ਅੰਮ੍ਰਿਤਸਰ, 4 ਜੂਨ-
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਸਿੱਖ ਜਗਤ ਨੂੰ ਅਪੀਲ ਕੀਤੀ ਹੈ ਕਿ ਜੂਨ 1984 ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅਤੇ ਸ੍ਰੀ ਅਕਾਲ ਤਖਤ ਸਾਹਿਬ ’ਤੇ ਸਮੇਂ ਦੀ ਕਾਂਗਰਸ ਸਰਕਾਰ ਵੱਲੋਂ ਕੀਤੇ ਗਏ ਫ਼ੌਜੀ ਹਮਲੇ ਦੌਰਾਨ ਸ਼ਹੀਦ ਹੋਏ ਸਿੰਘ, ਸਿੰਘਣੀਆਂ ਤੇ ਭੁਝੰਗੀਆਂ ਨੂੰ ਸ਼ਰਧਾ ਤੇ ਸਤਿਕਾਰ ਭੇਟ ਕਰਨ ਲਈ ਸ੍ਰੀ ਅਕਾਲ ਤਖਤ ਸਾਹਿਬ ’ਤੇ 6 ਜੂਨ ਨੂੰ ਹੋਣ ਵਾਲਾ ਸ਼ਹੀਦੀ ਸਮਾਗਮ ਕੌਮੀ ਇਕਜੁਟਤਾ ਨਾਲ ਮਨਾਇਆ ਜਾਵੇ। ਜਾਰੀ ਇੱਕ ਬਿਆਨ ਵਿਚ ਭਾਈ ਲੌਂਗੋਵਾਲ ਨੇ ਆਖਿਆ ਕਿ ਇਹ ਦਿਹਾੜਾ ਸਿੱਖ ਕੌਮ ਲਈ ਕਦੇ ਨਾ ਭੁਲਾਇਆ ਜਾਣ ਵਾਲਾ ਦੁਖਾਂਤ ਹੈ ਅਤੇ ਇਸ ਮੌਕੇ ’ਤੇ ਸ਼ਹੀਦਾਂ ਨੂੰ ਸ਼ਰਧਾ ਤੇ ਸਤਿਕਾਰ ਭੇਟ ਕਰਨ ਸਮੇਂ ਸੰਜੀਦਗੀ, ਸੁਹਿਰਦਤਾ ਅਤੇ ਗਹਿਰ-ਗੰਭੀਰਤਾ ਬੇਹੱਦ ਜ਼ਰੂਰੀ ਹੈ। ਇਸ ਅਤਿ-ਭਾਵੁਕ ਤੇ ਸੰਵੇਦਨਸ਼ੀਲ ਮੌਕੇ ਸਮੁੱਚੇ ਸਿੱਖ ਜਗਤ ਦੀ ਇਹ ਜ਼ੁੰਮੇਵਾਰੀ ਹੈ ਕਿ ਕਿਸੇ ਵੀ ਤਰ੍ਹਾਂ ਅਜਿਹਾ ਮਾਹੌਲ ਪੈਦਾ ਨਾ ਹੋਣ ਦਿੱਤਾ ਜਾਵੇ ਜਿਸ ਨਾਲ ਕੌਮ ਦਾ ਦੇਸ਼ ਦੁਨੀਆ ਵਿਚ ਅਕਸ ਵਿਗੜੇ। ਉਨ੍ਹਾਂ ਸਮੁੱਚੀਆਂ ਸਿੱਖ ਜਥੇਬੰਦੀਆਂ ਤੇ ਸੰਗਤਾਂ ਨੂੰ 6 ਜੂਨ ਦੇ ਸ਼ਹੀਦੀ ਸਮਾਗਮ ਮੌਕੇ ਸਹਿਯੋਗ ਦੇਣ ਦੀ ਅਪੀਲ ਕਰਦਿਆਂ ਕਿਹਾ ਕਿ ਸ਼ਹੀਦ ਸਾਰੀ ਕੌਮ ਦੇ ਸਾਂਝੇ ਹੁੰਦੇ ਹਨ ਅਤੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕਰਨ ਸਮੇਂ ਕੌਮੀ ਇਕਜੁਟਤਾ ਬਣੀ ਰਹਿਣੀ ਚਾਹੀਦੀ ਹੈ। ਇਸ ਦੇ ਨਾਲ ਹੀ ਉਨਾਂ ਸਮੁੱਚੀਆਂ ਗੁਰਦੁਆਰਾ ਕਮੇਟੀਆਂ ਤੇ ਸੰਗਤਾਂ ਨੂੰ ਵੀ ਅਪੀਲ ਕੀਤੀ ਕਿ 6 ਜੂਨ ਨੂੰ ਗੁਰੂ-ਘਰਾਂ ਵਿੱਚ ਸ਼ਹੀਦਾਂ ਨੂੰ ਸਮਰਪਿਤ ਅਰਦਾਸ ਕਰਕੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਜਾਵੇ।