ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਸਰਹੱਦ ‘ਤੇ ਪੁੱਜਦੀਆਂ ਸੰਗਤਾਂ ਲਈ ਵਾਟਰ ਕੂਲਰ ਲਗਾਉਣ ਦਾ ਕੀਤਾ ਐਲਾਨ

ਕਰਤਾਰਪੁਰ ਸਾਹਿਬ ਦੇ ਲਾਂਘੇ ਦੀ ਮੰਗ ਨੂੰ ਗੰਭੀਰਤਾ ਨਾਲ ਲੈਣ ਸਰਕਾਰਾਂ-ਭਾਈ ਲੌਂਗੋਵਾਲ

ਡੇਰਾ ਬਾਬਾ ਨਾਨਕ, ੧੬ ਜੂਨ – ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਇਤਿਹਾਸਕ ਕਸਬਾ ਡੇਰਾ ਬਾਬਾ ਨਾਨਕ ਵਿਖੇ ਸਥਿਤ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਦੀ ਕਾਰ ਸੇਵਾ ਆਰੰਭ ਕਰਨ ਮੌਕੇ ਪਹੁੰਚੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਸਥਾਨਕ ਕਸਬੇ ਦੇ ਬਿਲਕੁਲ ਨਜ਼ਦੀਕ ਭਾਰਤ ਪਾਕਿਸਤਾਨ ਸਰਹੱਦ ‘ਤੇ ਜਾ ਕੇ ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਲਈ ਖੁੱਲ੍ਹੇ ਲਾਂਘੇ ਦੀ ਅਰਦਾਸ ਕੀਤੀ। ਉਨ੍ਹਾਂ ਨੂੰ ਗੁਰਦੁਆਰਾ ਕਰਤਾਰਪੁਰ ਸਾਹਿਬ ਪਾਕਿਸਤਾਨ ਦੇ ਦਰਸ਼ਨਾਂ ਲਈ ਸਰਹੱਦ ‘ਤੇ ਬਣੇ ਦਰਸ਼ਨ ਸਥਾਨ ਤੋਂ ਬੀ.ਐਸ.ਐਫ. ਦੇ ਜਵਾਨਾਂ ਨੇ ਦੂਰਬੀਨ ਰਾਹੀਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਵਾਏ। ਇਸ ਦੌਰਾਨ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਲਈ ਸਰਹੱਦ ‘ਤੇ ਪਹੁੰਚਦੀਆਂ ਸੰਗਤਾਂ ਨੂੰ ਠੰਡੇ ਪਾਣੀ ਦੀ ਸਹੂਲਤ ਦੇਣ ਲਈ ਸ਼੍ਰੋਮਣੀ ਕਮੇਟੀ ਵੱਲੋਂ ਵਾਟਰ ਕੂਲਰ ਲਗਵਾਉਣ ਦਾ ਐਲਾਨ ਕੀਤਾ।

