ਅੰਮ੍ਰਿਤਸਰ 25 ਮਾਰਚ :  ਬੰਗਲਾਦੇਸ਼ ਦੇ ਇਤਿਹਾਸਕ ਗੁਰਦੁਆਰਿਆਂ ਦੀ ਦਸ਼ਾ ਤੇ ਦਿਸ਼ਾ ਸਬੰਧੀ ਸਥਿਤੀ ਜਾਨਣ ਲਈ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਣਾਈ ਸਬ-ਕਮੇਟੀ ਵੱਲੋਂ ਦਿੱਤੀ ਰੀਪੋਰਟ ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਵੱਲੋਂ ਪ੍ਰਵਾਨ ਕਰ ਲਈ ਗਈ ਹੈ।
ਸ਼੍ਰੋਮਣੀ ਕਮੇਟੀ ਦੇ ਬੁਲਾਰੇ ਤੇ ਵਧੀਕ ਸਕੱਤਰ ਸ. ਦਿਲਜੀਤ ਸਿੰਘ ਬੇਦੀ ਨੇ ਪ੍ਰੈੱਸ ਦੇ ਨਾਮ ਬਿਆਨ ਜਾਰੀ ਕਰਦਿਆਂ ਕਿਹਾ ਕਿ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ. ਰਜਿੰਦਰ ਸਿੰਘ ਮਹਿਤਾ, ਸ. ਮੋਹਣ ਸਿੰਘ ਬੰਗੀ, ਸ. ਨਿਰਮੈਲ ਸਿੰਘ ਜੌਲਾ ਅੰਤ੍ਰਿੰਗ ਕਮੇਟੀ ਮੈਂਬਰ, ਸ. ਸਤਨਾਮ ਸਿੰਘ ਧਨੋਆ ਤੇ ਸ਼੍ਰੋਮਣੀ ਕਮੇਟੀ ਦੇ ਸਕੱਤਰ ਡਾ: ਰੂਪ ਸਿੰਘ ਅਧਾਰਿਤ ਸਬ-ਕਮੇਟੀ ਬਣਾਈ ਗਈ ਸੀ।ਇਸ ਸਬ ਕਮੇਟੀ ਵੱਲੋਂ ਦਿੱਤੀ ਗਈ ਰੀਪੋਰਟ ਸ਼੍ਰੋਮਣੀ ਕਮੇਟੀ ਦੀ ਅੰਤਿੰ੍ਰਗ ਕਮੇਟੀ ਵੱਲੋਂ ਪ੍ਰਵਾਨ ਕਰ ਲਈ ਗਈ ਹੈ।ਸ. ਬੇਦੀ ਨੇ ਦੱਸਿਆ ਕਿ ਸਬ-ਕਮੇਟੀ ਦੀ ਰੀਪੋਰਟ ਮੁਤਾਬਿਕ ਬੰਗਲਾਦੇਸ਼ ਵਿੱਚ ਦੇਸ਼ ਵੰਡ ਤੋਂ ਪਹਿਲਾਂ ੩੫ ਇਤਿਹਾਸਕ ਗੁਰਦੁਆਰੇ ਸਨ ਜਿਨ੍ਹਾਂ ‘ਚੋਂ ਇਸ ਵੇਲੇ ਕੇਵਲ ਚਾਰ ਇਤਿਹਾਸਕ ਗੁਰਦੁਆਰਿਆਂ ਵਿੱਚ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਰੋਜ਼ਾਨਾ ਮਰਯਾਦਾ ਅਨੁਸਾਰ ਹੋ ਰਿਹਾ ਹੈ।