11-08-2015ਅੰਮ੍ਰਿਤਸਰ ੧੧ ਅਗਸਤ (        ) ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਗਵਾਈ ‘ਚ ਅੰਤ੍ਰਿੰਗ ਕਮੇਟੀ ਵੱਲੋਂ ਕੀਤੇ ਅਹਿਮ ਫੈਸਲੇ ਅਨੁਸਾਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਦੀਦਾਰ ਕਰਨ ਆਈਆਂ ਸੰਗਤਾਂ ਦੀ ਸਹੂਲਤ ਵਾਸਤੇ ਮਾਤਾ ਗੰਗਾ ਜੀ ਨਿਵਾਸ ਵਿਖੇ ਬਾਥਰੂਮ ਬਲਾਕ ਤਿਆਰ ਕਰਨ ਲਈ ਬਾਬਾ ਕਸ਼ਮੀਰ ਸਿੰਘ ਭੂਰੀ ਵਾਲਿਆਂ ਨੂੰ ਸੇਵਾ ਸੌਂਪੀ ਗਈ ਸੀ, ਜਿਨ੍ਹਾਂ ਨੇ ਅਮਰੀਕਾ ਨਿਵਾਸੀ ਸਡਾਨਾ ਪ੍ਰੀਵਾਰ ਦੇ ਸਹਿਯੋਗ ਨਾਲ ਆਧੁਨਿਕ ਸਹੂਲਤਾਂ ਭਰਪੂਰ ਤਕਰੀਬਨ ੪੦ ਪ੍ਰਾਣੀਆਂ ਦੀ ਸਮਰੱਥਾ ਵਾਲਾ ਬਾਥਰੂਮ ਬਲਾਕ ਤਿਆਰ ਕਰਵਾਇਆ।ਜਿਸ ਦਾ ਉਦਘਾਟਨ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਾਬਾ ਕਸ਼ਮੀਰ ਸਿੰਘ ਭੂਰੀ ਵਾਲਿਆਂ ਨੇ ਕੀਤਾ।ਇਸ ਤੋਂ ਪਹਿਲਾਂ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਮੁੱਖ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੇ ਅਰਦਾਸ ਕੀਤੀ।
ਇਸ ਮੌਕੇ ਸ. ਬਾਵਾ ਸਿੰਘ ਗੁਮਾਨਪੁਰਾ, ਸ. ਹਰਜਾਪ ਸਿੰਘ ਸੁਲਤਾਨਵਿੰਡ, ਸ. ਰਾਮ ਸਿੰਘ ਮੈਂਬਰ ਸ਼੍ਰੋਮਣੀ ਕਮੇਟੀ, ਸ. ਮਨਜੀਤ ਸਿੰਘ ਸਕੱਤਰ ਸ਼੍ਰੋਮਣੀ ਕਮੇਟੀ, ਬਾਬਾ ਸੁਖਵਿੰਦਰ ਸਿੰਘ ਜੀ ਭੂਰੀ ਵਾਲੇ, ਸਡਾਨਾ ਪ੍ਰੀਵਾਰ ਦੇ ਮੈਂਬਰ, ਸ. ਹਰਭਜਨ ਸਿੰਘ ਮਨਾਵਾਂ, ਸ. ਰਣਜੀਤ ਸਿੰਘ, ਸ. ਸੁਖਦੇਵ ਸਿੰਘ ਭੂਰਾਕੋਹਨਾ ਅਤੇ ਸ. ਬਲਵਿੰਦਰ ਸਿੰਘ ਜੌੜਾਸਿੰਘਾ ਵਧੀਕ ਸਕੱਤਰ, ਸ. ਸਤਿੰਦਰ ਸਿੰਘ ਨਿਜੀ ਸਹਾਇਕ, ਸ. ਹਰਜੀਤ ਸਿੰਘ ਲਾਲੂ ਘੁੰਮਣ ਮੀਤ ਸਕੱਤਰ, ਸ. ਪ੍ਰਤਾਪ ਸਿੰਘ, ਸ. ਗੁਰਿੰਦਰ ਸਿੰਘ ਤੇ ਸ. ਸੁਲੱਖਣ ਸਿੰਘ ਮੈਨੇਜਰ, ਸ. ਕੁਲਵਿੰਦਰ ਸਿੰਘ ‘ਰਮਦਾਸ’ ਇੰਚਾਰਜ ਪਬਲੀਸਿਟੀ, ਸ. ਨਰਿੰਦਰ ਸਿੰਘ ਵਧੀਕ ਮੈਨੇਜਰ, ਬਾਬਾ ਦੀਦਾਰ ਸਿੰਘ ਜੀ ਸੈਦੋਲੇਲ੍ਹ, ਬਾਬਾ ਸਰਵਣ ਸਿੰਘ ਜੀ, ਬਾਬਾ ਗੁਰਨਾਮ ਸਿੰਘ ਜੀ, ਬਾਬਾ ਫਤਿਹ ਸਿੰਘ ਜੀ, ਸ. ਰਾਮ ਸਿੰਘ ਸਾਬਕਾ ਮੀਤ ਸਕੱਤਰ, ਸ. ਕੁਲਜੀਤ ਸਿੰਘ ਸਿੰਘ ਬ੍ਰਦਰਜ਼, ਸ. ਜਰਨੈਲ ਸਿੰਘ ਢੋਟ ਕੌਂਸਲਰ ਨਗਰ-ਨਿਗਮ, ਸ. ਕੁਲਦੀਪ ਸਿੰਘ ਪੰਡੋਰੀ ਤੇ ਭਾਈ ਅਮਰਜੀਤ ਸਿੰਘ ਆਦਿ ਮੌਜੂਦ ਸਨ।
ਬਾਥਰੂਮ ਬਲਾਕ ਦੇ ਉਦਘਾਟਨ ਸਮੇਂ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਕਮੇਟੀ ਵੱਲੋਂ ਸ. ਮਨਜੀਤ ਸਿੰਘ ਸਕੱਤਰ ਸ਼੍ਰੋਮਣੀ ਕਮੇਟੀ ਨੇ ਬਾਬਾ ਕਸ਼ਮੀਰ ਸਿੰਘ ਭੂਰੀ ਵਾਲੇ ਅਤੇ ਸਡਾਨਾ ਪ੍ਰੀਵਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਬਾਬਾ ਕਸ਼ਮੀਰ ਸਿੰਘ ਭੂਰੀ ਵਾਲਿਆਂ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਜਿਹੜੀ ਵੀ ਸੇਵਾ ਸੌਂਪੀ ਗਈ ਉਨ੍ਹਾਂ ਨੇ ਤਨਦੇਹੀ ਤੇ ਸ਼ਰਧਾ ਭਾਵਨਾ ਨਾਲ ਸਮਾਂ ਬੱਧ ਰਹਿ ਕੇ ਮੁਕੰਮਲ ਕੀਤੀ।ਉਨ੍ਹਾਂ ਦੱਸਿਆ ਕਿ ੪੦ ਪ੍ਰਾਣੀਆਂ ਦੀ ਸਮਰੱਥਾ ਵਾਲੇ ਇਸ ਬਾਥਰੂਮ ਬਲਾਕ ਵਿੱਚ ਯੂਰੀਨਲ ਤੇ ਇਸ਼ਨਾਨ ਘਰ ਦੇ ਨਾਲ-ਨਾਲ ਅਪਾਹਜ ਵਿਅਕਤੀਆਂ ਲਈ ਵੀ ਵਿਸ਼ੇਸ਼ ਸੁਵਿਧਾ ਪ੍ਰਦਾਨ ਕੀਤੀ ਗਈ ਹੈ।ਉਨ੍ਹਾਂ ਦੱਸਿਆ ਕਿ ਇਸ ਬਲਾਕ ਵਿੱਚ ੨੪ ਘੰਟੇ ਗਰਮ ਪਾਣੀ ਦੀ ਨਿਰੰਤਰ ਸਪਲਾਈ ਜਾਰੀ ਰੱਖਣ ਲਈ ਹਾਈ ਪਾਵਰ ਸੋਲਰ ਸਿਸਟਮ ਲਗਾਇਆ ਗਿਆ ਹੈ ਇਸ ਦੀ ਸਾਂਭ-ਸੰਭਾਲ ਅਤੇ ਸਾਫ ਸਫਾਈ ਲਈ ਬਾਬਾ ਕਸ਼ਮੀਰ ਸਿੰਘ ਭੂਰੀ ਵਾਲਿਆਂ ਵੱਲੋਂ ੨੪ ਸਫਾਈ ਕਰਮਚਾਰੀ ਆਪਣੇ ਤੌਰ ਤੇ ਨਿਯੁਕਤ ਕੀਤੇ ਗਏ ਹਨ, ਜੋ ਵੱਖ-ਵੱਖ ਸ਼ਿਫਟਾਂ ‘ਚ ਡਿਊਟੀ ਕਰਨਗੇ।ਉਨ੍ਹਾਂ ਦੱਸਿਆ ਕਿ ਇਸ ਬਲਾਕ ਤੇ ਤਕਰੀਬਨ ੮੮ ਲੱਖ ਰੁਪਏ ਖਰਚ ਆਇਆ ਹੈ ਤੇ ਇਸ ਨੂੰ ਤਿਆਰ ਕਰਨ ‘ਚ ੯ ਮਹੀਨੇ ਦਾ ਸਮਾਂ ਲੱਗਾ ਹੈ।
ਉਨ੍ਹਾਂ ਹੋਰ ਜਾਣਕਾਰੀ ਦੇਂਦਿਆਂ ਦੱਸਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਦੀ ਅਗਵਾਈ ‘ਚ ਅੰਤ੍ਰਿੰਗ ਕਮੇਟੀ ਵੱਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਇਸ਼ਨਾਨ ਕਰਨ ਆਉਣ ਵਾਲੀਆਂ ਸੰਗਤਾਂ ਦੀ ਸਹੂਲਤ ਲਈ ਰਿਹਾਇਸ਼ੀ ਸਰਾਵਾਂ ‘ਚ ਸਮੇਂ-ਸਮੇਂ ਅਨੁਸਾਰ ਵਿਸਥਾਰ ਕੀਤਾ ਜਾਂਦਾ ਹੈ ਤੇ ਹੁਣ ਸ੍ਰੀ ਗੁਰੂ ਹਰਿਗੋਬਿੰਦ ਨਿਵਾਸ, ਬਾਬਾ ਦੀਪ ਸਿੰਘ ਜੀ ਨਿਵਾਸ ਅਤੇ ਸ੍ਰੀ ਗੁਰੂ ਅਰਜਨ ਦੇਵ ਜੀ ਨਿਵਾਸ ਵਿੱਚ ਵੀ ਇਸੇ ਹੀ ਤਰਜ ਤੇ ਬਾਥਰੂਮ ਬਲਾਕ ਤਿਆਰ ਕਰਵਾਏ ਜਾਣਗੇ।ਇਸ ਮੌਕੇ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਨੇ ਬਾਬਾ ਕਸ਼ਮੀਰ ਸਿੰਘ ਭੂਰੀ ਵਾਲਿਆਂ ਅਤੇ ਹੋਰ ਪ੍ਰਮੁੱਖ ਸਖਸ਼ੀਅਤਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਵੀ ਕੀਤਾ ਗਿਆ।
ਇਸ ਮੌਕੇ ਬਾਬਾ ਕਸ਼ਮੀਰ ਸਿੰਘ ਭੂਰੀ ਵਾਲਿਆਂ ਨੇ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਅਗਵਾਈ ‘ਚ ਅੰਤ੍ਰਿੰਗ ਕਮੇਟੀ ਵੱਲੋਂ ਜਿਹੜੀ ਵੀ ਗੁਰੂ ਘਰ ‘ਚ ਸੇਵਾ ਉਨ੍ਹਾਂ ਨੂੰ ਸੌਂਪੀ ਜਾਂਦੀ ਹੈ ਉਹ ਸੰਗਤਾਂ ਦੇ ਸਹਿਯੋਗ ਨਾਲ ਸਮਾ ਬੱਧ ਰਹਿ ਕੇ ਕੀਤੀ ਜਾਂਦੀ ਹੈ ਅਤੇ ਸੇਵਾ ਮੁਕੰਮਲ ਹੋਣ ਉਪਰੰਤ ਤੁਰੰਤ ਸ਼੍ਰੋਮਣੀ ਕਮੇਟੀ ਨੂੰ ਇਮਾਰਤ ਸੌਂਪ ਦਿੱਤੀ ਜਾਂਦੀ ਹੈ।ਉਨ੍ਹਾਂ ਕਿਹਾ ਕਿ ਸਤਿਗੁਰੂ ਜੀ ਕਿਰਪਾ ਕਰਨ ਸ਼੍ਰੋਮਣੀ ਕਮੇਟੀ ਜਿਹੜੀ ਵੀ ਸੇਵਾ ਜਿੰਮੇ ਲਾਵੇਗੀ ਉਸ ਨੂੰ ਸੰਗਤਾਂ ਦੇ ਸਹਿਯੋਗ ਨਾਲ ਮੁਕੰਮਲ ਕੀਤਾ ਜਾਵੇਗਾ।ਉਨ੍ਹਾਂ ਸ਼੍ਰੋਮਣੀ ਕਮੇਟੀ ਦੇ ਅਧਿਕਾਰੀ ਅਤੇ ਸਮੂਹ ਸੰਗਤਾਂ ਦਾ ਧੰਨਵਾਦ ਕੀਤਾ।