ਬੱਚਿਆਂ ਨੂੰ ਧਾਰਮਿਕ ਤੇ ਨੈਤਿਕ ਸਿੱਖਿਆ ਵੱਲ ਪ੍ਰੇਰਿਤ ਕਰਨਾ ਸਮੇਂ ਦੀ ਵੱਡੀ ਲੋੜ

ਅੰਮ੍ਰਿਤਸਰ, ੧੨ ਸਤੰਬਰ–  ਸੰਸਾਰ ਭਰ ਵਿਚ ਬੱਚਿਆਂ ਅਤੇ ਨੌਜੁਆਨਾਂ ਨੂੰ ਆਪਣੇ ਮਾਰੂ ਪ੍ਰਭਾਵ ਨਾਲ ਆਤਮ ਹੱਤਿਆ ਦੇ ਰਾਹ ਤੋਰਨ ਵਾਲੀ ਬਲੂ ਵੇਲ੍ਹ ਗੇਮ ਤੋਂ ਬਚਾਉਣ ਲਈ ਸਰਕਾਰ ਅਤੇ ਮਾਪਿਆਂ ਨੂੰ ਸੰਜੀਦਗੀ ਨਾਲ ਉਪਰਾਲੇ ਕਰਨੇ ਚਾਹੀਦੇ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ: ਕਿਰਪਾਲ ਸਿੰਘ ਬਡੂੰਗਰ ਨੇ ਇਥੋਂ ਜਾਰੀ ਇਕ ਪ੍ਰੈਸ ਬਿਆਨ ਰਾਹੀਂ ਕੀਤਾ। ਪ੍ਰੋ: ਬਡੂੰਗਰ ਨੇ ਇਸ ਗੇਮ ਦੇ ਵਧਦੇ ਮਾਰੂ ਪ੍ਰਭਾਵ ਦਾ ਅਸਰ ਪੰਜਾਬ ਵਿਚ ਆਉਣ ‘ਤੇ ਡੂੰਘੀ ਚਿੰਤਾ ਜ਼ਾਹਰ ਕਰਦਿਆਂ ਕਿਹਾ ਕਿ ਸਰਕਾਰ ਨੂੰ ਇਹ ਗੇਮ ਬੰਦ ਕਰਵਾਉਣ ਲਈ ਸਖਤ ਕਦਮ ਚੁੱਕਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਬੇਸ਼ੱਕ ਇੰਟਰਨੈਟ ਦੀ ਸੁਵਿਧਾ ਨੇ ਮਨੁੱਖੀ ਦਿਮਾਗ ਅਤੇ ਜ਼ਿੰਦਗੀ ਨੂੰ ਬਹੁਤ ਹੱਦ ਤਕ ਵਿਕਸਿਤ ਵੀ ਕੀਤਾ ਹੈ ਪਰੰਤੂ ਵਿਸ਼ਵ ਭਰ ਵਿਚ ਇੰਟਰਨੈਟ ਰਾਹੀਂ ਫੈਲ ਰਹੀ ਇਸ ਜਾਨਲੇਵਾ ਗੇਮ ਨਾਲ ਮਨੁੱਖੀ ਜਾਨਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਆਪਣੇ ਤਕਨੀਕੀ ਵਿਭਾਗ ਰਾਹੀਂ ਇਸ ਗੇਮ ਨੂੰ ਇੰਟਰਨੈਟ ਤੋਂ ਹਟਾਉਂਦਿਆਂ ਇਸਦੇ ਲਿੰਕਾਂ ਨੂੰ ਅੱਗੇ ਫੈਲਾਉਣ ਵਾਲਿਆਂ ਨੂੰ ਵੀ ਗ੍ਰਿਫਤਾਰ ਕਰਨਾ ਚਾਹੀਦਾ ਹੈ।
