ਪਿੰਡਾਂ ਵਿੱੱਚੋਂ ਸ਼ਰਾਬ ਦੇ ਠੇਕੇ ਚੁਕਵਾਉਣ ਲਈ ਪੰਚਾਇਤਾਂ ਸਰਬਸੰਮਤੀ ਨਾਲ ਮਤੇ ਪਾਸ ਕਰਨ -ਗਿਆਨੀ ਗੁਰਬਚਨ ਸਿੰਘ

ਕਰਜ਼ੇ ਚੁੱਕ ਕੇ ਕੀਤੀ ਜਾ ਰਹੀ ਫਜੂਲ ਖਰਚੀ ਬੰਦ ਕਰ ਕੇ ਸਮਾਜਿਕ ਰਸਮਾਂ ਸਾਦੇ ਢੰਗ ਨਾਲ ਨਿਭਾਈਆਂ ਜਾਣ – ਗਿਆਨੀ ਗੁਰਬਚਨ ਸਿੰਘ

ਪੰਥ ਨੂੰ ਦਰਪੇਸ਼ ਸਮੱਸਿਆਵਾਂ ਤੇ ਚੁਣੌਤੀਆਂ ਦੇ ਹੱਲ ਲਈ ਕੌਮੀ ਇਕਜੁੱਟਤਾ ਜ਼ਰੂਰੀ- ਪ੍ਰੋ. ਬਡੂੰਗਰ

ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਨੇ ਲੋਕਾਈ ਨੂੰ ਨਵੀਂ ਰੋਸ਼ਨੀ, ਨਵੇਂ ਜਜ਼ਬੇ ਅਤੇ ਨਵੇਂ ਜੋਸ਼ ਦੇ ਰੂਬਰੂ ਕੀਤਾ –ਪ੍ਰੋ. ਕਿਰਪਾਲ ਸਿੰਘ ਬਡੂੰਗਰ

ਅੰਮ੍ਰਿਤਸਰ 19 ਅਕਤੂਬਰ –  ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਬੰਦੀ ਛੋੜ ਦਿਵਸ ਮੌਕੇ ਮਨੁੱਖਤਾ ਦੇ ਅਧਿਆਤਮਿਕ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਦਰਸ਼ਨੀ ਡਿਉਢੀ ਤੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਨੇ ਜਿਥੇ ਕੌਮ ਦੇ ਨਾਂਅ ਸੰਦੇਸ਼ ਦਿੱਤਾ, ਉਥੇ ਹੀ ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਦਮਦਮੀ ਟਕਸਾਲ ਦੇ ਮੁੱਖੀ ਗਿਆਨੀ ਹਰਨਾਮ ਸਿੰਘ ਖਾਲਸਾ ਅਤੇ ਕਥਾਵਾਚਕ ਭਾਈ ਰਣਜੀਤ ਸਿੰਘ ਗੌਹਰ ਨੇ ਵੀ ਸੰਗਤਾਂ ਨਾਲ ਗੁਰਮਤਿ ਵਿਚਾਰਾਂ ਸਾਂਝੀਆਂ ਕਰਦਿਆਂ ਬੰਦੀਛੋੜ ਦਿਵਸ ਦੀ ਮੁਬਾਰਕਬਾਦ ਦਿੱਤੀ।
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਨੇ ਕੌਮ ਦੇ ਨਾਂਅ ਦਿੱਤੇ ਸੰਦੇਸ਼ ਵਿਚ ਜਿਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਨੂੰ ਰੋਕਣ ਲਈ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੂੰ ਸੁਚੇਤ ਅਤੇ ਸਾਵਧਾਨ ਹੋਣ ਲਈ ਕਿਹਾ, ਉਥੇ ਹੀ ਕੌਮ ਨੂੰ ਨਸ਼ਿਆਂ, ਪਤਿਤਪੁਣੇ ਅਤੇ ਸਮਾਜਿਕ ਕੁਰੀਤੀਆਂ ਵਿਰੁੱਧ ਕਰੜਾ ਸੰਘਰਸ਼ ਵਿਢਣ ਦਾ ਵੀ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਸਮੇਂ-ਸਮੇਂ ਅਨੁਸਾਰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਦਿੱਤੇ ਸੰਦੇਸ਼/ਆਦੇਸ਼ ਦੇ ਬਾਵਜੂਵ ਵੀ ਪਿਛਲੇ ਸਮੇਂ ਵੱਖ-ਵੱਖ ਥਾਵਾਂ ‘ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਹੋ ਰਹੀ ਬੇਅਦਬੀ ਰੁਕਣ ਦਾ ਨਾਂਅ ਨਹੀਂ ਲੈ ਰਹੀ। ਇਸ ਮੰਦਭਾਗੇ ਚਲਣ ਨੂੰ ਰੋਕਣ ਲਈ ਗੁਰਦੁਆਰਾ ਕਮੇਟੀਆਂ ਸੁਚੇਤ ਹੋਣ ਅਤੇ ਸ਼ਰਾਰਤੀ ਅਨਸਰਾਂ ਤੇ ਨਜ਼ਰ ਰੱਖਣ ਲਈ ਗੁਰੂ-ਘਰਾਂ ਵਿਚ ਸੀ.ਸੀ.ਟੀ.ਵੀ. ਕੈਮਰੇ ਲਗਾਉਣ ਦਾ ਪ੍ਰਬੰਧ ਕਰਨ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਸਰਕਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਅਤੇ ਬਹਿਬਲ ਕਲਾਂ ਕਤਲ ਕਾਂਡ ਦੇ ਦੋਸ਼ੀਆਂ ਨੂੰ ਤੁਰੰਤ ਗ੍ਰਿਫ਼ਤਾਰ ਕਰੇ।
ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਨਸ਼ਿਆਂ ਅਤੇ ਪਤਿਤਪੁਣੇ ਵਰਗੀਆਂ ਅਲਾਮਤਾਂ ਨੂੰ ਰੋਕਣ ਲਈ ਮਾਪਿਆਂ ਦੀ ਜ਼ੁੰਮੇਵਾਰੀ ਨਿਰਾਧਰਤ ਕਰਦਿਆਂ ਕਿਹਾ ਕਿ ਉਹ ਬੱਚਿਆਂ ਨੂੰ ਗੁਰੂ ਸਾਹਿਬਾਨ ਦੀਆਂ ਸਾਖੀਆਂ ਅਤੇ ਸਿੱਖ ਯੋਧਿਆਂ ਦਾ ਇਤਿਹਾਸ ਸੁਣਾਕੇ ਉਨ੍ਹਾਂ ਅੰਦਰ ਸਿੱਖੀ ਜ਼ਜਬਾ ਪ੍ਰਫੁਲਤ ਕਰਨ। ਪੰਚਾਇਤਾਂ ਆਪਣੇ ਪਿੰਡਾਂ ਵਿੱੱਚੋਂ ਸ਼ਰਾਬ ਦੇ ਠੇਕੇ ਚੁਕਵਾਉਣ ਲਈ ਸਰਬਸੰਮਤੀ ਨਾਲ ਮਤੇ ਪਾਸ ਕਰਕੇ ਪੰਜਾਬ ਦੇ ਸੰਬੰਧਿਤ ਵਿਭਾਗ ਨੂੰ ਭੇਜਣ ਅਤੇ ਇਹ ਮਤੇ ਪਾਸ ਕਰਵਾਉਣ ਲਈ ਸਿੱਖ ਸੰਗਤਾਂ ਅਤੇ ਖ਼ਾਸਕਰ ਬੀਬੀਆਂ ਭੈਣਾਂ ਅੱੱਗੇ ਆਉਣ। ਉਨ੍ਹਾਂ ਸਮਾਜਿਕ ਰਸਮਾਂ ਸਾਦੇ ਢੰਗ ਨਾਲ ਨਿਭਾਉਣ ਦੀ ਪ੍ਰੇਰਣਾ ਕਰਦਿਆਂ ਕਿਹਾ ਕਿ ਦੇਖਾ-ਦੇਖੀ ਕਰਜ਼ੇ ਚੁੱਕ ਕੇ ਕੀਤੀ ਜਾ ਰਹੀ ਫਜੂਲ ਖਰਚੀ ਨੂੰ ਬੰਦ ਕੀਤਾ ਜਾਵੇ ਅਤੇ ਸਮਾਜਿਕ ਰਸਮਾਂ ਗੁਰੂ-ਘਰਾਂ ਅੰਦਰ ਕਰਨ ਨੂੰ ਤਰਜ਼ੀਹ ਦਿੱਤੀ ਜਾਵੇ। ਅਜਿਹੇ ਨਾਲ ਜਿਥੇ ਫਜੂਲ ਖਰਚੀ ਘਟੇਗੀ ਉਥੇ ਹੀ ਵਰਤਮਾਨ ਸਮੇਂ ਅੰਦਰ ਹੋ ਰਹੀਆਂ ਕਿਸਾਨ ਖੁਦਕੁਸ਼ੀਆਂ ਨੂੰ ਵੀ ਠੱਲ ਪੈ ਸਕੇਗੀ। ਉਨ੍ਹਾਂ ਕਿਹਾ ਕਿ ਕੇਂਦਰ ਅਤੇ ਪੰਜਾਬ ਸਰਕਾਰ ਦੇਸ਼ ਦੀਆਂ ਵੱਖ-ਵੱਖ ਜ਼ੇਲ੍ਹਾਂ ਵਿਚ ਬੰਦ ਸਜ਼ਾ ਪੂਰੀ ਕਰ ਚੁੱਕੇ ਬੇਕਸੂਰ ਸਿੱਖ ਕੇਦੀਆਂ ਨੂੰ ਤੁਰੰਤ ਰਿਹਾ ਕਰੇ। ਉਨ੍ਹਾਂ ਪੰਥਕ ਜਥੇਬੰਦੀਆਂ ਨੂੰ ਬੇਲੋੜੇ ਮੁੱਦਿਆਂ ਤੇ ਆਪਸੀ ਟਕਰਾਅ ਤੇ ਭਰਾ-ਮਾਰੂ ਜੰਗ ਨੂੰ ਛੱਡ ਕੇ ਪੰਥਕ ਏਕਤਾ ਨਾਲ ਆਪਣੀ ਸ਼ਕਤੀ ਦਾ ਰੁਖ਼ ਪੰਥਕ ਦੁਸ਼ਮਣਾਂ ਵੱਲ ਕਰਨ ਦਾ ਵੀ ਸੱਦਾ ਦਿੱਤਾ।
ਇਸ ਤੋਂ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਹਿੰਦੁਸਤਾਨ ਦੀ ਬੋਲੀ, ਸੱਭਿਆਚਾਰ ਅਤੇ ਰੀਤੀ-ਰਿਵਾਜ਼ ਬਚਾਉਣ ਲਈ ਜੋ ਮਿਸ਼ਨ ਆਰੰਭਿਆ ਉਸ ਨੂੰ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਹੋਰ ਅੱਗੇ ਵਧਾਉਂਦਿਆਂ ਜ਼ੁਲਮ ਅਤੇ ਅਨਿਆਂ ਵਿਰੁੱਧ ਆਵਾਜ਼ ਬੁਲੰਦ ਕੀਤੀ। ਉਨ੍ਹਾਂ ਆਖਿਆ ਕਿ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਨੇ ਲੋਕਾਈ ਨੂੰ ਇਕ ਨਵੀਂ ਰੋਸ਼ਨੀ, ਨਵੇਂ ਜਜ਼ਬੇ ਅਤੇ ਨਵੇਂ ਜੋਸ਼ ਦੇ ਰੂਬਰੂ ਕੀਤਾ। ਉਨ੍ਹਾਂ ਸੰਗਤ ਨੂੰ ਅਪੀਲ ਕਰਦਿਆਂ ਕਿਹਾ ਕਿ ਧਾਰਮਿਕ, ਸਮਾਜਿਕ, ਰਾਜਨੀਤਿਕ, ਆਰਥਿਕ ਅਤੇ ਵਿਗਿਆਨਿਕ ਕ੍ਰਾਂਤੀ ਦਾ ਮੁੱਢ ਬੰਨਣ ਵਾਲੇ ਗੁਰੂ ਸਾਹਿਬਾਨ ਵੱਲੋਂ ਦਰਸਾਏ ਹੋਏ ਮਾਰਗ ਨੂੰ ਅਪਨਾਉਣਾ ਅੱਜ ਦੀ ਵੱਡੀ ਲੋੜ ਹੈ। ਪ੍ਰੋ. ਬਡੂੰਗਰ ਨੇ ਕਿਹਾ ਕਿ ਗੁਰੂ ਸਾਹਿਬ ਦੀ ਸ਼ਰਨ ਬੰਧਨਾਂ ਤੋਂ ਮੁਕਤੀ ਦਾ ਰਾਹ ਦਿਖਾਉਂਦੀ ਹੈ ਪਰ ਅੱਜ ਬਹੁਤ ਸਾਰੀਆਂ ਸਮਾਜਿਕ ਕੁਰੀਤੀਆਂ ਵਿਚ ਫਸ ਕੇ ਅਸੀਂ ਜੀਵਨ ਦੁਸ਼ਵਾਰੀਆਂ ਵਾਲੇ ਪਾਸੇ ਲਿਜਾ ਰਹੇ ਹਾਂ। ਉਨ੍ਹਾਂ ਕਿਹਾ ਕਿ ਅੱਜ ਪੰਥ ਵਿਰੋਧੀ ਸ਼ਕਤੀਆਂ ਵੀ ਸਿੱਖਾਂ ਨੂੰ ਗੁਰੂ ਸਾਹਿਬਾਨ ਦੇ ਮਿਸ਼ਨ ਤੋਂ ਭਟਕਾਉਣ ਦਾ ਜਤਨ ਕਰ ਰਹੀਆਂ ਹਨ, ਜਿਨ੍ਹਾਂ ਤੋਂ ਸੁਚੇਤ ਹੋਣਾ ਪਵੇਗਾ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਪੰਥ ਨੂੰ ਦਰਪੇਸ਼ ਸਮੱਸਿਆਵਾਂ ਤੇ ਚੁਣੌਤੀਆਂ ਨੂੰ ਸਮਝਣ ਲਈ ਇਕਜੁੱਟ ਹੋਈਏ ਤਾਂ ਜੋ ਸਾਡਾ ਨਿਆਰੀ ਪਛਾਣ ਬਰਕਰਾਰ ਰਹਿ ਸਕੇ।