ਉਨ੍ਹਾਂ ਕਿਹਾ ਕਿ ਗੁਰਦੁਆਰਾ ਨਾਨਕਸ਼ਾਹੀ ਢਾਕਾ ਜਿਸ ਦੇ ਕੰਪਲੈਕਸ ਵਿੱਚ ਢਾਕਾ ਯੂਨੀਵਰਸਿਟੀ ਸਥਾਪਿਤ ਕੀਤੀ ਗਈ ਸੀ ਓਥੇ ਗੁਰਦੁਆਰਾ ਸਾਹਿਬ ਦੀ ਇਮਾਰਤ, ਨਿਵਾਸਾਂ, ਰੀਸਰਚ ਸੈਂਟਰ ਮਰਯਾਦਾ ਪੱਖੋਂ ਤਸੱਲੀਬਖਸ਼ ਹਨ।ਗੁਰਦੁਆਰਾ ਨਾਨਕਸ਼ਾਹੀ ਢਾਕਾ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਭਾਈ ਮਰਦਾਨਾ ਜੀ ਦੀ ਢਾਕਾ ਫੇਰੀ ਨਾਲ ਸਬੰਧਿਤ ਹੈ।
ਉਨ੍ਹਾਂ ਕਿਹਾ ਕਿ ਉਪਰੋਕਤ ਗੁਰਦੁਆਰਾ ਸਾਹਿਬ ਤੋਂ ਇਲਾਵਾ ਸਬ-ਕਮੇਟੀ ਵੱਲੋਂ ਬਾਕੀ ਜਿਨ੍ਹਾਂ ਗੁਰਦੁਆਰਾ ਸਾਹਿਬਾਨ ਦਾ ਦੌਰਾ ਕੀਤਾ ਗਿਆ ਉਨ੍ਹਾਂ ਦੀ ਰੀਪੋਰਟ ਅਨੁਸਾਰ ਇਮਾਰਤਾਂ ਦੀ ਹਾਲਤ ਬਹੁਤ ਖਸਤਾ ਪਾਈ ਗਈ ਹੈ।ਕੁਝ ਗੁਰਦੁਆਰਾ ਸਾਹਿਬਾਨ ਵਿੱਚ ਕੇਵਲ ਇੱਕ ਹੀ ਗ੍ਰੰਥੀ ਸਿੰਘ ਸੇਵਾ ਨਿਭਾ ਰਿਹਾ ਹੈ।ਉਨ੍ਹਾਂ ਕਿਹਾ ਕਿ ਇਨ੍ਹਾਂ ਗੁਰਦੁਆਰਾ ਸਾਹਿਬਾਨ ਵਿੱਚ ਹਿੰਦੂ ਪ੍ਰੀਵਾਰਾਂ ਦਾ ਕਬਜਾ ਹੈ। ਸ੍ਰ: ਬੇਦੀ ਨੇ ਦੱਸਿਆ ਕਿ ਇਥੋਂ ਦੀ ਸਥਿਤੀ ਇਸ ਤਰ੍ਹਾਂ ਦੀ ਬਣੀ ਹੋਈ ਹੈ ਕਿ ਕਿਸੇ ਵੇਲੇ ਵੀ ਕੋਈ ਅਣਸੁਖਾਵੀਂ ਘਟਨਾ ਵਾਪਰ ਸਕਦੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਗੁਰਦੁਆਰਾ ਸਾਹਿਬਾਨ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਕਰਨ ਦੀ ਸੇਵਾ ੧੯੯੨ ਈਸਵੀ ਤੋਂ ਬਾਅਦ ਵਿੱਚ ਹੀ ਹੋਈ ਹੈ, ਪਹਿਲਾਂ ਦੀ ਸਥਿਤੀ ਬਾਰੇ ਕੋਈ ਜਾਣਕਾਰੀ ਨਹੀਂ ਹੈ। ਸਬ-ਕਮੇਟੀ ਨੇ ਆਪਣੀ ਰੀਪੋਰਟ ਵਿੱਚ ਸੁਝਾਅ ਦੇਂਦਿਆਂ ਕਿਹਾ ਕਿ ਇਨ੍ਹਾਂ ਸਾਰੇ ਗੁਰੂ-ਘਰਾਂ ਵਿੱਚ ਗ੍ਰੰਥੀ ਸਿੰਘ ਤੇ ਸੇਵਾਦਾਰ ਟੂਰਿਸਟ ਵੀਜੇ ਤੇ ਜਾਂਦੇ ਹਨ, ਇਨ੍ਹਾਂ ਦਾ ਵੀਜਾ ਮਿਸ਼ਨਰੀ ਹੋਣਾ ਚਾਹੀਦਾ ਹੈ।