ਅੰਮ੍ਰਿਤਸਰ, ੦੫ ਦਸੰਬਰ- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਸਿੱਖ ਇਤਿਹਾਸ ਰੀਸਰਚ ਬੋਰਡ ਵੱਲੋਂ ਪ੍ਰਕਾਸ਼ਤ ਅਤੇ ਸ਼੍ਰੋਮਣੀ ਕਮੇਟੀ ਦੇ ਵਧੀਕ ਸਕੱਤਰ ਸ. ਦਿਲਜੀਤ ਸਿੰਘ ਬੇਦੀ ਦੁਆਰਾ ਸੰਪਾਦਤ ਪੁਸਤਕ ‘ਦਸਮ ਪਾਤਸ਼ਾਹ ਦਾ ਵਿਸ਼ਵ ਦ੍ਰਿਸ਼ਟੀਕੋਣ’ ਲੋਕ ਅਰਪਣ ਕੀਤੀ। ਇਸ ਮੌਕੇ ਉਨ੍ਹਾਂ ਨੇ ਸ. ਦਿਲਜੀਤ ਸਿੰਘ ਬੇਦੀ ਨੂੰ ਪੁਸਤਕ ਦੀ ਸੰਪਾਦਨਾ ਲਈ ਮੁਬਾਰਕਬਾਦ ਦਿੰਦਿਆਂ ਆਸ ਪ੍ਰਗਟ ਕੀਤੀ ਕਿ ਇਸ ਪੁਸਤਕ ਤੋਂ ਸੰਗਤਾਂ ਅਤੇ ਖੋਜਕਾਰ ਭਰਪੂਰ ਲਾਹਾ ਪ੍ਰਾਪਤ ਕਰਨਗੇ।
ਇਸ ਮੌਕੇ ਪੁਸਤਕ ਦੇ ਸੰਪਾਦਕ ਸ. ਦਿਲਜੀਤ ਸਿੰਘ ਬੇਦੀ ਨੇ ਦੱਸਿਆ ਕਿ ਪੁਸਤਕ ਵਿਚ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਦਰਸ਼ਨ ਨਾਲ ਸਬੰਧਤ ੫੦ ਦੇ ਲਗਭਗ ਵੱਖ-ਵੱਖ ਪ੍ਰਸਿੱਧ ਲੇਖਕਾਂ ਦੇ ਖੋਜ ਭਰਪੂਰ ਲੇਖ ਸ਼ਾਮਲ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਪੁਸਤਕ ਅੰਦਰ ਦਸਮ ਗੁਰੂ ਸਾਹਿਬ ਦੇ ਜੀਵਨ, ਉਨ੍ਹਾਂ ਦੀ ਘਾਲਣਾ ਅਤੇ ਉਨ੍ਹਾਂ ਦੀ ਵਿਚਾਰਧਾਰਾ ਨੂੰ ਉਭਾਰਿਆ ਗਿਆ ਹੈ। ਪੁਸਤਕ ਵਿਚ ਸ਼ਾਮਲ ਲੇਖਾਂ ਦੇ ਲੇਖਕਾਂ ਬਾਰੇ ਸ. ਬੇਦੀ ਨੇ ਦੱਸਿਆ ਕਿ ਜਿੱਥੇ ਇਸ ਵਿਚ ਸਾਬਕਾ ਪ੍ਰਧਾਨ ਪ੍ਰੋ: ਕਿਰਪਾਲ ਸਿੰਘ ਬਡੂੰਗਰ ਸਮੇਤ ਡਾ. ਧਰਮ ਸਿੰਘ, ਡਾ. ਹਰਚੰਦ ਸਿੰਘ ਬੇਦੀ, ਡਾ. ਗੁਰਬੀਰ ਸਿੰਘ, ਪ੍ਰੋ: ਪ੍ਰਭਜੋਤ ਕੌਰ, ਡਾ. ਗੁਰਤੇਜ ਸਿੰਘ ਠੀਕਰੀਵਾਲਾ, ਡਾ. ਬਲਵਿੰਦਰ ਸਿੰਘ ਥਿੰਦ, ਡਾ. ਸਤਿੰਦਰਪਾਲ ਸਿੰਘ, ਡਾ. ਗੁਲਜਾਰ ਸਿੰਘ ਕੰਗ, ਡਾ. ਜੋਗੇਸ਼ਵਰ ਸਿੰਘ, ਡਾ. ਅਮਰਜੀਤ ਸਿੰਘ, ਡਾ. ਤਜਿੰਦਰਪਾਲ ਸਿੰਘ, ਡਾ. ਪਰਮਵੀਰ ਸਿੰਘ, ਡਾ. ਮਨਵਿੰਦਰ ਸਿੰਘ, ਡਾ. ਜਸਬੀਰ ਸਿੰਘ ਸਰਨਾ ਆਦਿ ਦੇ ਮੌਲਕ ਲੇਖ ਦਿੱਤੇ ਗਏ ਹਨ, ਉਥੇ ਹੀ ਕੁਝ ਬਹੁਤ ਹੀ ਬਿਹਤਰੀਨ ਅਤੇ ਖੋਜ ਭਰਪੂਰ ਪੁਰਾਤਨ ਲੇਖਾਂ ਨੂੰ ਵੀ ਥਾਂ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਕੁੱਲ ਮਿਲਾ ਕੇ ਪੁਸਤਕ ਅੰਦਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਨਾਲ ਸਬੰਧਤ ਹਰ ਪੱਖ ਨੂੰ ਉਭਾਰਨ ਦਾ ਯਤਨ ਕੀਤਾ ਗਿਆ ਹੈ।
ਇਸ ਮੌਕੇ ਹੋਰਨਾ ਤੋਂ ਇਲਾਵਾ ਅੰਤ੍ਰਿੰਗ ਕਮੇਟੀ ਮੈਂਬਰ ਬਾਬਾ ਗੁਰਮੀਤ ਸਿੰਘ ਤਰਲੋਕੇਵਾਲਾ, ਮੈਂਬਰ ਭਾਈ ਰਜਿੰਦਰ ਸਿੰਘ ਮਹਿਤਾ, ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ, ਸਕੱਤਰ ਸ. ਅਵਤਾਰ ਸਿੰਘ ਸੈਂਪਲਾ, ਵਧੀਕ ਸਕੱਤਰ ਸ. ਬਿਜੈ ਸਿੰਘ, ਸ਼੍ਰੋਮਣੀ ਕਮੇਟੀ ਪ੍ਰਧਾਨ ਦੇ ਨਿੱਜੀ ਸਹਾਇਕ ਸ. ਜਗਜੀਤ ਸਿੰਘ ਜੱਗੀ, ਪ੍ਰੋ: ਸੁਖਦੇਵ ਸਿੰਘ, ਸ. ਕਿਰਪਾਲ ਸਿੰਘ ਸਕਾਲਰ, ਸ. ਰਵੇਲ ਸਿੰਘ ਚੇਅਰਮੈਨ, ਸ. ਗੁਰਦਰਸ਼ਨ ਸਿੰਘ ਸਾਬਕਾ ਐਡੀਸ਼ਨਲ ਸਕੱਤਰ ਆਦਿ ਹਾਜ਼ਰ ਸਨ।