ਪ੍ਰਧਾਨ ਸ਼੍ਰੋਮਣੀ ਕਮੇਟੀ ਨੇ ਕਿਹਾ ਕਿ ਮਾਪਿਆਂ ਨੂੰ ਵੀ ਚਾਹੀਦਾ ਹੈ ਕਿ ਉਹ ਬੱਚਿਆਂ ਨੂੰ ਇਸ ਜਾਨਲੇਵਾ ਖੇਡ ਦੇ ਮਾਰੂ ਪ੍ਰਭਾਵ ਤੋਂ ਜਾਣੂੰ ਕਰਾਉਣ ਅਤੇ ਉਨ੍ਹਾਂ ਵੱਲੋਂ ਕੀਤੀ ਜਾਂਦੀ ਇੰਟਰਨੈਟ ਦੀ ਵਰਤੋਂ ਉਪਰ ਵੀ ਨਜ਼ਰ ਰੱਖਣ। ਉਨ੍ਹਾਂ ਕਿਹਾ ਕਿ ਬੱਚਿਆਂ ਅੰਦਰ ਫੈਲ ਰਿਹਾ ਨਿਰਾਸ਼ਤਾ ਅਤੇ ਇਕੱਲੇਪਣ ਦਾ ਅਸਰ ਵੀ ਇਸ ਗੇਮ ਦੇ ਵਧਣ ਦਾ ਕਾਰਨ ਬਣ ਰਿਹਾ ਹੈ। ਉਨ੍ਹਾਂ ਕਿਹਾ ਕਿ ਕੰਪਿਊਟਰ ਗੇਮਾਂ ਜਾਂ ਮੋਬਾਈਲ ਗੇਮਾਂ ਨਾਲ ਜਿੱਥੇ ਬੱਚਿਆਂ ਦਾ ਸਰੀਰਕ ਵਿਕਾਸ ਕਾਫੀ ਪ੍ਰਭਾਵਿਤ ਹੋ ਰਿਹਾ ਹੈ ਉਥੇ ਹੀ ਵੱਡੇ ਪੱਧਰ ‘ਤੇ ਉਹ ਮਾਨਸਿਕ ਬਿਮਾਰੀਆਂ ਦਾ ਵੀ ਸ਼ਿਕਾਰ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬਾਨ ਵੱਲੋਂ ਦਰਸਾਏ ਜੀਵਨ ਮਾਰਗ ਅਨੁਸਾਰ ਮਨੁੱਖਾ ਜ਼ਿੰਦਗੀ ਨੂੰ ਅਨਮੋਲ ਦੱਸਿਆ ਗਿਆ ਹੈ ਇਸ ਲਈ ਨਿਰਾਸ਼ਤਾ ਨੂੰ ਛੱਡ ਕੇ ਜ਼ਿੰਦਗੀ ਜਿਊਣ ਲਈ ਗੁਰੂ ਸਾਹਿਬਾਨ ਵੱਲੋਂ ਦਰਸਾਏ ਮਾਰਗ ਨੂੰ ਅਪਣਾਉਣਾ ਚਾਹੀਦਾ ਹੈ। ਉਨ੍ਹਾਂ ਮਾਪਿਆਂ ਨੂੰ ਪ੍ਰੇਰਨਾ ਕਰਦਿਆਂ ਕਿਹਾ ਕਿ ਬੱਚਿਆਂ ਨੂੰ ਧਾਰਮਿਕ ਤੇ ਨੈਤਿਕ ਸਿੱਖਿਆ ਵੱਲ ਪ੍ਰੇਰਿਤ ਕਰਨਾ ਚਾਹੀਦਾ ਹੈ ਅਤੇ ਉਨ੍ਹਾਂ ਅੰਦਰ ਚੰਗੇ ਗੁਣ ਵਿਕਸਿਤ ਕਰਨੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਮਾਪੇ ਬੱਚਿਆਂ ਨੂੰ ਗੁਰਮਤਿ ਅਨੁਸਾਰ ਜ਼ਿੰਦਗੀ ਜਿਊਣ ਦੀ ਜਾਚ ਸਿਖਾਉਣ ਤਾਂ ਜੋ ਬੱਚਿਆਂ ਅੰਦਰ ਚੜ੍ਹਦੀ ਕਲਾ ਵਾਲੀ ਸੋਚ ਪੈਦਾ ਹੋਵੇ।