ਇਸ ਤੋਂ ਪਹਿਲਾਂ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਡੇਰਾ ਬਾਬਾ ਨਾਨਕ ਵਿਖੇ ਗੱਲਬਾਤ ਕਰਦਿਆਂ ਭਾਈ ਲੌਂਗੋਵਾਲ ਨੇ ਕਿਹਾ ਕਿ ਪਾਕਿਸਤਾਨ ਸਥਿਤ ਗੁਰਦੁਆਰਾ ਕਰਤਾਰਪੁਰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਪਾਵਨ ਅਸਥਾਨ ਹੈ ਅਤੇ ਇਸ ਦੇ ਦਰਸ਼ਨਾਂ ਦੀ ਤਾਂਘ ਲੈ ਕੇ ਸੰਗਤਾਂ ਵੱਡੀ ਗਿਣਤੀ ਵਿਚ ਸਰਹੱਦ ‘ਤੇ ਪਹੁੰਚਦੀਆਂ ਹਨ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਲੰਮੇ ਸਮੇਂ ਤੋਂ ਇਸ ਪਾਵਨ ਅਸਥਾਨ ਲਈ ਡੇਰਾ ਬਾਬਾ ਨਾਨਕ ਸਰਹੱਦ ਤੋਂ ਖੁੱਲ੍ਹੇ ਲਾਂਘੇ ਦੀ ਮੰਗ ਕੀਤੀ ਜਾਂਦੀ ਰਹੀ ਹੈ, ਪਰ ਦੁੱਖ ਦੀ ਗੱਲ ਹੈ ਕਿ ਸਰਕਾਰਾਂ ਵੱਲੋਂ ਇਸ ਨੂੰ ਗੰਭੀਰਤਾ ਨਾਲ ਨਹੀਂ ਲਿਆ ਗਿਆ। ਉਨ੍ਹਾਂ ਕਿਹਾ ਕਿ ਹੁਣ ਜਦੋਂ ੨੦੧੯ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ ੫੫੦ ਸਾਲਾ ਪ੍ਰਕਾਸ਼ ਪੁਰਬ ਵਿਸ਼ਵ ਭਰ ਦੀਆਂ ਸੰਗਤਾਂ ਵੱਡੇ ਪੱਧਰ ‘ਤੇ ਮਨਾਉਣ ਜਾ ਰਹੀਆਂ ਹਨ ਤਾਂ ਇਸ ਮੌਕੇ ‘ਤੇ ਡੇਰਾ ਬਾਬਾ ਨਾਨਕ ਤੋਂ ਕੇਵਲ ਕੁਝ ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਦੀਦਾਰ ਲਈ ਸੰਗਤ ਲਾਂਘਾ ਦੇਣ ਲਈ ਸਰਕਾਰਾਂ ਨੂੰ ਪਹਿਲ ਕਦਮੀ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਇਸ ਲਾਂਘੇ ਲਈ ਸ਼੍ਰੋਮਣੀ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸਾਂਝੇ ਵਫ਼ਦ ਵੱਲੋਂ ਬੀਤੇ ਦਿਨੀਂ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨਾਲ ਵੀ ਗੱਲਬਾਤ ਕੀਤੀ ਗਈ ਹੈ ਅਤੇ ਇਸ ਮਾਮਲੇ ਨੂੰ ਲੈ ਕੇ ਭਾਰਤ ਸਰਕਾਰ ਵੱਲੋਂ ਪਾਕਿਸਤਾਨ ਸਰਕਾਰ ਨਾਲ ਗੱਲਬਾਤ ਕਰਨ ਲਈ ਕਿਹਾ ਗਿਆ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਇਸ ਮਾਮਲੇ ਦਾ ਹੱਲ ਜਰੂਰ ਨਿਕਲੇਗਾ।

ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਸ. ਗੁਰਬਚਨ ਸਿੰਘ ਕਰਮੂੰਵਾਲਾ, ਅੰਤ੍ਰਿੰਗ ਮੈਂਬਰ ਸ. ਭਗਵੰਤ ਸਿੰਘ ਸਿਆਲਕਾ, ਸ. ਸੱਜਣ ਸਿੰਘ ਬੱਜੂਮਾਨ, ਸ. ਸੁਖਵਰਸ਼ ਸਿੰਘ ਪੰਨੂੰ ਮੈਂਬਰ ਧਰਮ ਪ੍ਰਚਾਰ ਕਮੇਟੀ, ਨੌਜੁਆਨ ਆਗੂ ਸ. ਸੁਖਵਿੰਦਰ ਸਿੰਘ ਅਗਵਾਨ, ਸ਼੍ਰੋਮਣੀ ਕਮੇਟੀ ਦੇ ਵਧੀਕ ਸਕੱਤਰ ਸ. ਦਿਲਜੀਤ ਸਿੰਘ ਬੇਦੀ, ਸ. ਜਗਜੀਤ ਸਿੰਘ ਜੱਗੀ, ਸ. ਪ੍ਰਤਾਪ ਸਿੰਘ, ਸ. ਸੁਖਦੇਵ ਸਿੰਘ ਭੂਰਾਕੋਹਨਾ, ਸ. ਦਰਸ਼ਨ ਸਿੰਘ ਲੌਂਗੋਵਾਲ ਪੀ.ਏ., ਸ. ਬਿਕਰਮਜੀਤ ਸਿੰਘ ਝੰਗੀ ਆਦਿ ਮੌਜੂਦ ਸਨ।