ਉਨ੍ਹਾਂ ਕਿਹਾ ਕਿ ਜੇ ਇਨ੍ਹਾਂ ਗੁਰਦੁਆਰਾ ਸਾਹਿਬਾਨ ਵਿੱਚ ਮਰਯਾਦਾ ਬਹਾਲ ਰੱਖਣੀ ਹੋਵੇ ਤਾਂ ਪਾਕਿਸਤਾਨ ਦੇ ਪੈਟਰਨ ‘ਤੇ ਘੱਟੋ-ਘੱਟ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ, ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ਅਤੇ ਖਾਲਸੇ ਦੇ ਸਾਜਨਾ ਦਿਵਸ ਵਿਸਾਖੀ ਸਮੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਧਾਰਮਿਕ ਜਥੇ ਭੇਜਣ ਬਾਰੇ ਵਿਚਾਰ ਕਰਨੀ ਚਾਹੀਦੀ ਹੈ।
ਸਬ-ਕਮੇਟੀ ਨੇ ਇਹ ਵੀ ਸੁਝਾਅ ਦਿੱਤਾ ਕਿ ਇਨ੍ਹਾਂ ਗੁਰੂ ਘਰਾਂ ਨੂੰ ਧਰਮ ਪ੍ਰਚਾਰ ਕਮੇਟੀ ਦੇ ਪੱਛਮੀ ਬੰਗਾਲ ਵਿੱਚ ਚੱਲ ਰਹੇ ਸਿੱਖ ਮਿਸ਼ਨ ਨਾਲ ਜੋੜਨਾ ਚਾਹੀਦਾ ਹੈ ਤਾਂ ਕਿ ਗੁਰੂ ਘਰਾਂ ਦੀ ਮਰਯਾਦਾ, ਪਰੰਪਰਾ ਤੇ ਰਵਾਇਤਾਂ ਨੂੰ ਬਹਾਲ ਰੱਖਿਆ ਜਾ ਸਕੇ।ਇਸ ਦੇ ਇਲਾਵਾ ਇਨ੍ਹਾਂ ਗੁਰੂ ਘਰਾਂ ਵਿੱਚ ਸ਼੍ਰੋਮਣੀ ਕਮੇਟੀ ਵੱਲੋਂ ਛਪਦੇ ਗੁਰਮਤਿ ਪ੍ਰਕਾਸ਼, ਗੁਰਮਤਿ ਗਿਆਨ ਅਤੇ ਗੁਰਦੁਆਰਾ ਗਜ਼ਟ ਨਿਰੰਤਰ ਫਰੀ ਭੇਜਣੇ ਚਾਹੀਦੇ ਹਨ।ਸ. ਬੇਦੀ ਨੇ ਦੱਸਿਆ ਕਿ ਸਬ-ਕਮੇਟੀ ਦੇ ਸੁਝਾਵਾਂ ਅਨੁਸਾਰ ਢਾਕਾ ਯੂਨੀਵਰਸਿਟੀ ਵਿੱਚ ਸਥਿਤ ਲਾਇਬ੍ਰੇਰੀ ਲਈ ਸਿੱਖ ਧਰਮ ਨਾਲ ਸੰਬੰਧਿਤ ਅੰਗਰੇਜ਼ੀ, ਹਿੰਦੀ ਤੇ ਬੰਗਾਲੀ ਭਾਸ਼ਾ ਵਿਚ ਛਪੀਆਂ ਸਾਰੀਆਂ ਹੀ ਪੁਸਤਕਾਂ ਧਰਮ ਪ੍ਰਚਾਰ ਕਮੇਟੀ ਵੱਲੋਂ ਭੇਜਣ ਦਾ ਤੁਰੰਤ ਪ੍ਰਬੰਧ ਕਰਨਾ ਚਾਹੀਦਾ ਹੈ।ਉਨ੍ਹਾਂ ਕਿਹਾ ਕਿ ਸਬ-ਕਮੇਟੀ ਦੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਢਾਕਾ ਯੁਨਵਿਰਸਿਟੀ ਵਿਚ ਸਥਿਤ ਧਰਮ ਅਧਿਐਨ ਵਿਭਾਗ ਦੇ ਮੁਖੀ ਨਾਲ ਹੋਈ ਗੱਲਬਾਤ ਅਨੁਸਾਰ ਇਸ ਯੂਨੀਵਰਸਿਟੀ ਵਿਚ ਗੁਰੂ ਨਾਨਕ ਦੇਵ ਜੀ ਦੇ ਨਾਮ ਤੇ ਵਿਸ਼ਵ ਧਰਮ ਮਿਊਜ਼ੀਅਮ ਸਥਾਪਿਤ ਕਰਨ ਦਾ ਸੁਝਾਅ ਦਿੱਤਾ ਗਿਆ ਹੈ ਜਿਸ ਵਾਸਤੇ ਜਗ੍ਹਾ ਯੂਨੀਵਰਸਿਟੀ ਵੱਲੋਂ ਮਿਲ ਸਕਦੀ ਹੈ।ਉਨ੍ਹਾਂ ਕਿਹਾ ਕਿ ਇਨ੍ਹਾਂ ਇਤਿਹਾਸਕ ਗੁਰਦੁਆਰਿਆਂ ਦੀ ਸਾਂਭ-ਸੰਭਾਲ, ਮਰਿਆਦਾ, ਪ੍ਰੰਪਰਾਵਾਂ, ਰਵਾਇਤਾਂ ਤੇ ਇਤਿਹਾਸ ਨੂੰ ਸੰਭਾਲਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗ੍ਰੰਥੀ ਸਿੰਘ, ਰਾਗੀ ਸਿੰਘ, ਲਾਂਗਰੀ ਸਿੰਘ ਤੇ ਸੇਵਾਦਾਰ ਭੇਜਣ ਦਾ ਪ੍ਰਬੰਧ ਤੇ ਉਨ੍ਹਾਂ ਦੀ ਤਨਖਾਹ ਆਦਿ ਸ਼੍ਰੋਮਣੀ ਕਮੇਟੀ ਵੱਲੋਂ ਦੇਣ ਦਾ ਸੁਝਾਅ ਵੀ ਰੱਖਿਆ ਗਿਆ ਹੈ।ਸ. ਬੇਦੀ ਨੇ ਕਿਹਾ ਕਿ ਇਹ ਡੈਲੀਗੇਸ਼ਨ ਬੰਗਲਾਦੇਸ਼ ਵਿੱਚ ਸਥਿਤ ਭਾਰਤੀ ਹਾਈ ਕਮਿਸ਼ਨ ਨੂੰ ਵੀ ਮਿਲ ਕੇ ਗੁਰਦੁਆਰਿਆਂ ਦੀ ਸਥਿਤੀ ਤੋਂ ਜਾਣੂੰ ਕਰਵਾ ਚੁੱਕਾ ਹੈ। ਉਨ੍ਹਾਂ ਕਿਹਾ ਕਿ ਸਬ-ਕਮੇਟੀ ਵੱਲੋਂ ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਨੂੰ ਦਿੱਤੇ ਗਏ ਸੁਝਾਵਾਂ ਤੇ ਅਮਲ ਕਰਦਿਆਂ ਅੰਤ੍ਰਿੰਗ ਕਮੇਟੀ ਵੱਲੋਂ ਇਸ ਨੂੰ ਸਰਬ-ਸੰਮਤੀ ਨਾਲ ਪ੍ਰਵਾਨਗੀ ਦੇ ਦਿੱਤੀ ਗਈ ਹੈ ਤੇ ਜਲਦੀ ਹੀ ਇਸ ਤੇ ਅਗਲੇਰੀ ਕਰਵਾਈ ਕੀਤੀ ਜਾਵੇਗੀ।