ਬਾਬਾ ਬੰਦਾ ਸਿੰਘ ਬਹਾਦਰ ਤੇ ਨਾਲ ਸ਼ਹੀਦ ਹੋਏ ਸਿੰਘਾਂ ਦੇ 300 ਸਾਲਾ ਸ਼ਹੀਦੀ ਨੂੰ ਸਮਰਪਿਤ ਨਗਰ ਕੀਰਤਨ ਜਾਹੋ-ਜਲਾਲ ਨਾਲ ਡੇਰਾ ਕਾਰ ਸੇਵਾ ਕਲੰਦਰੀ ਗੇਟ ਕਰਨਾਲ ਤੋਂ ਰਵਾਨਾ

fghj

ਡੇਰਾ ਕਾਰ ਸੇਵਾ ਕਲੰਦਰੀ ਗੇਟ ਕਰਨਾਲ (ਹਰਿਆਣਾ) ਤੋਂ ਨਗਰ ਕੀਰਤਨ ਦੀ ਰਵਾਨਗੀ ਸਮੇਂ ਮੈਂਬਰ ਸਾਹਿਬਾਨ, ਸ਼੍ਰੋਮਣੀ ਕਮੇਟੀ ਅਧਿਕਾਰੀ ਅਤੇ ਸੰਗਤਾਂ।

ਅੰਮ੍ਰਿਤਸਰ 28 ਮਈ (       ) ਬਾਬਾ ਬੰਦਾ ਸਿੰਘ ਜੀ ਬਹਾਦਰ, ਬਾਬਾ ਅਜੈ ਸਿੰਘ ਤੇ ਨਾਲ ਸ਼ਹੀਦ ਹੋਏ ਸਿੰਘਾਂ ਦੇ ੩੦੦ ਸਾਲਾ ਸ਼ਹੀਦੀ ਨੂੰ ਸਮਰਪਿਤ ਨਗਰਕੀਰਤਨ ਪੂਰੇ ਜਾਹੋ-ਜਲਾਲ ਨਾਲ ਡੇਰਾ ਕਾਰ ਸੇਵਾ ਕਲੰਦਰੀ ਗੇਟ ਕਰਨਾਲ ਤੋਂ ਅਗਲੇ ਪੜਾਅ ਲਈ ਰਵਾਨਾ ਹੋਇਆ।ਸ਼ਬਦ ਗੁਰੂ, ਸਾਂਝੀਵਾਲਤਾ ਦੇ ਪ੍ਰਤੀਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ-ਛਾਇਆ, ਪੰਜ ਪਿਆਰਿਆਂ ਦੀ ਅਗਵਾਈ ਤੇ ਪੰਥ ਦੀ ਚੜ੍ਹਦੀ ਕਲਾ ਨੂੰ ਦਰਸਾਉਂਦੇ ਨਿਸ਼ਾਨਚੀ ਸਿੰਘਾਂ ਨਾਲ ਸਤਿਨਾਮੁ-ਵਾਹਿਗੁਰੂ ਦਾ ਜਾਪੁ ਕਰਦੀਆਂ ਤੇ ਫੁੱਲਾਂ ਦੀ ਵਰਖਾ ਕਰਦੀਆਂ ਸੰਗਤਾਂ ਪੂਰੇ ਉਤਸ਼ਾਹ ਨਾਲ ਅੱਗੇ ਵੱਧ ਰਹੀਆਂ ਸਨ।ਨਗਰ ਕੀਰਤਨ ਦੀ ਰਵਾਨਗੀ ਤੋਂ ਪਹਿਲਾਂ ਸ. ਮਨਪ੍ਰੀਤ ਸਿੰਘ ਇੰਚਾਰਜ ਸਿੱਖ ਮਿਸ਼ਨ ਕੁਰੂਕਸ਼ੇਤਰ ਹਰਿਆਣਾ ਨੇ ਅਰਦਾਸ ਕੀਤੀ ਉਪਰੰਤ ਭਾਈ ਗੁਰਪਾਲ ਸਿੰਘ ਨੇ ਪਵਿੱਤਰ ਹੁਕਮਨਾਮਾ ਲਿਆ।