ਇਸ ਮੌਕੇ ਸੱੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ, ਦਮਦਮੀ ਟਕਸਾਲ ਦੇ ਮੁੱਖੀ ਗਿਆਨੀ ਹਰਨਾਮ ਸਿੰਘ ਖ਼ਾਲਸਾ ਅਤੇ ਕਥਾਵਾਚਕ ਗਿਆਨੀ ਰਣਜੀਤ ਸਿੰਘ ਗੌਹਰ ਨੇ ਜਿਥੇ ਬੰਦੀਛੋੜ ਦਿਵਸ ਦੀ ਇਤਿਹਾਸਕ ਮਹੱਤਤਾ ਨੂੰ ਉਜਾਗਰ ਕੀਤਾ, ਉਥੇ ਹੀ ਵਰਤਮਾਨ ਪ੍ਰਸੰਗ ਵਿਚ ਸਮੁੱਚੀ ਸਿੱਖ ਕੌਮ ਨੂੰ ਸਵੈ-ਮੰਥਨ ਵਿਧੀ ਦੁਆਰਾ ਕੌਮ ਦੀ ਚੜ੍ਹਦੀ ਕਲਾ ਲਈ ਯਤਨਸ਼ੀਲ ਹੋਣ ਦੀ ਅਪੀਲ ਵੀ ਕੀਤੀ।
ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਸ. ਬਲਦੇਵ ਸਿੰਘ ਕਾਇਮਪੁਰ, ਜਨਰਲ ਸਕੱਤਰ ਭਾਈ ਅਮਰਜੀਤ ਸਿੰਘ ਚਾਵਲਾ, ਅੰਤ੍ਰਿੰਗ ਕਮੇਟੀ ਮੈਂਬਰ ਭਾਈ ਰਾਮ ਸਿੰਘ ਅਤੇ ਸ. ਸੁਰਜੀਤ ਸਿੰਘ ਭਿੱਟੇਵੱਡ, ਮੈਂਬਰ ਭਾਈ ਰਜਿੰਦਰ ਸਿੰਘ ਮਹਿਤਾ, ਸ. ਬਾਵਾ ਸਿੰਘ ਗੁਮਾਨਪੁਰਾ, ਭਾਈ ਅਜਾਇਬ ਸਿੰਘ ਅਭਿਆਸੀ, ਸ. ਜਗਸੀਰ ਸਿੰਘ ਮਾਂਗੇਆਣਾ, ਸਕੱੱਤਰ ਡਾ. ਰੂਪ ਸਿੰਘ, ਸ. ਅਵਤਾਰ ਸਿੰਘ ਸੈਂਪਲਾ, ਸ. ਮਨਜੀਤ ਸਿੰਘ, ਵਧੀਕ ਸਕੱਤਰ ਸ. ਸੁਖਦੇਵ ਸਿੰਘ ਭੂਰਾਕੋਹਨਾ, ਸ. ਹਰਭਜਨ ਸਿੰਘ ਮਨਾਵਾਂ, ਸ. ਮਹਿੰਦਰ ਸਿੰਘ ਆਹਲੀ, ਸ. ਦਿਲਜੀਤ ਸਿੰਘ ਬੇਦੀ, ਸ. ਬਲਵਿੰਦਰ ਸਿੰਘ ਜੌੜਾਸਿੰਘਾ, ਸ. ਬਿਜੈ ਸਿੰਘ, ਸ. ਪ੍ਰਤਾਪ ਸਿੰਘ, ਮੀਤ ਸਕੱਤਰ ਸ. ਸਿਮਰਜੀਤ ਸਿੰਘ, ਸ. ਸਕੱਤਰ ਸਿੰਘ, ਸ. ਮਹਿੰਦਰ ਸਿੰਘ, ਸ. ਬਲਵਿੰਦਰ ਸਿੰਘ ਕਾਹਲਵਾਂ, ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਸ. ਸੁਲੱਖਣ ਸਿੰਘ ਭੰਗਾਲੀ, ਸ. ਗੁਰਿੰਦਰ ਸਿੰਘ ਮਥਰੇਵਾਲ, ਸ. ਰਘਬੀਰ ਸਿੰਘ ਮੰਡ ਅਤੇ ਵੱਡੀ ਤਾਦਾਦ ਵਿਚ ਸੰਗਤਾਂ ਹਾਜ਼ਰ ਸਨ।