ਤੁਰਕੀ ‘ਚ ਸਿੱਖ ਖਿਡਾਰੀ ਨੂੰ ਕੇਸਕੀ ਉਤਾਰ ਕੇ ਖੇਡਣ ਲਈ ਮਜ਼ਬੂਰ ਕਰਨਾ ਮੰਦਭਾਗਾ-ਭਾਈ ਲੌਂਗੋਵਾਲ
ਭਾਰਤ ਦੇ ਵਿਦੇਸ਼ ਮੰਤਰਾਲੇ ਤੋਂ ਦੋਵਾਂ ਘਟਨਾਵਾਂ ਲਈ ਦਖ਼ਲ ਮੰਗਿਆ

ਅੰਮ੍ਰਿਤਸਰ, ੯ ਅਗਸਤ- ਅਮਰੀਕਾ ‘ਚ ਸਿੱਖਾਂ ‘ਤੇ ਬਾਰ-ਬਾਰ ਕੀਤੇ ਜਾ ਰਹੇ ਨਸਲੀ ਹਮਲੇ ਗਹਿਰੀ ਚਿੰਤਾ ਦਾ ਵਿਸ਼ਾ ਹਨ ਅਤੇ ਭਾਰਤ ਸਰਕਾਰ ਨੂੰ ਇਹ ਮਾਮਲਾ ਅਮਰੀਕਾ ਸਰਕਾਰ ਪਾਸ ਸੰਜੀਦਗੀ ਨਾਲ ਉਠਾਉਣਾ ਚਾਹੀਦਾ ਹੈ। ਇਹ ਪ੍ਰਗਟਾਵਾ ਕਰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਦੁੱਖ ਨਾਲ ਕਿਹਾ ਕਿ ਅਮਰੀਕਾ ‘ਚ ਇਕ ਹਫ਼ਤੇ ਅੰਦਰ ਹੀ ਦੋ ਸਿੱਖਾਂ ਨੂੰ ਨਫ਼ਰਤੀ ਹਿੰਸਾ ਦਾ ਸ਼ਿਕਾਰ ਬਣਾਇਆ ਗਿਆ। ਉਨ੍ਹਾਂ ਕਿਹਾ ਕਿ ਅਜੇ ਕੁਝ ਦਿਨ ਪਹਿਲਾਂ ਹੀ ਕੈਲੇਫੋਰਨੀਆ ‘ਚ ੫੦ ਸਾਲਾ ਸ. ਸੁਰਜੀਤ ਸਿੰਘ ਮੱਲ੍ਹੀ ‘ਤੇ ਨਸਲੀ ਹਮਲੇ ਦੀਆਂ ਖ਼ਬਰਾਂ ਦੀ ਸਿਆਹੀ ਵੀ ਨਹੀਂ ਸੀ ਸੁੱਕੀ ਕਿ ਹੁਣ ੭੧ ਸਾਲਾ ਇਕ ਬਜ਼ੁਰਗ ਸਿੱਖ ਸ. ਸਾਹਿਬ ਸਿੰਘ ਦੀ ਕੈਲੇਫੋਰਨੀਆ ਦੇ ਹੀ ਇਕ ਇਲਾਕੇ ਵਿਚ ਕੁਟਮਾਰ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਨਫ਼ਰਤੀ ਅਪਰਾਧਾਂ ਦੀਆਂ ਅਮਰੀਕਾ ਅੰਦਰ ਵਧ ਰਹੀਆਂ ਘਟਨਾਵਾਂ ਨੂੰ ਰੋਕਣ ਲਈ ਭਾਰਤ ਸਰਕਾਰ ਦੇ ਵਿਦੇਸ਼ ਮੰਤਰਾਲੇ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਪੱਤਰ ਲਿਖਿਆ ਜਾਵੇਗਾ। ਉਨ੍ਹਾਂ ਆਖਿਆ ਕਿ ਸਿੱਖਾਂ ਦਾ ਅਮਰੀਕਾ ਦੀ ਤਰੱਕੀ ਵਿਚ ਵੱਡਾ ਯੋਗਦਾਨ ਹੈ ਅਤੇ ਉਥੋਂ ਦੀ ਸਰਕਾਰ ਨੂੰ ਸਿੱਖਾਂ ਦੀ ਸੁਰੱਖਿਆ ਲਈ ਢੁੱਕਵੇਂ ਕਦਮ ਚੁੱਕਣੇ ਚਾਹੀਦੇ ਹਨ। ਭਾਈ ਲੌਂਗੋਵਾਲ ਨੇ ਵਿਦੇਸ਼ਾਂ ਅੰਦਰ ਸਥਿਤ ਗੁਰਦੁਆਰਾ ਸਾਹਿਬਾਨ ਦੀਆਂ ਕਮੇਟੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਆਪੋ-ਆਪਣੇ ਦੇਸ਼ਾਂ ਦੀਆਂ ਸਰਕਾਰਾਂ ਨੂੰ ਸਿੱਖਾਂ ‘ਤੇ ਹੋ ਰਹੇ ਨਸਲੀ ਹਮਲਿਆਂ ਪ੍ਰਤੀ ਜਾਣੂ ਕਰਵਾਉਣ ਅਤੇ ਇਨ੍ਹਾਂ ਦੇ ਹੱਲ ਲਈ ਵੀ ਦਬਾਅ ਬਣਾਉਣ। ਉਨ੍ਹਾਂ ਵਿਦੇਸ਼ਾਂ ਅੰਦਰ ਜ਼ੁੰਮੇਵਾਰ ਅਹੁਦਿਆਂ ‘ਤੇ ਬੈਠੇ ਸਿੱਖਾਂ ਨੂੰ ਇਸ ਮਾਮਲੇ ਵਿਚ ਅੱਗੇ ਆਉਣ ਲਈ ਕਿਹਾ। ਉਨ੍ਹਾਂ ਕਿਹਾ ਕਿ ਅੱਜ ਵੱਖ-ਵੱਖ ਦੇਸ਼ਾਂ ਅੰਦਰ ਸਰਕਾਰਾਂ ਵਿਚ ਵੀ ਸਿੱਖ ਭਾਈਵਾਲ ਬਣੇ ਹੋਏ ਹਨ ਅਤੇ ਉਨ੍ਹਾਂ ਨੂੰ ਚਾਹੀਦਾ ਹੈ ਕਿ ਸਿੱਖਾਂ ਦੇ ਅਜਿਹੇ ਮਸਲਿਆਂ ਨੂੰ ਸਰਕਾਰਾਂ ਨਾਲ ਵਿਚਾਰਨ ਤਾਂ ਜੋ ਇਨ੍ਹਾਂ ਦਾ ਹੱਲ ਨਿਕਲ ਸਕੇ।
ਇਸੇ ਦੌਰਾਨ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਲੌਂਗੋਵਾਲ ਨੇ ਤੁਰਕੀ ਵਿਚ ਵਿਸ਼ਵ ਪੱਧਰੀ ਕੁਸ਼ਤੀ ਮੁਕਾਬਲਿਆਂ ਦੌਰਾਨ ਤਰਨ ਤਾਰਨ ਦੇ ਸ. ਜਸਕੰਵਰਬੀਰ ਸਿੰਘ ਨੂੰ ਪਟਕਾ ਉਤਾਰਨ ਲਈ ਮਜ਼ਬੂਰ ਕਰਨ ਦੀ ਵੀ ਨਿੰਦਾ ਕੀਤੀ ਹੈ। ਉਨ੍ਹਾਂ ਆਖਿਆ ਕਿ ਇਹ ਗੱਲ ਸਮਝ ਤੋਂ ਬਾਹਰ ਹੈ ਕਿ ਇਕ ਸਿੱਖ ਨੂੰ ਪਟਕੇ ਸਮੇਤ ਖੇਡਣ ਦੇਣ ਵਿਚ ਕੀ ਸਮੱਸਿਆ ਖੜ੍ਹੀ ਹੁੰਦੀ ਹੈ। ਉਨ੍ਹਾਂ ਕਿਹਾ ਕਿ ਸਿੱਖ ਧਰਮ ਦਾ ਆਪਣਾ ਸੱਭਿਆਚਾਰ, ਇਤਿਹਾਸ ਅਤੇ ਰਵਾਇਤਾਂ ਹਨ, ਜਿਸ ਦਾ ਪਾਲਣ ਕਰਨ ਸਮੇਂ ਸਿੱਖਾਂ ਲਈ ਦਸਤਾਰ (ਪਟਕਾ) ਜ਼ਰੂਰੀ ਹੈ। ਸ. ਜਸਕੰਵਰਬੀਰ ਸਿੰਘ ਵੱਲੋਂ ਪਟਕਾ ਉਤਾਰ ਕੇ ਖੇਡਣ ਤੋਂ ਇਨਕਾਰ ‘ਤੇ ਉਸਦੀ ਪ੍ਰੰਸ਼ਸਾ ਕਰਦਿਆਂ ਭਾਈ ਲੌਂਗੋਵਾਲ ਨੇ ਆਖਿਆ ਕਿ ਅਜਿਹਾ ਕਰਕੇ ਉਸ ਨੇ ਸਿੱਖੀ ਦਾ ਮਾਣ ਵਧਾਇਆ ਹੈ। ਉਨ੍ਹਾਂ ਭਾਰਤ ਦੀ ਵਿਦੇਸ਼ ਮੰਤਰੀ ਸ੍ਰੀਮਤੀ ਸੁਸ਼ਮਾ ਸਵਰਾਜ ਨੂੰ ਅਪੀਲ ਕੀਤੀ ਕਿ ਉਹ ਅਜਿਹੀਆਂ ਘਟਨਾਵਾਂ ਸਬੰਧੀ ਆਪਣੀ ਜ਼ਿੰਮੇਵਾਰੀ ਸਮਝਦਿਆਂ ਕਾਰਵਾਈ ਕਰਨ।