ਨਗਰ ਕੀਰਤਨ ਡੇਰਾ ਕਾਰ ਸੇਵਾ ਕਲੰਦਰੀ ਗੇਟ ਕਰਨਾਲ (ਹਰਿਆਣਾ) ਤੋਂ ਰਵਾਨਾ ਹੋ ਕੇ ਮਧੂਬਨ, ਬਸਤਾੜਾ, ਘਰੋਂਡਾ, ਬਾਬਰਪੁਰਾ, ਪਾਣੀਪਤ, ਸ਼ਿਵਾਹ, ਮਛਰੋਲੀ, ਸਮਾਲਖਾ, ਚੋਖੀ ਦੋਖੀ, ਘਨੌਰ ਲੜਸੋਲੀ, ਸੁਖਦੇਵ ਅਮਰੀਕ ਢਾਬਾ, ਮੁਰਥਲ, ਵਾਹਿਗੁਰੂ ਢਾਬਾ, ਜੀਵਨ ਨਗਰ, ਸੋਨੀਪਤ, ਕਮਾਸਪੁਰ, ਬੱਡ ਖਾਲਸਾ, ਬਹਾਲਗੜ੍ਹ, ਅਸ਼ੋਕਾ ਯੂਨੀਵਰਸਿਟੀ, ਰਾਈ ਥਾਨਾ, ਗੁਰੂ ਤੇਗ ਬਹਾਦਰ ਮੈਮੋਰੀਅਲ ਪਾਰਕ, ਬੀਸਵਾਮੀਲ, ਆਂਸਲ ਪਲਾਜ਼ਾ, ਟੀ.ਡੀ.ਆਈ. ਮਾਲ ਨਰੇਲਾ, ਸਿੱਧੂ ਬਾਰਡਰ, ਲਵਨਿਆ ਚੋਂਕ, ਗੁਰਦੁਆਰਾ ਸਾਹਿਬ ਪਾਤਸ਼ਾਹੀ ਛੇਵੀਂ, ਸਵਰੂਪ ਨਗਰ, ਕਰਨਾਲ ਬਾਈਪਾਸ ਤੋਂ ਹੁੰਦਾ ਹੋਇਆ ਰਾਤ ਦਾ ਵਿਸ਼ਰਾਮ ਗੁਰਦੁਆਰਾ ਸਾਹਿਬ ਮਜਨੂੰ ਟਿੱਲਾ ਦਿੱਲੀ ਵਿਖੇ ਕਰੇਗਾ।ਇਹ ਨਗਰ ਕੀਰਤਨ ੨੯ ਮਈ ੨੦੧੬ ਨੂੰ ਉਕਤ ਸਥਾਨ ਤੋਂ ਚੱਲ ਕੇ ਗੁਰਦੁਆਰਾ ਮਹਿਰੌਲੀ ਸਾਹਿਬ ਵਿਖੇ ਸੰਪੰਨ ਹੋਵੇਗਾ।
ਸੰਗਤਾਂ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਂਦਿਆਂ ਸ. ਰਘੂਜੀਤ ਸਿੰਘ ਵਿਰਕ ਸੀਨੀਅਰ ਮੀਤ ਪ੍ਰਧਾਨ ਸ਼੍ਰੋਮਣੀ ਕਮੇਟੀ ਨੇ ਕਿਹਾ ਕਿ ਕੁਰਬਾਨੀ ਉਹ ਮਹਾਨ ਹੁੰਦੀ ਹੈ ਜਿਸ ਪਿੱਛੇ ਉਦੇਸ਼ ਵੱਡਾ ਹੋਵੇ।ਉਨ੍ਹਾਂ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਸਾਹਮਣੇ ਵੀ ਅਹਿਮ ਉਦੇਸ਼ ਜ਼ਾਲਮ ਮੁਗਲ ਰਾਜ ਦੀ ਸਮਾਪਤੀ, ਸਮਾਜਿਕ ਬਰਾਬਰੀ, ਜਾਗੀਰਦਾਰੀ ਸਿਸਟਮ ਦਾ ਖਾਤਮਾ, ਕਿਰਤੀਆਂ, ਦਲਿਤਾਂ ਅਤੇ ਇਸਤਰੀ ਦਾ ਪੂਰਾ ਮਾਣ-ਸਨਮਾਨ ਬਹਾਲ ਕਰਨਾ ਸੀ ਜਿਸ ਨੂੰ ਉਨ੍ਹਾਂ ਦ੍ਰਿੜ ਨਿਸ਼ਚੇ ਤੇ ਜ਼ਜਬੇ ਨਾਲ ਹਾਸਲ ਕੀਤਾ।ਉਨ੍ਹਾਂ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਨੇ ਬਿਖਰੀ ਹੋਈ ਸਿੱਖ ਸ਼ਕਤੀ ਨੂੰ ਇਕੱਤਰ ਤੇ ਇਕਾਗਰ ਕਰਕੇ ਬਹਾਦਰੀ ਦੇ ਨਵੇਂ ਕੀਰਤੀਮਾਨ ਸਥਾਪਿਤ ਕਰਦਿਆਂ ਫਤਹਿ ਦੀ ਬਾਦਸ਼ਾਹਤ ਕਾਇਮ ਕੀਤੀ।