਸਿਰਫ ਬਾਬਾ ਬੰਦਾ ਸਿੰਘ ਬਹਾਦਰ ਬਣਿਆ ਬਲਕਿ ਉਸ ਦਾ ਜੀਵਨ, ਸੁਭਾਅ, ਪਹਿਰਾਵਾ ਤੇ ਵਿਚਾਰ ਵੀ ਬਦਲ ਗਏ।ਉਨ੍ਹਾਂ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਤੋਂ ਸਿੱਖਿਆ ਲੈਂਦਿਆਂ ਨੌਜਵਾਨ ਪੀੜ੍ਹੀ ਖੰਡੇ ਬਾਟੇ ਦੀ ਪਾਹੁਲ ਛੱਕ ਕੇ ਗੁਰੂ ਵਾਲੇ ਬਣੇ।ਇਨ੍ਹਾਂ ਤੋਂ ਇਲਾਵਾ ਸ. ਸੁਖਦੇਵ ਸਿੰਘ ਭੂਰਾਕੋਹਨਾ ਵਧੀਕ ਸਕੱਤਰ ਸ਼੍ਰੋਮਣੀ ਕਮੇਟੀ ਤੇ ਸ. ਮਨਜੀਤ ਸਿੰਘ ਜੀ.ਕੇ. ਪ੍ਰਧਾਨ ਦਿੱਲੀ ਸਿੱਖ ਮੈਨੇਜਮੈਂਟ ਕਮੇਟੀ ਨੇ ਵੀ ਸੰਬੋਧਨ ਕੀਤਾ।

ਉਪਰੰਤ ਸਮਾਗਮ ਵਿੱਚ ਸ਼ਾਮਿਲ ਪ੍ਰਮੁੱਖ ਸਖ਼ਸ਼ੀਅਤਾਂ ਨੂੰ ਸਨਮਾਨਿਤ ਕੀਤਾ ਗਿਆ।ਸੰਗਤਾਂ ਦੀ ਸ਼ਰਧਾ ਤੇ ਅਡੋਲ ਚਿਤ ਅੱਗੇ ਅੱਤ ਦੀ ਗਰਮੀ ਵੀ ਕੋਈ ਰੁਕਾਵਟ ਖੜ੍ਹੀ ਨਾ ਕਰ ਸਕੀ ਤੇ ਉਹ ਗੁਰੂ ਰੰਗ ਵਿੱਚ ਰੰਗੀਆਂ ਆਪਣੀ ਮੰਜ਼ਿਲ ਸਰ ਕਰ ਰਹੀਆਂ ਸਨ।ਫੁੱਲਾਂ ਨਾਲ ਸਜਾਈ ਗਈ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਲਕੀ ਦੇ ਪਿੱਛੇ-ਪਿੱਛੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ, ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸ਼ਸਤਰ-ਬਸਤਰ, ਹੱਥ ਲਿਖਤ ਪੋਥੀ, ਕੰਘਾ ਤੇ ਕੇਸਾਂ ਦੇ ਦਰਸ਼ਨ ਕਰਾਉਣ ਵਾਲੀ ਗੱਡੀ ਵੀ ਨਾਲ-ਨਾਲ ਚੱਲ ਰਹੀ ਸੀ।ਨਗਰ ਕੀਰਤਨ ਵਿੱਚ ਪਹਿਲੇ ਦਿਨ ਤੋਂ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਵੱਲੋਂ ਆਪਣੀ ਪੂਰੀ ਟੀਮ ਨਾਲ ਭੇਟਾ ਰਹਿਤ ਲਿਟਰੇਚਰ ਸੰਗਤਾਂ ਨੂੰ ਸਿੱਖੀ ਦੇ ਪ੍ਰਚਾਰ-ਪ੍ਰਸਾਰ ਵਜੋਂ ਵੰਡਿਆ ਜਾ ਰਿਹਾ ਹੈ।ਸ਼ਰਧਾਲੂ ਸੰਗਤਾਂ ਵੱਲੋਂ ਪੂਰੇ ਰਾਹ ਵਿੱਚ ਪ੍ਰਸ਼ਾਦਾ, ਪੁੜੀ ਛੋਲੇ, ਚਾਹ ਦੇ ਲੰਗਰ, ਫਲ, ਕੁਲਫੀਆਂ ਅਤੇ ਠੰਢੇ ਮਿੱਠੇ ਜਲ ਦੀਆਂ ਛਬੀਲਾਂ ਲਗਾ ਕੇ ਸੰਗਤਾਂ ਦੀ ਸੇਵਾ ਕੀਤੀ ਗਈ।

0f4eb3a2-9663-45e5-a092-fb037413cfbeਇਹ ਨਗਰ ਕੀਰਤਨ ਚੌਂਕ ਖੈਹਬਰ, ਦਿੱਲੀ ਯੂਨੀਵਰਸਿਟੀ, ਮਾਲ ਰੋਡ, ਗੁਰੂ ਤੇਗ ਬਹਾਦਰ ਨਗਰ ਚੌਂਕ ਤੋਂ ਖੱਬੇ ਪਾਸੇ ਪੁਲਿਸ ਲਾਈਨ ਦੇ ਨਾਲ-ਨਾਲ, ਸ਼ਾਂਤੀ ਨਗਰ, ਗੁਰਦੁਆਰਾ ਨਾਨਕ ਪਿਆਓ ਜੀ, ਰਾਣਾ ਪ੍ਰਤਾਪ ਬਾਗ, ਗੁੜ ਮੰਡੀ, ਸ਼ਕਤੀ ਨਗਰ ਚੌਂਕ, ਬਰਫਖਾਨਾ ਚੌਂਕ, ਸੈਂਟ ਸਟੀਫਨ ਹਸਪਤਾਲ, ਪੁਲ ਮਠਿਆਈ, ਹਾਰਡਿੰਗ ਲਾਇਬ੍ਰੇਰੀ, ਪੁਰਾਣੀ ਦਿੱਲੀ ਰੇਲਵੇ ਸਟੇਸ਼ਨ, ਕੌੜੀਆਂ ਪੁਲ ਤੋਂ ਸੱਜੇ ਪਾਸੇ, ਚਾਂਦਨੀ ਚੌਂਕ, ਲਾਲ ਕਿਲ੍ਹੇ ਤੋਂ ਪਿੱਛੇ ਸਲੀਮਗੜ੍ਹ, ਨੇਤਾ ਜੀ ਸੁਭਾਸ਼ ਚੰਦਰ ਰੋਡ, ਦਰਿਆ ਗੰਜ, ਦਿੱਲੀ ਗੇਟ, ਅੰਬੇਦਕਰ ਸਟੇਡੀਅਮ, ਆਈ ਟੀ ਓ ਚੌਂਕ, ਪ੍ਰਗਤੀ ਮੈਦਾਨ, ਚਿੜੀਆ ਘਰ, ਸੁੰਦਰ ਨਗਰ, ਗੁਰਦੁਆਰਾ ਦਮਦਮਾ ਸਾਹਿਬ, ਨਿਜਾਮੂਦੀਨ, ਭੋਗਲ, ਅਸ਼ਾਰਮ ਚੌਂਕ ਤੋਂ ਸੱਜੇ ਹੱਥ ਲਾਜਪਤ ਨਗਰ, ਸਾਊਥ ਐਕਸਟੈਂਸ਼ਨ, ਏਮਜ਼ ਮੌੜ ਤੋਂ ਖੱਬੇ ਪਾਸੇ ਗੁਰਦੁਆਰਾ ਸਾਹਿਬ ਗਰੀਨ ਪਾਰਕ, ਅਰਵਿੰਦੋ ਮਾਰਗ ਮਹਿਰੌਲੀ ਚੌਂਕ ਤੋਂ ਹੁੰਦਾ ਹੋਇਆ ਗੁਰਦੁਆਰਾ ਮਹਿਰੌਲੀ ਸਾਹਿਬ ਵਿਖੇ ਸੰਪੰਨ ਹੋਵੇਗਾ।

