ਲੰਮਾ ਸਮਾਂ ਬੰਦੀ ਰਹੇ ਭਾਈ ਵਰਿਆਮ ਸਿੰਘ ਦੇ ਚਲਾਣੇ ’ਤੇ ਵੀ ਪ੍ਰਗਟਾਈ ਸੰਵੇਦਨਾ

ਅੰਮ੍ਰਿਤਸਰ, 25 ਮਈ-
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਓਲੰਪਿਕ ਖੇਡਾਂ ਦੌਰਾਨ ਹਾਕੀ ਵਿਚ ਭਾਰਤ ਲਈ ਤਿੰਨ ਵਾਰ ਸੋਨੇ ਦਾ ਤਮਗਾ ਜਿੱਤਣ ਵਾਲੇ ਸ. ਬਲਬੀਰ ਸਿੰਘ ਸੀਨੀਅਰ ਦੇ ਅਕਾਲ ਚਲਾਣੇ ’ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਭਾਈ ਲੌਂਗੋਵਾਲ ਨੇ ਕਿਹਾ ਕਿ ਸ. ਬਲਬੀਰ ਸਿੰਘ ਨੇ ਖੇਡਾਂ ਦੇ ਖੇਤਰ ਵਿਚ ਮਹਾਨ ਪ੍ਰਾਪਤੀਆਂ ਕਰਕੇ ਸਿੱਖ ਕੌਮ ਦਾ ਮਾਣ ਵਧਾਇਆ। ਉਨ੍ਹਾਂ ਦੇ ਯੋਗਦਾਨ ਨੂੰ ਭੁਲਾਇਆ ਨਹੀਂ ਜਾ ਸਕਦਾ। ਸਿੱਖੀ ਸਰੂਪ ਵਿਚ ਦਸਤਾਰ ਦੇ ਗੌਰਵ ਨੂੰ ਉੱਚਾ ਚੁੱਕਣ ਲਈ ਸ. ਬਲਬੀਰ ਸਿੰਘ ਨੇ ਅਹਿਮ ਯੋਗਦਾਨ ਪਾਇਆ, ਜਿਸ ਤੋਂ ਸਿੱਖ ਨੌਜੁਆਨੀ ਅਤੇ ਬੱਚਿਆਂ ਨੂੰ ਪ੍ਰੇਰਣਾ ਲੈਣੀ ਚਾਹੀਦੀ ਹੈ। ਉਨ੍ਹਾਂ ਦੀਆਂ ਪ੍ਰਾਪਤੀਆਂ ਅਤੇ ਦੇਣ ਨੂੰ ਆਉਣ ਵਾਲੀਆਂ ਪੀੜ੍ਹੀਆਂ ਸਦਾ ਯਾਦ ਰੱਖਣਗੀਆਂ। ਉਨ੍ਹਾਂ ਦਾ ਜੀਵਨ ਭਵਿੱਖ ਦੀਆਂ ਪੀੜ੍ਹੀਆਂ ਲਈ ਪ੍ਰੇਰਣਾ ਸਰੋਤ ਬਣਿਆ ਰਹੇਗਾ। ਉਨ੍ਹਾਂ ਕਰਤਾ ਪੁਰਖ ਅੱਗੇ ਅਰਦਾਸ ਕੀਤੀ ਕਿ ਉਹ ਵਿਛੜੀ ਰੂਹ ਨੂੰ ਆਪਣੇ ਚਰਣਾਂ ਵਿਚ ਨਿਵਾਸ ਦੇਣ।
ਇਸੇ ਦੌਰਾਨ ਭਾਈ ਲੌਂਗੋਵਾਲ ਨੇ ਲੰਮਾਂ ਸਮਾਂ ਜ਼ੇਲ੍ਹ ਵਿਚ ਬੰਦੀ ਰਹੇ ਭਾਈ ਵਰਿਆਮ ਸਿੰਘ ਦੇ ਅਕਾਲ ਚਲਾਣੇ ’ਤੇ ਵੀ ਅਫ਼ਸੋਸ ਪ੍ਰਗਟਾਇਆ ਹੈ। ਉਨ੍ਹਾਂ ਕਿਹਾ ਕਿ ਭਾਈ ਵਰਿਆਮ ਸਿੰਘ ਨੇ ਕੌਮੀ ਸੰਘਰਸ਼ ਕਰਦਿਆਂ ਆਪਣੀ ਜ਼ਿੰਦਗੀ ਦੇ ਅਹਿਮ 26 ਸਾਲ ਜ਼ੇਲ੍ਹ ਵਿਚ ਬਤੀਤ ਕੀਤੇ। ਉਨ੍ਹਾਂ ਦਾ ਚਲਾਣਾ ਦੁਖਮਈ ਹੈ। ਭਾਈ ਵਰਿਆਮ ਸਿੰਘ ਦੇ ਚਲਾਣੇ ’ਤੇ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ, ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਭਾਈ ਅਜਾਇਬ ਸਿੰਘ ਅਭਿਆਸੀ, ਸਕੱਤਰ ਸ. ਮਨਜੀਤ ਸਿੰਘ ਬਾਠ, ਸ. ਮਹਿੰਦਰ ਸਿੰਘ ਆਹਲੀ ਤੇ ਵਧੀਕ ਸਕੱਤਰ ਸ. ਸੁਖਦੇਵ ਸਿੰਘ ਭੂਰਾਕੋਹਨਾ ਨੇ ਵੀ ਅਫ਼ਸੋਸ ਪ੍ਰਗਟ ਕੀਤਾ।