ਪਹਿਲੀ ਵਾਰ ਦਫਤਰ ਪੁੱਜਣ ‘ਤੇ ਅਧਿਕਾਰੀਆਂ ਨੇ ਕੀਤਾ ਸਵਾਗਤ


ਅੰਮ੍ਰਿਤਸਰ, ੦੫ ਦਸੰਬਰ-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਦੇ ਪ੍ਰਧਾਨ ਬਣਨ ਤੋਂ ਬਾਅਦ ਅੱਜ ਪਹਿਲੀ ਵਾਰ ਸ਼੍ਰੋਮਣੀ ਕਮੇਟੀ ਦੇ ਮੁੱਖ ਦਫਤਰ ਵਿਖੇ ਪਹੁੰਚਣ ‘ਤੇ ਭਾਈ ਗੋਬਿੰਦ ਸਿੰਘ ਲੌਂਗੋਵਾਲ ਦਾ ਸ਼੍ਰੋਮਣੀ ਕਮੇਟੀ ਅਧਿਕਾਰੀਆਂ ਨੇ ਜ਼ੋਰਦਾਰ ਸਵਾਗਤ ਕੀਤਾ। ਇਸ ਤੋਂ ਪਹਿਲਾਂ ਉਨ੍ਹਾਂ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋ ਕੇ ਗੁਰੂ ਸਾਹਿਬ ਦਾ ਸ਼ੁਕਰਾਨਾ ਕੀਤਾ ਤੇ ਅਸੀਸ ਪ੍ਰਾਪਤ ਕੀਤੀ।
ਇਸੇ ਦੌਰਾਨ ਭਾਈ ਲੌਂਗੋਵਾਲ ਨੇ ਸ਼੍ਰੋਮਣੀ ਕਮੇਟੀ ਮੁੱਖ ਦਫਤਰ ਦੇ ਇਕੱਤਰਤਾ ਘਰ ਵਿਖੇ ਅਧਿਕਾਰੀਆਂ ਨਾਲ ਮੀਟਿੰਗ ਕਰ ਕੇ ਪ੍ਰਬੰਧਕੀ ਕਾਰਜਾਂ ਸਬੰਧੀ ਜਾਣਕਾਰੀ ਪ੍ਰਾਪਤ ਕੀਤੀ। ਇਸ ਮੌਕੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਜਿੱਥੇ ਉਨ੍ਹਾਂ ਦੀ ਵੱਖ-ਵੱਖ ਅਧਿਕਾਰੀਆਂ ਨਾਲ ਜਾਣ ਪਛਾਣ ਕਰਵਾਈ ਉਥੇ ਹੀ ਪ੍ਰਬੰਧਕੀ ਸੇਵਾਵਾਂ ਲਈ ਵਿਸ਼ਵਾਸ ਦਿਵਾਇਆ। ਇਕੱਤਰਤਾ ਮੌਕੇ ਭਾਈ ਲੋਂਗੋਵਾਲ ਨੇ ਅਧਿਕਾਰੀਆਂ ਨੂੰ ਸੰਬੋਧਤ ਹੁੰਦਿਆਂ ਆਪਸੀ ਸਹਿਯੋਗ ਨਾਲ ਸੇਵਾ ਨਿਭਾਉਣ ਦੀ ਪ੍ਰੇਰਨਾ ਕੀਤੀ ਅਤੇ ਸਮਰਪਣ ਭਾਵਨਾ ਅਨੁਸਾਰ ਕੰਮ ਕਰਨ ਨੂੰ ਤਰਜੀਹੀ ਤੌਰ ‘ਤੇ ਅਪਣਾਉਣ ਲਈ ਕਿਹਾ। ਉਨ੍ਹਾਂ ਨੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਵਿਖੇ ਪ੍ਰਕਾਸ਼ ਪੁਰਬ ਮਨਾਉਣ ਅਤੇ ਗੁਰੂ ਸਾਹਿਬ ਦੇ ਵੱਡੇ ਤੇ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜਿਆਂ ਸਮੇਂ ਪੁੱਜਣ ਵਾਲੀਆਂ ਸੰਗਤਾਂ ਦੇ ਪ੍ਰਬੰਧਾਂ ਲਈ ਮੁਲਾਜ਼ਮਾਂ ਦੀਆਂ ਡਿਊਟੀਆਂ ਲਗਾਉਣ ਦੇ ਆਦੇਸ਼ ਕੀਤੇ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਸ. ਗੁਰਬਚਨ ਸਿੰਘ ਕਰਮੂੰਵਾਲਾ ਨੇ ਵੀ ਅਧਿਕਾਰੀਆਂ ਨੂੰ ਆਪਸੀ ਤਾਲਮੇਲ ਨਾਲ ਪ੍ਰਬੰਧਕੀ ਸੇਵਾਵਾਂ ਨਿਭਾਉਣ ਲਈ ਪ੍ਰੇਰਨਾ ਕੀਤੀ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਜਨਰਲ ਸਕੱਤਰ ਸ. ਗੁਰਬਚਨ ਸਿੰਘ ਕਰਮੂੰਵਾਲਾ, ਅੰਤ੍ਰਿੰਗ ਕਮੇਟੀ ਮੈਂਬਰ ਬਾਬਾ ਗੁਰਮੀਤ ਸਿੰਘ ਤਰਲੋਕੇਵਾਲਾ ਅਤੇ ਸ. ਗੁਰਮੀਤ ਸਿੰਘ ਬੂਹ, ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਭਾਈ ਅਜਾਇਬ ਸਿੰਘ ਅਭਿਆਸੀ, ਮੁੱਖ ਸਕੱਤਰ ਡਾ. ਰੂਪ ਸਿੰਘ, ਸਕੱਤਰ ਸ. ਅਵਤਾਰ ਸਿੰਘ ਸੈਂਪਲਾ, ਸ. ਮਨਜੀਤ ਸਿੰਘ, ਸ. ਹਰਭਜਨ ਸਿੰਘ ਮਨਾਵਾਂ, ਸ. ਮਹਿੰਦਰ ਸਿੰਘ ਆਹਲੀ, ਵਧੀਕ ਸਕੱਤਰ ਸ. ਸੁਖਦੇਵ ਸਿੰਘ ਭੂਰਾ ਕੋਹਨਾ, ਸ. ਬਲਵਿੰਦਰ ਸਿੰਘ ਜੌੜਾਸਿੰਘਾ, ਸ. ਕੇਵਲ ਸਿੰਘ ਭੂਰਾ ਕੋਹਨਾ, ਸ. ਦਿਲਜੀਤ ਸਿੰਘ ਬੇਦੀ, ਸ. ਬਿਜੈ ਸਿੰਘ, ਸ. ਸੁਲੱਖਣ ਸਿੰਘ ਮੈਨੇਜਰ ਸ੍ਰੀ ਦਰਬਾਰ ਸਾਹਿਬ, ਮੀਤ ਸਕੱਤਰ ਸ. ਕੁਲਵਿੰਦਰ ਸਿੰਘ ਰਮਦਾਸ, ਸ. ਜਗਜੀਤ ਸਿੰਘ ਜੱਗੀ, ਸ. ਸਕੱਤਰ ਸਿੰਘ, ਸ. ਹਰਜੀਤ ਸਿੰਘ ਲਾਲੂਘੁੰਮਣ, ਸ. ਸਤਿੰਦਰ ਸਿੰਘ, ਸ. ਮਹਿੰਦਰ ਸਿੰਘ, ਸ. ਚਾਨਣ ਸਿੰਘ, ਸ. ਹਰਿੰਦਰਪਾਲ ਸਿੰਘ, ਸ. ਹਰਜਿੰਦਰ ਸਿੰਘ ਕੈਰੋਂਵਾਲ, ਸ. ਮਲਕੀਤ ਸਿੰਘ ਬਹਿੜਵਾਲ ਸਹਾਇਕ ਸੁਪ੍ਰਿੰਟੈਂਡੈਂਟ ਆਦਿ ਹਾਜ਼ਰ ਸਨ।

