-ਸ਼੍ਰੋਮਣੀ ਕਮੇਟੀ ਵੱਲੋਂ ਜਥੇਦਾਰ ਪੰਜੋਲੀ ਨੇ ਕੀਤੀ ਸ਼ਮੂਲੀਅਤ
-ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਭੇਜੇ ਸ਼ੋਕ ਸੰਦੇਸ਼

ਅੰਮ੍ਰਿਤਸਰ, 2 ਜੂਨ- 26 ਸਾਲ ਜੇਲ੍ਹ ਵਿਚ ਬੰਦੀ ਰਹੇ ਸਿੱਖ ਕੈਦੀ ਭਾਈ ਵਰਿਆਮ ਸਿੰਘ ਸਬੰਧੀ ਉੱਤਰ ਪ੍ਰਦੇਸ਼ ਦੇ ਪਿੰਡ ਬਰੀਬਾਰਾ ਵਿਖੇ ਹੋਏ ਅੰਤਿਮ ਅਰਦਾਸ ਸਮਾਗਮ ਮੌਕੇ ਉਨ੍ਹਾਂ ਦੇ ਸਪੁੱਤਰ ਸ. ਜਗਦੀਸ ਸਿੰਘ ਅਤੇ ਸ. ਜਸਵਿੰਦਰ ਸਿੰਘ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੁੱਜੇ ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਕਰਨੈਲ ਸਿੰਘ ਪੰਜੋਲੀ ਨੇ ਗੁਰੂ ਬਖਸ਼ਿਸ਼ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ। ਦੱਸਣਯੋਗ ਹੈ ਕਿ ਭਾਈ ਵਰਿਆਮ ਸਿੰਘ ਬੀਤੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ। ਉਨ੍ਹਾਂ ਨਮਿਤ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਵੱਲੋਂ ਸ਼ੋਕ ਸੰਦੇਸ਼ ਵੀ ਭੇਜੇ ਗਏ। ਕੋਰੋਨਾ ਵਾਇਰਸ ਕਾਰਨ ਸੰਖੇਪ ਰੂਪ ਵਿਚ ਕੀਤੇ ਗਏ ਅੰਤਿਮ ਅਰਦਾਸ ਸਮਾਗਮ ਦੌਰਾਨ ਕੇਵਲ ਭਾਈ ਵਰਿਆਮ ਸਿੰਘ ਦੇ ਪਰਿਵਾਰਕ ਮੈਂਬਰ ਤੇ ਕੁਝ ਚੋਣਵੇਂ ਨਜ਼ਦੀਕੀ ਹੀ ਸ਼ਾਮਲ ਹੋਏ। ਆਪਣੇ ਸ਼ੋਕ ਸੰਦੇਸ਼ ਵਿਚ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਭਾਈ ਵਰਿਆਮ ਸਿੰਘ ਨੂੰ ਸਿੱਖ ਕੌਮ ਦਾ ਹੀਰਾ ਆਖਿਆ। ਉਨ੍ਹਾਂ ਕਿਹਾ ਕਿ ਸਿੱਖ ਸੰਘਰਸ਼ ਅੰਦਰ ਭਾਈ ਸਾਹਿਬ ਦਾ ਅਹਿਮ ਯੋਗਦਾਨ ਹੈ। ਉਨ੍ਹਾਂ ਜਿੰਦਗੀ ਦਾ ਲੰਮਾ ਸਮਾਂ ਜੇਲ੍ਹ ਵਿਚ ਬਤੀਤ ਕਰਦਿਆਂ ਸਿੱਖ ਸਿਧਾਂਤਾਂ ’ਤੇ ਪਹਿਰਾ ਦਿੱਤਾ। ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਆਪਣੇ ਸ਼ੋਕ ਸੰਦੇਸ਼ ਵਿਚ ਭਾਈ ਵਰਿਆਮ ਸਿੰਘ ਨੂੰ ਕੌਮ ਪ੍ਰਸਤ ਆਖਿਆ। ਉਨ੍ਹਾਂ ਕਿਹਾ ਕਿ ਭਾਈ ਵਰਿਆਮ ਸਿੰਘ ਦਾ ਸਿੱਖ ਜਗਤ ਅੰਦਰ ਵੱਡਾ ਸਤਿਕਾਰ ਹੈ ਅਤੇ ਉਨ੍ਹਾਂ ਨੂੰ ਕੌਮ ਵੱਲੋਂ ਹਮੇਸ਼ਾਂ ਯਾਦ ਰੱਖਿਆ ਜਾਵੇਗਾ।
ਭਾਈ ਵਰਿਆਮ ਸਿੰਘ ਦੀ ਅੰਤਿਮ ਅਰਦਾਸ ਵਿਚ ਸ਼ਾਮਲ ਹੋਏ ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਕਰਨੈਲ ਸਿੰਘ ਪੰਜੋਲੀ ਨੇ ਕਿਹਾ ਕਿ ਭਾਈ ਵਰਿਆਮ ਸਿੰਘ ਵਰਗੇ ਲੱਖਾਂ ਨੌਜਵਾਨਾਂ ਨੇ ਖ਼ਾਲਸਾ ਪੰਥ ਦੀ ਨਿਆਰੀ ਹੋਂਦ ਹਸਤੀ ਨੂੰ ਬਰਕਰਾਰ ਰੱਖਣ ਲਈ ਕੁਰਬਾਨੀਆਂ ਦਿੱਤੀਆਂ। ਕੌਮ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਅਗਵਾਈ ਵਿਚ ਹਮੇਸ਼ਾਂ ਇਕੱਠੇ ਰਹਿਣਾ ਚਾਹੀਦਾ ਹੈ। ਇਸ ਮੌਕੇ ਜਥੇਦਾਰ ਪੰਜੋਲੀ ਨੇ ਸ਼੍ਰੋਮਣੀ ਕਮੇਟੀ ਵੱਲੋਂ ਭਾਈ ਵਰਿਆਮ ਸਿੰਘ ਦੇ ਪਰਿਵਾਰ ਨੂੰ 51000-/ ਹਜ਼ਾਰ ਰੁਪਏ ਦੀ ਸਹਾਇਤਾ ਦਾ ਚੈੱਕ ਸੋਂਪਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਦਮਦਮੀ ਟਕਸਾਲ ਦੇ ਮੁੱਖੀ ਬਾਬਾ ਹਰਨਾਮ ਸਿੰਘ ਖ਼ਾਲਸਾ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਬਾਬਾ ਬਲਬੀਰ ਸਿੰਘ ਮੁੱਖੀ ਬੁੱਢਾ ਦਲ, ਮਾਤਾ ਗੁਜਰੀ ਸਹਾਰਾ ਟਰੱਸਟ ਕਲਰਭੈਣੀ ਸਮੇਤ ਕਈ ਪ੍ਰਮੁੱਖ ਸ਼ਖ਼ਸੀਅਤਾਂ ਅਤੇ ਜਥੇਬੰਦੀਆਂ ਵੱਲੋਂ ਵੀ ਆਪਣੇ ਸ਼ੋਕ ਸਨੇਹੇ ਭੇਜੇ ਗਏ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਿੱਖ ਮਿਸ਼ਨ ਹਾਪੜ ਦੇ ਇੰਚਾਰਜ ਸ. ਬ੍ਰਿਜਪਾਲ ਸਿੰਘ, ਸ. ਸੁਰਿੰਦਰ ਸਿੰਘ ਸਮਾਣਾ, ਸਿੱਖ ਸਕਾਲਰ ਸ. ਜਗਜੀਤ ਸਿੰਘ ਪੰਜੋਲੀ, ਸ. ਜਸਬੀਰ ਪਟਿਆਲਾ ਆਦਿ ਮੌਜੂਦ ਸਨ।