ਅੰਮ੍ਰਿਤਸਰ, 28 ਦਸੰਬਰ-
ਮਥੁਰਾ ਵਿਖੇ ਬੀ. ਐਸ. ਐਫ਼. ਦੇ ਸਥਾਨਕ ਹੈੱਡ ਕੁਆਟਰ ਵਿਖੇ ਹੋਈ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਪਠਾਨਕੋਟ ਦੇ ਪਿੰਡ ਛੰਨੀ ਟੋਲਾ ਵਿਖੇ ਇਕ ਬੀਬੀ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਕੀਤੀ ਬੇਅਦਬੀ ਦੀ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਸਖ਼ਤ ਨਿੰਦਾ ਕੀਤੀ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਸਮੁੱਚੀ ਮਨੁੱਖਤਾ ਦੇ ਗੁਰੂ ਹਨ, ਸ੍ਰੀ ਗੁਰੂ ਗ੍ਰੰਥ ਸਾਹਿਬ ਅੰਦਰ ਸਮੁੱਚੀ ਮਨੁੱਖਤਾ ਨੂੰ ਸਰਬਸਾਂਝੀਵਾਲਤਾ ਦਾ ਸੰਦੇਸ਼ ਦਿੱਤਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਿਸੇ ਕੀਮਤ ਤੇ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ। ਉਨ੍ਹਾਂ ਕਿਹਾ ਕਿ ਛੰਨੀ ਟੋਲਾ ਪਠਾਨਕੋਟ ਵਿਖੇ ਪਿੰਡ ਦੀ ਇਕ ਔਰਤ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦੀ ਬੇਅਦਬੀ ਕੀਤੀ ਗਈ ਹੈ, ਜਿਸ ਦੀ ਧਰਮ ਪ੍ਰਚਾਰ ਕਮੇਟੀ ਵੱਲੋਂ ਪੜ੍ਹਤਾਲ ਕਰਵਾਈ ਗਈ ਹੈ। ਇਸ ਔਰਤ ‘ਤੇ ਥਾਣਾ ਕਾਨਵਾਂ (ਪਠਾਨਕੋਟ) ਵਿਖੇ ਪਰਚਾ ਦਰਜ਼ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਮਥੁਰਾ ਵਿਖੇ ਬੀ.ਐਸ.ਐਫ਼. ਦੇ ਹੈੱਡ ਕੁਆਟਰ ”ਤੇ ਵਾਪਰੀ ਘਟਨਾ ਦੀ ਵੀ ਜਾਂਚ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧ ਵਿਚ ਸੁਰੱਖਿਆ ਕਰਮਚਾਰੀ ਚਾਹੇ ਉਹ ਫ਼ੌਜ ਦੇ ਹੋਣ, ਬੀ.ਐਸ.ਐਫ਼., ਪੰਜਾਬ ਪੁਲਿਸ ਦੇ ਹੋਣ ਉਹ ਆਪਣੇ ਗੁਰਦੁਆਰਿਆਂ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਸੰਭਾਲ ਸਬੰਧੀ ਪੂਰਨ ਸ਼ਰਧਾ ਸਤਿਕਾਰ ਅਤੇ ਸੁਚੇਤਤਾ ਨਾਲ ਸੇਵਾ ਨਿਭਾਉਣ। ਉਨ੍ਹਾਂ ਕਿਹਾ ਦੋਵਾਂ ਘਟਨਾਵਾਂ ਦੇ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ ਤਾਂ ਜੋ ਅੱਗੇ ਤੋਂ ਕੋਈ ਵੀ ਵਿਅਕਤੀ ਕਿਸੇ ਧਾਰਮਿਕ ਗ੍ਰੰਥ ਦੀ ਬੇਅਦਬੀ ਨਾ ਕਰ ਸਕੇ।