555555ਅੰਮ੍ਰਿਤਸਰ 11 ਸਤੰਬਰ (       ) ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅਮਰੀਕਾ ਵਿੱਚ ਸ. ਇੰਦਰਜੀਤ ਸਿੰਘ ਨਾਮ ਦੇ ਵਿਅਕਤੀ ਤੇ ਇਕ ਗੋਰੇ ਟੈਕਸੀ ਡਰਾਈਵਰ ਵੱਲੋਂ ਸ਼ਿਕਾਗੋ ਵਿਖੇ ਨਸਲੀ ਹਮਲਾ ਬਹੁਤ ਦੁੱਖਦਾਈ ਤੇ ਮੰਦਭਾਗਾ ਦੱਸਿਆ ਹੈ।
ਇਥੋਂ ਜਾਰੀ ਪ੍ਰੈੱਸ ਬਿਆਨ ‘ਚ ਉਨ੍ਹਾਂ ਕਿਹਾ ਕਿ ਇਸ ਗੋਰੇ ਨੇ ਜਾਣ-ਬੁੱਝ ਕੇ ਇਸ ਸਿੱਖ ਨੂੰ ਗਾਲ੍ਹਾਂ ਕੱਢੀਆਂ, ਜ਼ਖਮੀ ਕੀਤਾ ਤੇ ਫਿਰ ਆਪਣੇ ਮੁਲਕ ਪਰਤ ਜਾਣ ਲਈ ਕਿਹਾ।ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਵੱਖ-ਵੱਖ ਦੇਸ਼ਾਂ ਵਿੱਚ ਸਿੱਖਾਂ ‘ਤੇ ਨਸਲੀ ਹਮਲੇ ਹੋਏ ਹਨ ਜੋ ਅਜੇ ਤੱਕ ਠੱਲ੍ਹਣ ਦਾ ਨਾਮ ਨਹੀਂ ਲੈਂਦੇ।ਉਨ੍ਹਾਂ ਕਿਹਾ ਕਿ ਹਰ ਵਾਰ ਇਹੋ ਦੇਖਣ ਸੁਨਣ ਨੂੰ ਮਿਲਦਾ ਹੈ ਕਿ ਇਕ ਗੋਰੇ ਨੇ ਸਿੱਖ ਨੂੰ ਲਾਦੇਨ ਸਮਝ ਕੇ ਗਾਲ੍ਹੀ ਗਲੋਚ ਕੀਤਾ ਤੇ ਉਸ ਨੂੰ ਗੰਭੀਰ ਰੂਪ ‘ਚ ਜ਼ਖ਼ਮੀ ਕਰ ਦਿੱਤਾ।ਉਨ੍ਹਾਂ ਕਿਹਾ ਕਿ ਸਿੱਖ ਇਕ ਨਿਆਰੀ ਤੇ ਪਰਉਪਕਾਰੀ ਕੌਮ ਹੈ, ਜੋ ਸਰਬੱਤ ਦੇ ਭਲੇ ਲਈ ਹਮੇਸ਼ਾਂ ਤੱਤਪਰ ਰਹਿੰਦੀ ਹੈ।ਉਨ੍ਹਾਂ ਕਿਹਾ ਕਿ ਸਿੱਖ ਜਿਸ ਕਿਸੇ ਮੁਲਕ ਵਿੱਚ ਵੀ ਜਾਂਦੇ ਹਨ ਉਸ ਦੀ ਤਰੱਕੀ ਤੇ ਖੁਸ਼ਹਾਲੀ ਲਈ ਭਰਪੂਰ ਯੋਗਦਾਨ ਪਾਉਂਦੇ ਹਨ।ਉਨ੍ਹਾਂ ਅਮਰੀਕਾ ਦੀ ਸਰਕਾਰ ਨੂੰ ਦੋਸ਼ੀ ਦੀ ਭਾਲ ਕਰਕੇ ਉਸ ‘ਤੇ ਤੁਰੰਤ ਕਾਨੂੰਨ ਅਨੁਸਾਰ ਕਾਰਵਾਈ ਕਰਨ ਲਈ ਕਿਹਾ।ਉਨ੍ਹਾਂ ਅਮਰੀਕਾ ਦੀਆਂ ਸਿੱਖ ਜਥੇਬੰਦੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਓਥੋਂ ਦੀ ਸਰਕਾਰ ਨੂੰ ਸਿੱਖ ਧਰਮ ਬਾਰੇ ਵਿਸਥਾਰ ਨਾਲ ਜਾਣਕਾਰੀ ਦੇਣ ਤਾਂ ਜੋ ਸਿੱਖਾਂ ਤੇ ਆਏ ਦਿਨ ਹੋਣ ਵਾਲੇ ਨਸਲੀ ਹਮਲਿਆਂ ਨੂੰ ਠੱਲ੍ਹ ਪਾਈ ਜਾ ਸਕੇ।