ਇਸ ਮੌਕੇ ਸ. ਗੁਰਿੰਦਰਪਾਲ ਸਿੰਘ ਗੋਰਾ, ਜਥੇਦਾਰ ਰਤਨ ਸਿੰਘ ਜਫਰਵਾਲ, ਸ. ਕਸ਼ਮੀਰ ਸਿੰਘ ਬਰਿਆਰ ਤੇ ਸ. ਸੁੱਚਾ ਸਿੰਘ ਲੰਗਾਹ ਮੈਂਬਰ ਸ਼੍ਰੋਮਣੀ ਕਮੇਟੀ, ਸ. ਸੁਖਦੇਵ ਸਿੰਘ ਭੂਰਾਕੋਹਨਾ ਵਧੀਕ ਸਕੱਤਰ, ਬਾਬਾ ਬਲਬੀਰ ਸਿੰਘ ਮੁੱਖੀ ਅਕਾਲੀ ਬੁੱਢਾ ਦਲ, ਬਾਬਾ  ਅਵਤਾਰ ਸਿੰਘ ਸੁਰਸਿੰਘ ਵਾਲੇ ਬਿਧੀ ਚੰਦ ਸੰਪ੍ਰਦਾ, ਬਾਬਾ ਨਿਹਾਲ ਸਿੰਘ ਹਰੀਆਂ ਵੇਲਾਂ ਵੱਲੋਂ ਬਾਬਾ ਨਾਗਰ ਸਿੰਘ, ਬਾਬਾ ਮੱਖਣ ਸਿੰਘ ਤਰਨਾ ਦਲ ਬਾਬਾ ਬਕਾਲਾ, ਬਾਬਾ ਜੋਗਾ ਸਿੰਘ ਕਰਨਾਲ ਵਾਲੇ, ਸ. ਚਾਨਣ ਸਿੰਘ, ਸ. ਜਗਜੀਤ ਸਿੰਘ, ਸ. ਤਰਵਿੰਦਰ ਸਿੰਘ ਤੇ ਸ. ਹਰਿੰਦਰਪਾਲ ਸਿੰਘ ਮੀਤ ਸਕੱਤਰ, ਸ. ਗੁਰਤਿੰਦਰਪਾਲ ਸਿੰਘ ਭਾਟੀਆ ਮੈਨੇਜਰ ਗੁਰਦੁਆਰਾ ਕੰਧ ਸਾਹਿਬ, ਸ. ਮਨਪ੍ਰੀਤ ਸਿੰਘ ਇੰਚਾਰਜ ਸਿੱਖ ਮਿਸ਼ਨ ਕੁਰੂਕਸ਼ੇਤਰ ਹਰਿਆਣਾ, ਸ. ਜਤਿੰਦਰਪਾਲ ਸਿੰਘ ਇੰਚਾਰਜ ਸਿੱਖ ਮਿਸ਼ਨ ਦਿੱਲੀ ਅਤੇ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ।

ਫੋਟੋ ਕੈਪਸ਼ਨ : ੧. ਗੁਰਦੁਆਰਾ ਮਜਨੂੰ ਟਿੱਲਾ ਸਾਹਿਬ ਦਿੱਲੀ ਤੋਂ ਬਾਬਾ ਬੰਦਾ ਸਿੰਘ ਬਹਾਦਰ ਤੇ ਸਾਥੀ ਸਿੰਘਾਂ ਦੀ ੩੦੦ ਸਾਲਾ ਸ਼ਹੀਦੀ ਨੂੰ ਸਮਰਪਿਤ ਨਗਰ ਕੀਰਤਨ ਸਮੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੁਨਹਿਰੀ ਪਾਲਕੀ ਸਾਹਿਬ ਵਿੱਚ ਸੁਸ਼ੋਭਿਤ ਕਰਨ ਲੈ ਜਾਂਦੇ ਹੋਏ ਬਾਬਾ ਅਵਤਾਰ ਸਿੰਘ ਸੁਰਸਿੰਘ ਵਾਲੇ ਤੇ ਸੰਗਤਾਂ।

੨. ਗੁਰਦੁਆਰਾ ਮਜਨੂੰ ਟਿੱਲਾ ਸਾਹਿਬ ਦਿੱਲੀ ਵਿਖੇ ਸੰਗਤਾਂ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਂਦੇ ਹੋਏ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ, ਸ, ਹਰਚਰਨ ਸਿੰਘ, ਸ. ਸੁੱਚਾ ਸਿੰਘ ਲੰਗਾਹ, ਬਾਬਾ ਬਲਬੀਰ ਸਿੰਘ ਤੇ ਸ. ਸੁਖਦੇਵ ਸਿੰਘ ਭੂਰਾਕੋਹਨਾ।

੩. ਗੁਰਦੁਆਰਾ ਮਜਨੂੰ ਟਿੱਲਾ ਸਾਹਿਬ ਦਿੱਲੀ ਤੋਂ ਨਗਰ ਕੀਰਤਨ ਦੀ ਰਵਾਨਗੀ ਸਮੇਂ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ, ਸ਼੍ਰੋਮਣੀ ਕਮੇਟੀ ਮੈਂਬਰ, ਅਧਿਕਾਰੀ ਤੇ ਸੰਗਤਾਂ।