ਸ. ਜਗਜੀਤ ਸਿੰਘ ਜੱਗੀ ਨਿੱਜੀ ਸਹਾਇਕ ਬਣੇ


ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੇ ਨਿੱਜੀ ਸਹਾਇਕ ਵਜੋਂ ਮੀਤ ਸਕੱਤਰ ਸ. ਜਗਜੀਤ ਸਿੰਘ ਜੱਗੀ ਸੇਵਾ ਨਿਭਾਉਣਗੇ। ਉਨ੍ਹਾਂ ਨੂੰ ਇਹ ਜ਼ਿੰਮੇਵਾਰੀ ਅੱਜ ਮੁੱਖ ਦਫਤਰ ਪਹੁੰਚੇ ਭਾਈ ਲੌਂਗੋਵਾਲ ਨੇ ਸੌਂਪੀ ਹੈ। ਇਸ ਮੌਕੇ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਜਿੱਥੇ ਸ. ਜਗਜੀਤ ਸਿੰਘ ਨੂੰ ਉਨ੍ਹਾਂ ਦੀ ਨਵੀਂ ਜ਼ਿੰਮੇਵਾਰੀ ਦੀ ਕੁਰਸੀ ‘ਤੇ ਬਿਠਾਇਆ ਉਥੇ ਹੀ ਉਨ੍ਹਾਂ ਨੂੰ ਭਵਿੱਖ ਵਿਚ ਸੰਸਥਾ ਦੀ ਬੇਹਤਰੀ ਲਈ ਸੇਵਾਵਾਂ ਨਿਭਾਉਣ ਲਈ ਸ਼ੁੱਭ ਕਾਮਨਾਵਾਂ ਵੀ ਭੇਟ ਕੀਤੀਆਂ। ਸ. ਜਗਜੀਤ ਸਿੰਘ ਜੱਗੀ ਇਸ ਤੋਂ ਪਹਿਲਾਂ ਧਰਮ ਪ੍ਰਚਾਰ ਕਮੇਟੀ ਵਿਖੇ ਬਤੌਰ ਮੀਤ ਸਕੱਤਰ ਸੇਵਾ ਨਿਭਾਅ ਰਹੇ ਸਨ। ੧੯੮੨ ਵਿਚ ਭਰਤੀ ਹੋਏ ਸ. ਜਗਜੀਤ ਸਿੰਘ ਨੇ ਆਪਣੀ ਲੰਮੀ ਸੇਵਾ ਦੌਰਾਨ ਵੱਖ-ਵੱਖ ਜ਼ਿੰਮੇਵਾਰ ਪਦਵੀਆਂ ‘ਤੇ ਰਹਿੰਦਿਆਂ ਸੰਸਥਾ ਲਈ ਕੰਮ ਕੀਤਾ ਹੈ।