ਅੰਮ੍ਰਿਤਸਰ, 16 ਅਗਸਤ-
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਸ੍ਰੀ ਅਟਲ ਬਿਹਾਰੀ ਵਾਜਪਾਈ ਦੇ ਅਕਾਲ ਚਲਾਣੇ ’ਤੇ ਅਫਸੋਸ ਪ੍ਰਗਟ ਕੀਤਾ ਹੈ। ਜਾਰੀ ਇੱਕ ਬਿਆਨ ਰਾਹੀਂ ਭਾਈ ਲੌਂਗੋਵਾਲ ਨੇ ਕਿਹਾ ਕਿ ਸ੍ਰੀ ਵਾਜਪਾਈ ਇੱਕ ਦੂਰ ਅੰਦੇਸ਼ ਅਤੇ ਜ਼ਮੀਨ ਨਾਲ ਜੁੜੇ ਹੋਏ ਨੇਤਾ ਸਨ ਅਤੇ ਉਨ੍ਹਾਂ ਨੇ ਦੇਸ਼ ਦੀ ਤਰੱਕੀ ਲਈ ਵੱਡਾ ਯੋਗਦਾਨ ਪਾਇਆ। ਉਨ੍ਹਾਂ ਦੀ ਸ਼ਖ਼ਸੀਅਤ ਸਹਿਜ, ਸੰਜਮ, ਹਲੇਮੀ ਅਤੇ ਨਿਮਰਤਾ ਭਰਪੂਰ ਸੀ ਅਤੇ ਉਹ ਹਰ ਮਾਮਲੇ ’ਤੇ ਧੀਰਜ ਤੇ ਠਰੰਮੇ ਤੋਂ ਕੰਮ ਲੈਂਦੇ ਸਨ। ਭਾਈ ਲੌਂਗੋਵਾਲ ਨੇ ਕਿਹਾ ਕਿ ਸ੍ਰੀ ਵਾਜਪਾਈ ਨੇ ਸਾਰਾ ਜੀਵਨ ਦੇਸ਼ ਨੂੰ ਸਪਰਪਿਤ ਕੀਤਾ ਅਤੇ ਉਨ੍ਹਾਂ ਨੇ ਨਿੱਜੀ ਹਿੱਤਾਂ ਤੋਂ ਉਪਰ ਉਠ ਕੇ ਦੇਸ਼ ਦੀ ਸੇਵਾ ਕੀਤੀ। ਅਜਿਹੇ ਲੋਕ ਨੇਤਾ ਦਾ ਸੰਸਾਰ ਤੋਂ ਤੁਰ ਜਾਣਾ ਦੇਸ਼ ਲਈ ਵੱਡਾ ਘਾਟਾ ਹੈ ਜੋ ਕਦੇ ਵੀ ਪੂਰਾ ਨਹੀਂ ਹੋ ਸਕਦਾ।