ਉਨ੍ਹਾਂ ਕਿਹਾ ਕਿ ਸਿੱਖ ਇਤਿਹਾਸ ‘ਚ ਅਨੇਕਾਂ ਕੁਰਬਾਨੀਆਂ ਦਰਜ ਹਨ, ਪਰ ਜੋ ਬਾਬਾ ਬੰਦਾ ਸਿੰਘ ਬਹਾਦਰ ਨੇ ਦਸਮ ਪਿਤਾ ਵੱਲੋਂ ਹੋਏ ਹੁਕਮ ਅਨੁਸਾਰ ਮੁਗਲਾਂ ਦਾ ਖਾਤਮਾ ਕਰਕੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਬਦਲਾ ਲੈਦਿਆਂ ਸੁਤੰਤਰ ਰਾਜ ਦੀ ਸਥਾਪਨਾ ਕੀਤੀ ਉਹ ਲਾਸਾਨੀ ਤੇ ਨਾ ਭੁੱਲਣਯੋਗ ਹੈ।
     ਉਨ੍ਹਾਂ ਸਮਾਗਮ ਵਿੱਚ ਸ਼ਾਮਿਲ ਸਮੂਹ ਧਾਰਮਿਕ ਸਭਾ ਸੁਸਾਇਟੀਆਂ, ਸਕੂਲਾਂ ਕਾਲਜਾਂ ਦੇ ਬੱਚਿਆਂ, ਪ੍ਰਿੰਟ ਅਤੇ ਇਲੈਕਟ੍ਰਾਨਿਕ ਮੀਡੀਆ ਤੇ ਸਮੂਹ ਸੰਗਤਾਂ ਦਾ ਧੰਨਵਾਦ ਕਰਦਿਆਂ ਉਨ੍ਹਾਂ ਨੂੰ ਜੀ ਆਇਆਂ ਕਿਹਾ।ਉਪਰੰਤ ਸਮਾਗਮ ਵਿੱਚ ਸ਼ਾਮਿਲ ਪ੍ਰਮੁੱਖ ਸਖ਼ਸ਼ੀਅਤਾਂ ਨੂੰ ਸਨਮਾਨਿਤ ਕੀਤਾ।ਅੱਤ ਦੀ ਗਰਮੀ ਦੇ ਬਾਵਜੂਦ ਸੰਗਤਾਂ ਦਾ ਠਾਠਾਂ ਮਾਰਦਾ ਇਕੱਠ ਬਾਬਾ ਬੰਦਾ ਸਿੰਘ ਬਹਾਦਰ ਨੂੰ ਸਮਰਪਿਤ ਨਗਰ ਕੀਰਤਨ ਵਿੱਚ ਸ਼ਾਮਲ ਹੋਇਆ।ਫੁੱਲਾਂ ਨਾਲ ਸਜਾਈ ਗਈ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਲਕੀ ਦੇ ਪਿੱਛੇ-ਪਿੱਛੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ, ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸ਼ਸਤਰ-ਬਸਤਰ, ਹੱਥ ਲਿਖਤ ਪੋਥੀ, ਕੰਘਾ ਤੇ ਕੇਸਾਂ ਦੇ ਦਰਸ਼ਨ ਕਰਾਉਣ ਵਾਲੀ ਗੱਡੀ ਵੀ ਨਾਲ-ਨਾਲ ਚੱਲ ਰਹੀ ਸੀ।ਨਗਰ ਕੀਰਤਨ ਵਿੱਚ ਪਹਿਲੇ ਦਿਨ ਤੋਂ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਵੱਲੋਂ ਆਪਣੀ ਪੂਰੀ ਟੀਮ ਨਾਲ ਭੇਟਾ ਰਹਿਤ ਲਿਟਰੇਚਰ ਸੰਗਤਾਂ ਨੂੰ ਸਿੱਖੀ ਦੇ ਪ੍ਰਚਾਰ-ਪ੍ਰਸਾਰ ਵਜੋਂ ਵੰਡਿਆ ਜਾ ਰਿਹਾ ਹੈ।ਨਗਰ ਕੀਰਤਨ ਵਿੱਚ ਗੱਤਕਾ ਪਾਰਟੀਆਂ ਨੇ ਆਪਣੀ ਕਲਾ ਦੇ ਵਿਲੱਖਣ ਜੌਹਰ ਵਿਖਾ ਕੇ ਚਾਰ ਚੰਨ ਲਗਾਏ।ਸ਼ਰਧਾਲੂ ਸੰਗਤਾਂ ਵੱਲੋਂ ਪੂਰੇ ਰਾਹ ਵਿੱਚ ਪ੍ਰਸ਼ਾਦਾ, ਚਾਹ, ਬਿਸਕੁਟ, ਫਲ ਦੇ ਲੰਗਰ ਅਤੇ ਠੰਢੇ ਮਿੱਠੇ ਜਲ ਦੀਆਂ ਛਬੀਲਾਂ ਲਗਾ ਕੇ ਸੰਗਤਾਂ ਦੀ ਸੇਵਾ ਕੀਤੀ ਗਈ।
 ਇਸ ਮੌਕੇ ਸ. ਗੁਰਿੰਦਰਪਾਲ ਸਿੰਘ ਗੋਰਾ, ਸ. ਕਸ਼ਮੀਰ ਸਿੰਘ ਬਰਿਆਰ, ਜਥੇਦਾਰ ਰਤਨ ਸਿੰਘ ਜਫਰਵਾਲ, ਜਥੇਦਾਰ ਬਲਦੇਵ ਸਿੰਘ ਯਮੁਨਾਨਗਰ, ਜਥੇਦਾਰ ਬਲਦੇਵ ਸਿੰਘ ਖਾਲਸਾ ਹਿਸਾਰ, ਜਥੇਦਾਰ ਜਗਸੀਰ ਸਿੰਘ ਮਾਂਗੇਆਣਾ ਤੇ ਬੀਬੀ ਮਨਜੀਤ ਕੌਰ ਯਮੁਨਾਨਗਰ ਮੈਂਬਰ ਸ਼੍ਰੋਮਣੀ ਕਮੇਟੀ, ਸ. ਬਿਜੈ ਸਿੰਘ ਵਧੀਕ ਸਕੱਤਰ, ਸ. ਚਾਨਣ ਸਿੰਘ ਮੀਤ ਸਕੱਤਰ, ਸ. ਗੁਰਤਿੰਦਰਪਾਲ ਸਿੰਘ ਭਾਟੀਆ ਮੈਨੇਜਰ ਗੁਰਦੁਆਰਾ ਕੰਧ ਸਾਹਿਬ, ਬਾਬਾ ਸੁੱਖਾ ਸਿੰਘ ਕਲੰਦਰੀ ਗੇਟ ਕਰਨਾਲ, ਬਾਬਾ ਬਾਓ ਸਿੰਘ, ਸ. ਬਖਸ਼ੀਸ਼ ਸਿੰਘ ਐਮ ਐਲ ਏ ਹਰਿਆਣਾ, ਭਾਈ ਜਗਦੇਵ ਸਿੰਘ ਹੈੱਡ ਪ੍ਰਚਾਰਕ, ਭਾਈ ਹਰਜੀਤ ਸਿੰਘ, ਭਾਈ ਸਰਬਜੀਤ ਸਿੰਘ, ਭਾਈ ਪ੍ਰਗਟ ਸਿੰਘ, ਭਾਈ ਦਿਲਬਾਗ ਸਿੰਘ, ਭਾਈ ਗੁਰਬਚਨ ਸਿੰਘ ਕਲਸੀਆਂ ਤੇ ਭਾਈ ਹੀਰਾ ਸਿੰਘ ਮਨਿਹਾਲਾ ਪ੍ਰਚਾਰਕ, ਸ. ਸ਼ਰਨਜੀਤ ਸਿੰਘ ਸੋਥਾ ਪ੍ਰਧਾਨ ਹਰਿਆਣਾ ਅਕਾਲੀ ਦਲ, ਸ. ਹਰਦੀਪ ਸਿੰਘ ਚੇਅਰਮੈਨ ਕਰਨਾਲ ਅਤੇ ਭਾਰੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ।