ਸਰਕਾਰਾਂ ਦੇ ਅਵੇਸਲੇਪਨ ਕਾਰਨ ਜੀਵਨਧਾਰਾ ਭਿਆਨਕ ਖ਼ਤਰੇ ਵਿਚ -ਭਾਈ ਲੌਂਗੋਵਾਲ

ਅੰਮ੍ਰਿਤਸਰ, 22 ਮਈ- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਫੈਕਟਰੀਆਂ ਰਾਹੀਂ ਦਰਿਆਈ ਪਾਣੀਆਂ ਵਿਚ ਘੋਲੇ ਜਾ ਰਹੇ ਜ਼ਹਿਰ ਨੂੰ ਮਨੁੱਖਤਾ ਅਤੇ ਜੀਵ-ਜੰਤੂਆਂ ਲਈ ਘਾਤਕ ਕਰਾਰ ਦਿੰਦਿਆਂ ਕਿਹਾ ਕਿ ਅਜਿਹਾ ਕਰਨ ਵਾਲੇ ਲੋਕਾਂ ਵਿਰੁੱਧ ਸਰਕਾਰ ਨੂੰ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ, ਤਾਂ ਜੋ ਪਾਣੀਆਂ ਦੇ ਪ੍ਰਦੂਸ਼ਣ ਕਾਰਨ ਹੋ ਰਹੇ ਨੁਕਸਾਨ ਤੋਂ ਮਨੁੱਖਤਾ ਅਤੇ ਜੀਵ-ਜੰਤੂਆਂ ਨੂੰ ਬਚਾਇਆ ਜਾ ਸਕੇ। ਭਾਈ ਲੌਂਗੋਵਾਲ ਨੇ ਇਹ ਬਿਆਨ ਬੀਤੇ ਦਿਨੀਂ ਇਕ ਫੈਕਟਰੀ ਵੱਲੋਂ ਬਿਆਸ ਦਰਿਆ ਵਿਚ ਜ਼ਹਿਰੀਲਾ ਪਾਣੀ ਛੱਡਣ ਕਾਰਨ ਮਰੇ ਜੀਵ-ਜੰਤੂਆਂ ਦੇ ਸਬੰਧ ਵਿਚ ਦਿੱਤਾ ਹੈ।
ਉਨ੍ਹਾਂ ਕਿਹਾ ਕਿ ਜੀਵਨ ਲਈ ਸ਼ੁੱਧ ਹਵਾ, ਪਾਣੀ ਅਤੇ ਵਾਤਾਵਰਣ ਦੀ ਜ਼ਰੂਰਤ ਨੂੰ ਨਕਾਰਿਆ ਨਹੀਂ ਜਾ ਸਕਦਾ ਪ੍ਰੰਤੂ ਅੱਜ ਇਨ੍ਹਾਂ ਜੀਵਨ ਲਈ ਜ਼ਰੂਰੀ ਕੁਦਰਤੀਆਂ ਸੋਮਿਆਂ ਨੂੰ ਵੀ ਜਾਣ-ਬੁਝ ਕੇ ਜ਼ਹਿਰੀਲਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰਾਂ ਦੇ ਅਵੇਸਲੇਪਨ ਕਾਰਨ ਅੱਜ ਜੀਵਨਧਾਰਾ ਭਿਆਨਕ ਖ਼ਤਰੇ ਵਿਚ ਆ ਚੁੱਕੀ ਹੈ। ਪੰਜਾਬ ਦੇ ਪਾਣੀਆਂ ‘ਚ ਜ਼ਹਿਰ, ਹਵਾ ਦੀ ਦੂਸ਼ਿਤਤਾ, ਮਿੱਟੀ ਵਿਚ ਜ਼ਹਿਰਾਂ ਦਾ ਵਧਣਾ ਅਤੇ ਸ਼ੋਰ ਪ੍ਰਦੂਸ਼ਣ ਜਿਹੇ ਚਲਣ ਨੂੰ ਪਤਾ ਨਹੀਂ ਕਿਉਂ ਨਹੀਂ ਰੋਕਿਆ ਜਾ ਰਿਹਾ, ਜਦਕਿ ਸਰਕਾਰਾਂ ਦੀ ਇਹ ਪਹਿਲ ਹੋਣੀ ਚਾਹੀਦੀ ਸੀ। ਉਨ੍ਹਾਂ ਕਿਹਾ ਕਿ ਪਾਣੀ ਜੀਵਨ ਲਈ ਸਭ ਤੋਂ ਅਹਿਮ ਹੈ ਪਰ ਦੁੱਖ ਦੀ ਗੱਲ ਹੈ ਕਿ ਇਸ ਦਾ ਗੰਧਲਾਪਨ ਜੀਵਨ ਨੂੰ ਤਬਾਹ ਕਰ ਰਿਹਾ ਹੈ ਅਤੇ ਇਸ ਨੂੰ ਦੂਸ਼ਿਤ ਕਰਨ ਵਾਲੇ ਲੋਕ ਕੇਵਲ ਆਪਣਾ ਨਿੱਜੀ ਫ਼ਾਇਦਾ ਹੀ ਦੇਖ ਰਹੇ ਹਨ। ਕੇਵਲ ਦਰਿਆਈ ਪਾਣੀ ਹੀ ਨਹੀਂ ਅਜਿਹੇ ਲੋਕਾਂ ਕਾਰਨ ਧਰਤ ਹੇਠਲਾ ਪਾਣੀ ਵੀ ਵਰਤੋਂ ਯੋਗ ਨਹੀਂ ਰਿਹਾ। ਉਨ੍ਹਾਂ ਵਪਾਰੀ ਲੋਕਾਂ ਦੀ ਪਿੱਠ ‘ਤੇ ਖੜ੍ਹਨ ਵਾਲੀਆਂ ਸਰਕਾਰਾਂ ਨੂੰ ਸਵਾਲ ਕੀਤਾ ਕਿ ਜੇਕਰ ਸਰਕਾਰਾਂ ਹੀ ਲੋਕ ਮਸਲਿਆਂ ਦੀ ਪੈਰਵਾਈ ਨਹੀਂ ਕਰਨਗੀਆਂ ਤਾਂ ਹੋਰ ਕੌਣ ਕਰੇਗਾ। ਉਨ੍ਹਾਂ ਕਿਹਾ ਕਿ ਸਰਕਾਰਾਂ ਨੂੰ ਸਿਆਸਤ ਪਾਸੇ ਰੱਖ ਕੇ ਲੋਕਾਂ ਦੇ ਬਿਹਤਰ ਜੀਵਨ ਲਈ ਕਾਰਜ ਕਰਨੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਬੀਤੇ ਦਿਨੀਂ ਬਿਆਸ ਦਰਿਆ ਦੇ ਮਾਮਲੇ ਵਿਚ ਸਰਕਾਰ ਨੂੰ ਸੰਜੀਦਗੀ ਭੂਮਿਕਾ ਨਿਭਾਉਣੀ ਚਾਹੀਦੀ ਹੈ ਅਤੇ ਦਰਿਆ ਵਿਚ ਜ਼ਹਿਰੀਲਾ ਪਾਣੀ ਛੱਡਣ ਵਾਲੀ ਫੈਕਟਰੀ ਦੇ ਮਾਲਕਾਂ ਵਿਰੁੱਧ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ।