ਅੰਮ੍ਰਿਤਸਰ, 17 ਜੁਲਾਈ – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਘੰਟਾ ਘਰ ਵਾਲੇ ਪ੍ਰਵੇਸ਼ ਦੁਆਰ ਦੀ ਦਰਸ਼ਨੀ ਡਿਉੜੀ ਦੇ ਗੁੰਬਦਾਂ ਤੇ ਗੁੰਬਦੀਆਂ ਉਪਰ ਸੋਨੇ ਦੇ ਪੱਤਰੇ ਲਗਾਉਣ ਦੀ ਕਾਰ ਸੇਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਾਬਾ ਕਸ਼ਮੀਰ ਸਿੰਘ ਭੂਰੀ ਵਾਲਿਆਂ ਨੂੰ ਸੌਪੀ ਗਈ ਹੈ। ਘੰਟਾ ਘਰ ਡਿਊੜੀ ਉਪਰ ਬਣੇ ਮੁੱਖ ਗੁੰਬਦ ਦੇ ਸੁੰਦਰੀਕਰਨ ਲਈ ਇਹ ਸੇਵਾ ਕੀਤੀ ਜਾਣੀ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਸ਼੍ਰੋਮਣੀ ਕਮੇਟੀ ਦੇ ਬੁਲਾਰੇ ਸ. ਦਿਲਜੀਤ ਸਿੰਘ ਬੇਦੀ ਨੇ ਦੱਸਿਆ ਕਿ ਬਾਬਾ ਕਸ਼ਮੀਰ ਸਿੰਘ ਭੂਰੀ ਵਾਲਿਆਂ ਵੱਲੋਂ ਇਹ ਸੇਵਾ ਜਾਰੀ ਹੈ। ਉਨ੍ਹਾਂ ਕਿਹਾ ਕਿ ਬਾਬਾ ਕਸ਼ਮੀਰ ਸਿੰਘ ਭੂਰੀ ਵਾਲਿਆਂ ਵੱਲੋਂ ਕਰਵਾਈ ਜਾ ਰਹੀ ਇਸ ਸੇਵਾ ਵਿਚ ਦੇਸ਼ ਵਿਦੇਸ਼ ਦੀਆਂ ਸੰਗਤਾਂ ਹਿਸਾ ਪਾ ਰਹੀਆਂ ਹਨ ਅਤੇ ਇਹ ਸੇਵਾ ਸੰਗਤਾਂ ਦੇ ਸਹਿਯੋਗ ਦੇ ਨਾਲ ਹੀ ਚਲ ਰਹੀ ਹੈ। ਸ. ਬੇਦੀ ਨੇ ਦੱਸਿਆ ਕਿ ਪਹਿਲਾਂ ਤਾਂਬੇ ਦੇ ਪੱਤਰੇ ਤਿਆਰ ਕੀਤੇ ਜਾਂਦੇ ਹਨ, ਫਿਰ ਉਨ੍ਹਾਂ ਉਪਰ ਸੋਨੇ ਦੀਆਂ ੨੨ ਪਰਤਾਂ ਚੜ੍ਹਾ ਕੇ ਸੇਵਾ ਕਰਵਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਘੰਟਾ ਘਰ ਪ੍ਰਵੇਸ਼ ਦੁਆਰ ਦੀ ਸੇਵਾ ਮੁਕੰਮਲ ਹੋਣ ਉਪਰੰਤ ਬਾਕੀ ਸੇਵਾ ਬਾਰੇ ਅੰਤਿੰ੍ਰਗ ਕਮੇਟੀ ਵਿਚ ਵਿਚਾਰ ਕੀਤੀ ਜਾਵੇਗੀ।