ਅੰਤ੍ਰਿੰਗ ਕਮੇਟੀ ਦੀ ਵਿਸ਼ੇਸ਼ ਇਕੱਤਰਤਾ ੨੬ ਅਕਤੂਬਰ ਨੂੰ ਸੱਦੀ
ਅੰਮ੍ਰਿਤਸਰ ੨੩ ਅਕਤੂਬਰ  (         ) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮੁਅੱਤਲਸ਼ੁਦਾ ਪੰਜ ਪਿਆਰਿਆਂ ਵੱਲੋਂ ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਨੂੰ ਤਖ਼ਤ ਸਾਹਿਬਾਨ ਦੇ ਸਿੰਘ ਸਾਹਿਬਾਨ ਦੀਆਂ ਸੇਵਾਵਾਂ ਨੂੰ ਖਤਮ ਕਰਨ ਦੇ ਦਿੱਤੇ ਆਦੇਸ਼ ਨੂੰ ਸਿਰੇ ਤੋਂ ਨਕਾਰ ਦਿੱਤਾ ਹੈ।ਉਨ੍ਹਾਂ ਸ਼੍ਰੋਮਣੀ ਕਮੇਟੀ ਦੇ ਇਕੱਤਰਤਾ ਘਰ ਵਿੱਚ ਚੌਣਵੇਂ ਪੱਤਰਕਾਰਾਂ ਨੂੰ ਮੁਖਾਤਿਬ ਹੁੰਦਿਆਂ ਕਿਹਾ ਕਿ ਪੰਜ ਪਿਆਰਿਆਂ ਦੇ ਅਧਿਕਾਰ ਵਿੱਚ ਕੋਈ ਵੀ ਹੁਕਮਨਾਮਾ, ਆਦੇਸ਼, ਸੰਦੇਸ਼ ਜਾਂ ਫੁਰਮਾਨ ਕਰਨ ਦੀ ਵਿਵਸਥਾ ਨਹੀਂ ਹੈ।ਇਸ ਲਈ ਸ਼੍ਰੋਮਣੀ ਕਮੇਟੀ ਉਨ੍ਹਾਂ ਦੇ ਫੈਸਲੇ ਨੂੰ ਮੂਲ ਰੂਪ ਵਿੱਚ ਰੱਦ ਕਰਦੀ ਹੈ।
ਉਨ੍ਹਾਂ ਕਿਹਾ ਕਿ ਕੋਈ ਵੀ ਹੁਕਮਨਾਮਾ ਜਾਰੀ ਕਰਨ ਦੇ ਅਧਿਕਾਰ ਕੇਵਲ ਤਖ਼ਤ ਸਾਹਿਬਾਨ ਦੇ ਜਥੇਦਾਰਾਂ ਪਾਸ ਹੀ ਹਨ ਅਤੇ ਉਹ ਹੀ ਕੌਮ ਦੇ ਨਾਂਅ ਤੇ ਕੋਈ ਵੀ ਆਦੇਸ਼, ਸੰਦੇਸ਼, ਹੁਕਮਨਾਮਾ ਜਾਂ ਫੁਰਮਾਨ ਜਾਰੀ ਕਰ ਸਕਦੇ ਹਨ।ਪਰ ਪੰਜ ਪਿਆਰਿਆਂ ਨੇ ਸਿੱਖ ਪੰਥ ਦੀਆਂ ਇਨ੍ਹਾਂ ਪ੍ਰੰਪਰਾਵਾਂ ਨੂੰ ਅੱਖੋਂ-ਪਰੋਖੇ ਕਰਦੇ ਹੋਏ ਮਨਮੱਤੀ ਕਾਰਵਾਈ ਕੀਤੀ ਹੈ।
ਉਨ੍ਹਾਂ ਕਿਹਾ ਕਿ ਪਿਛਲੇ ਦਿਨੀ ਇਨ੍ਹਾਂ ਪੰਜ ਪਿਆਰਿਆਂ ਨੇ ਜਦੋਂ ਤਖ਼ਤ ਸਾਹਿਬਾਨ ਦੇ ਜਥੇਦਾਰ ਸਾਹਿਬਾਨ ਨੂੰ ਤਲਬ ਕਰਨ ਦੀ ਆਪ ਹੁਦਰੀ ਕਾਰਵਾਈ ਕੀਤੀ ਸੀ।ਇਸ ਤੇ ਚੱਲਦਿਆਂ ਸ਼੍ਰੋਮਣੀ ਕਮੇਟੀ ਵੱਲੋਂ ਉਨ੍ਹਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ।ਉਨ੍ਹਾਂ ਕਿਹਾ ਕਿ ਪੰਜ ਪਿਆਰਿਆਂ ਕੋਲ ਮੁਅੱਤਲ ਕਰਨ ਬਾਅਦ ਕੋਈ ਅਹੁਦਾ ਨਹੀਂ ਰਿਹਾ ਤੇ ਹੁਣ ਉਹ ਮੁਅੱਤਲਸ਼ੁਦਾ ਕਰਮਚਾਰੀ ਹੀ ਮੰਨੇ ਜਾ ਸਕਦੇ ਹਨ।ਉਨ੍ਹਾਂ ਕਿਹਾ ਕਿ ਮੁਅੱਤਲਸ਼ੁਦਾ ਕਰਮਚਾਰੀ ਕੋਲ ਕੋਈ ਵੀ ਕੰਮ ਕਰਨ ਦਾ ਅਧਿਕਾਰ ਨਹੀਂ ਹੁੰਦਾ।
ਉਨ੍ਹਾਂ ਕਿਹਾ ਕਿ ਮੌਜੂਦਾ ਪੰਥਕ ਹਾਲਾਤਾਂ ਨੂੰ ਮੱਦੇਨਜ਼ਰ ਰੱਖਦਿਆਂ ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੀ ਵਿਸ਼ੇਸ਼ ਇਕੱਤਰਤਾ ੨੬ ਅਕਤੂਬਰ ੨੦੧੫ ਨੂੰ ਸਬ-ਆਫਿਸ ਚੰਡੀਗੜ੍ਹ ਵਿਖੇ ਦੁਪਹਿਰ ਇਕ ਵਜੇ ਬੁਲਾ ਲਈ ਗਈ ਹੈ ਤੇ ਇਸ ਇਕੱਤਰਤਾ ਵਿੱਚ ਮੁਅੱਤਲਸ਼ੁਦਾ ਪੰਜ ਪਿਆਰਿਆਂ ਵੱਲੋਂ ਪੈਦਾ ਕੀਤੇ ਗਏ ਮੌਜੂਦਾ ਪੰਥਕ ਹਾਲਾਤਾਂ ਤੇ ਵਿਚਾਰ ਚਰਚਾ ਕੀਤੀ ਜਾਵੇਗੀ।
ਇਸ ਮੌਕੇ ਸ: ਦਿਆਲ ਸਿੰਘ ਕੋਲਿਆਂਵਾਲੀ ਮੈਂਬਰ ਅੰਤ੍ਰਿੰਗ ਕਮੇਟੀ, ਸ: ਹਰਚਰਨ ਸਿੰਘ ਮੁੱਖ ਸਕੱਤਰ ਮੌਜੂਦ ਸਨ।