1ਅੰਮ੍ਰਿਤਸਰ : 4 ਅਗਸਤ (  ) ਪਿੰਗਲਵਾੜਾ ਦੇ ਸੰਸਥਾਪਿਕ ਭਗਤ ਪੂਰਨ ਸਿੰਘ ਦੀ ੨੩ਵੀਂ ਸਲਾਨਾ ਬਰਸੀ ਸਮੇਂ ਡਾ: ਇੰਦਰਜੀਤ ਕੌਰ ਚੇਅਰਪਰਸਨ ਪਿੰਗਲਵਾੜਾ ਚੈਰੀਟੇਬਲ ਸੁਸਾਇਟੀ, ਅੰਮ੍ਰਿਤਸਰ ਵੱਲੋਂ ਖੂਨਦਾਨ ਕੈਂਪ ਲਗਾਇਆ ਗਿਆ।ਜਿਸ ਦਾ ਉਦਘਾਟਨ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੀਤਾ।ਉਨ੍ਹਾਂ ਭਗਤ ਪੂਰਨ ਸਿੰਘ ਦੀ ਯਾਦ ਵਿੱਚ ਬਣਾਏ ਮਿਊਜ਼ੀਅਮ ਵਿੱਚ ਉਨ੍ਹਾਂ ਦੀਆਂ ਯਾਦਾਂ ਤਾਜਾ ਕਰਦੀਆਂ ਤਸਵੀਰਾਂ ਵੀ ਵੇਖੀਆਂ।

5
ਸੰਗਤਾਂ ਨੂੰ ਸੰਬੋਧਨ ਕਰਦਿਆਂ ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਸੇਵਾ ਦੇ ਮੁਜੱਸਮੇ ਭਗਤ ਪੂਰਨ ਸਿੰਘ ਜੀ ਵੱਲੋਂ ਬੇ-ਸਹਾਰੇ ਲੰਗੜੇ, ਲੂਲ੍ਹੇ, ਪਿੰਗਲੇ, ਦਿਮਾਗੀ ਤੌਰ ਤੇ ਪ੍ਰੇਸ਼ਾਨ, ਲਵਾਰਿਸ ਬਜ਼ੁਰਗਾਂ ਅਤੇ ਬੱਚਿਆਂ ਲਈ ਪਿੰਗਲਵਾੜੇ ਦੀ ਸ਼ਥਾਪਨਾ ਕਰਨਾ ਸਿੱਖੀ ਸਿਧਾਂਤਾਂ ਅਤੇ ਸਿੱਖੀ ਪ੍ਰੰਪਰਾਵਾਂ ਦੀ ਸਹੀ ਪਾਲਣਾ ਸੀ।ਉਨ੍ਹਾਂ ਕਿਹਾ ਕਿ ਉਨ੍ਹਾਂ ਵਿੱਚ ਸੇਵਾ, ਸਿਮਰਨ, ਪਰਉਪਕਾਰ ਅਤੇ ਬੇ-ਸਹਾਰਿਆਂ ਲਈ ਆਪਾ ਸਮਰਪਣ ਕਰਨ ਦਾ ਅਤੁੱਟ ਜਜਬਾ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਤੋਂ ਬਾਅਦ ਡਾ: ਇੰਦਰਜੀਤ ਕੌਰ ਨੇ ਭਗਤ ਜੀ ਦੇ ਪਾਏ ਪੂਰਨਿਆਂ ਤੇ ਚੱਲਦਿਆਂ ਹੋਇਆਂ ਇਸ ਸੰਸਥਾ ਵੱਲੋਂ ਪਰਉਪਕਾਰ ਦੇ ਕਾਰਜਾਂ ਨੂੰ ਜਾਰੀ ਰੱਖਿਆ।ਉਨ੍ਹਾਂ ਕਿਹਾ ਕਿ ਡਾ: ਇੰਦਰਜੀਤ ਕੌਰ ਨੇ ਇਸ ਸੰਸਥਾ ਨੂੰ ਨਵੀਆਂ ਲੀਹਾਂ ਤੇ ਤੋਰਦੇ ਹੋਏ ਲੰਗੜੇ, ਲੂਲ੍ਹੇ, ਅਪਾਹਜ ਤੇ ਲਾਵਾਰਿਸ ਬੱਚਿਆਂ ਨੂੰ ਇਕ ਨਵੀਂ ਦਿਸ਼ਾ ਦੇ ਕੇ ਆਧੁਨਕਿ ਤਰੀਕੇ ਨਾਲ ਸਮਾਜ ਦੇ ਹਾਣੀ ਬਨਾਉਣ ਲਈ ਸ਼ਲਾਘਾਯੋਗ ਉਪਰਾਲੇ ਕੀਤੇ ਹਨ।ਉਨ੍ਹਾਂ ਕਿਹਾ ਕਿ ਡਾ: ਇੰਦਰਜੀਤ ਕੌਰ ਵੱਲੋਂ ਕੀਤੀਆਂ ਸੇਵਾਵਾਂ ਸਤਿਕਾਰਯੋਗ ਅਤੇ ਸ਼ਲਾਘਾਯੋਗ ਹਨ।
ਜਥੇਦਾਰ ਅਵਤਾਰ ਸਿੰਘ ਨੇ ਇਸ ਮੌਕੇ ਪਿੰਗਲਵਾੜਾ ਸੰਸਥਾ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ੫ ਲੱਖ ਰੁਪਏ ਦੀ ਸਹਾਇਤਾ ਦੇਣ ਦਾ ਐਲਾਨ ਕੀਤਾ।ਯਾਦ ਰਹੇ ਕਿ ਇਸ ਸੰਸਥਾ ਨੂੰ ਹਰ ਸਾਲ ਸ਼੍ਰੋਮਣੀ ਕਮੇਟੀ ਵੱਲੋਂ ਲਾਵਾਰਿਸ ਤੇ ਬੇ-ਸਹਾਰਿਆਂ ਦੀ ਸੇਵਾ ਕਰਨ ਲਈ ੧੦ ਲੱਖ ਰੁਪਏ ਦੀ ਸਹਾਇਤਾ ਦਿੱਤੀ ਜਾਂਦੀ ਹੈ।ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਹਿਲਾਂ ‘ਭਗਤ ਪੂਰਨ ਸਿੰਘ ਐਵਾਰਡ’ ਦੇਣ ਦਾ ਐਲਾਨ ਕੀਤਾ ਗਿਆ ਸੀ, ਜਿਸ ਨੂੰ ਦੁਬਾਰਾ ਸ਼ੁਰੂ ਕੀਤਾ ਜਾਵੇਗਾ।ਉਨ੍ਹਾਂ ਭਾਰਤ ਸਰਕਾਰ ਨੂੰ  ਸਵਰਗਵਾਸੀ ਭਗਤ ਪੂਰਨ ਸਿੰਘ ਨੂੰ ‘ਭਾਰਤ ਰਤਨ’ਐਵਾਰਡ ਨਾਲ ਸਨਮਾਨਿਤ ਕਰਨ ਦੀ ਮੰਗ ਕੀਤੀ। ਇਸ ਸਮੇਂ ਡਾ: ਇੰਦਰਜੀਤ ਕੌਰ ਵੱਲੋਂ ਜਥੇਦਾਰ ਅਵਤਾਰ ਸਿੰਘ ਨੂੰ ਭਗਤ ਪੂਰਨ ਸਿੰਘ ਦੀ ਤਸਵੀਰ, ਲੋਈ ਤੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ।
ਇਸ ਸਮਾਗਮ ਨੂੰ ਡਾ: ਇੰਦਰਜੀਤ ਕੌਰ, ਸ. ਹਰਜਾਪ ਸਿੰਘ ਸੰਧੂ ਮੈਂਬਰ ਸ਼੍ਰੋਮਣੀ ਕਮੇਟੀ, ਸ. ਦਿਲਜੀਤ ਸਿੰਘ ਬੇਦੀ ਵਧੀਕ ਸਕੱਤਰ ਸ਼੍ਰੋਮਣੀ ਕਮੇਟੀ ਅਤੇ ਸ.ਪਲਵਿੰਦਰ ਸਿੰਘ ਰਾਣਾ ਪ੍ਰਧਾਨ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਗੁਰਦੁਆਰਾ ਸਾਹਿਬ ਪਾ: ਨੌਵੀਂ, ਕੋਠਾ ਸਾਹਿਬ, ਵੱਲਾ ਨੇ ਵੀ ਸੰਬੋਧਨ ਕੀਤਾ।
ਇਸ ਮੌਕੇ ਸ. ਗੁਰਪ੍ਰਤਾਪ ਸਿੰਘ ਟਿੱਕਾ ਸਾਬਕਾ ਚੇਅਰਮੈਨ, ਸ. ਅਮਰਬੀਰ ਸਿੰਘ ਢੋਟ, ਸ. ਭੂਪਿੰਦਰ ਸਿੰਘ ਰਾਹੀ, ਡਾ: ਜਗਦੀਪਕ ਸਿੰਘ, ਸ. ਰਾਜਬੀਰ ਸਿੰਘ ਆਦਿ ਸਖਸ਼ੀਅਤਾਂ ਹਾਜ਼ਰ ਸਨ।