ਅੰਮ੍ਰਿਤਸਰ 3 ਜੂਨ- ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਹਾ ਹੈ ਕਿ ਮੈਕਡਾਨਲਡ ਕੰਪਨੀ ਵਲੋਂ ਆਪਣੀ ਮਸ਼ਹੂਰੀ ਲਈ ਤਿਆਰ ਕੀਤੇ ਪੈਂਫਲੈਟ ਉਪਰ ਰੁਹਾਨੀਅਤ ਦੇ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਤਸਵੀਰ ਛਾਪ ਕੇ ਬੱਜ਼ਰ ਗਲਤੀ ਕੀਤੀ ਹੈ। ਕੰਪਨੀ ਵਲੋਂ ਕੀਤੀ ਇਸ ਘਟੀਆ ਹਰਕਤ ਨਾਲ ਵਿਸ਼ਵ ਭਰ ‘ਚ ਵਸਦੇ ਸਿੱਖ ਭਾਈਚਾਰੇ ‘ਚ ਭਾਰੀ ਰੋਸ ‘ਤੇ ਰੋਹ ਹੈ। ਇਸ ਲਈ ਕੰਪਨੀ ਨੂੰ ਚਾਹੀਦਾ ਹੈ ਕਿ ਉਹ ਪੈਂਫਲੈਟ ਤੋਂ ਤੁਰੰਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਤਸਵੀਰ ਹਟਾਏ ਤੇ ਇਸ ਗਲਤੀ ਦੀ ਮੁਆਫੀ ਮੰਗੇ।
ਇਥੋਂ ਜਾਰੀ ਪ੍ਰੈੱਸ ਬਿਆਨ ਵਿਚ ਜਥੇਦਾਰ ਅਵਤਾਰ ਸਿੰਘ ਨੇ ਕਿਹਾ ਹੈ ਕਿ ਅਖ਼ਬਾਰਾਂ ‘ਚ ਛਪੀ ਖ਼ਬਰ ਮੁਤਾਬਿਕ ਕੰਪਨੀ ਇਸ ਪੈਂਫਲੈਟ ਨੂੰ ਉਸ ਟਰੇਅ ਵਿਚ ਰੱਖਦੀ ਹੈ ਜਿਸ ਰਾਹੀਂ ਕੰਪਨੀ ਵਲੋਂ ਗ੍ਰਾਹਕਾਂ ਨੂੰ ਖਾਣ ਵਾਲੇ ਪਦਾਰਥ ਮੁਹੱਈਆ ਕੀਤੇ ਜਾਂਦੇ ਹਨ, ਜੋ ਸਰਾਸਰ ਗ਼ਲਤ ਹੈ। ਉਨ੍ਹਾਂ ਕਿਹਾ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਸ਼ਵ ਭਰ ‘ਚ ਵੱਸਦੀ ਮਨੁੱਖਤਾ ਲਈ ਵੱਡਾ ਮੁਕੱਦਸ ਅਸਥਾਨ ਹੈ। ਇਸ ਅਸਥਾਨ ਤੇ ਸਿੱਖਾਂ ਤੋਂ ਇਲਾਵਾ ਹਰੇਕ ਧਰਮ ਦੇ ਲੋਕ ਦੇਸ਼-ਵਿਦੇਸ਼ ਤੋਂ ਆ ਕੇ ਆਪਣੀ ਸੱਚੀ ਸ਼ਰਧਾ ਦਾ ਪ੍ਰਗਟਾਵਾ ਕਰਦੇ ਹਨ। ਪ੍ਰੰਤੂ ਕਿਸੇ ਕੰਪਨੀ ਵਲੋਂ ਪੈਸੇ ਕਮਾਉਣ ਖਾਤਰ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਂਦਿਆਂ ਧਰਮ ਅਸਥਾਨ ਦੀ ਤਸਵੀਰ ਨਿੱਜੀ ਫਾਈਦੇ ਲਈ ਛਾਪਣੀ ਸਰਾਸਰ ਗਲਤ ਹੈ। ਉਨ੍ਹਾਂ ਕਿਹਾ ਕਿ ਕੰਪਨੀ ਨੇ ਜੇਕਰ ਤੁਰੰਤ ਆਪਣੇ ਪੈਂਫਲੈਟ ਤੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਤਸਵੀਰ ਨਾ ਹਟਾਈ ਤਾਂ ਸ਼੍ਰੋਮਣੀ ਕਮੇਟੀ ਇਸ ਕੰਪਨੀ ਖਿਲਾਫ਼ ਕਾਨੂੰਨੀ ਕਾਰਵਾਈ ਕਰਨ ਤੋਂ ਗੁਰੇਜ਼ ਨਹੀਂ ਕਰੇਗੀ।
ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਸਰਵ-ਉੱਚ ਸੰਸਥਾ ਹੈ ਜੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਾ ਪ੍ਰਬੰਧ ਵੀ ਦੇਖਦੀ ਹੈ ਪਰ ਹੈਰਾਨੀ ਦੀ ਗੱਲ ਹੈ ਕਿ ਇਸ ਕੰਪਨੀ ਨੇ ਸਾਡੇ ਧਿਆਨ ‘ਚ ਲਿਆਂਦੇ ਬਿਨਾਂ ਆਪਣੀ ਸ਼ੋਹਰਤ ਖਾਤਰ ਸਾਡੇ ਧਰਮ ਅਸਥਾਨ ਦੀ ਤਸਵੀਰ ਆਪਣੇ ਪੈਂਫਲੈਟ ਤੇ ਛਾਪਣ ਦਾ ਕਿਵੇਂ ਫੈਸਲਾ ਕਰ ਲਿਆ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਕਿ ਕੰਪਨੀ ਦੀ ਇਸ ਘਟੀਆ ਹਰਕਤ ਖਿਲਾਫ਼ ਪੂਰੇ ਵਿਸ਼ਵ-ਭਰ ਦੇ ਸਿੱਖ ਭਾਈਚਾਰੇ ਦੇ ਰੋਸ ਦੀ ਲਹਿਰ ਅੱਗ ਦਾ ਭਾਂਬੜ ਬਣ ਜਾਵੇ ਕੰਪਨੀ ਨੂੰ ਚਾਹੀਦਾ ਹੈ ਕਿ ਤੁਰੰਤ ਪੈਂਫਲੈਟ ਤੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਤਸਵੀਰ ਹਟਾਉਂਦਿਆਂ ਮੁਆਫੀ ਮੰਗੇ।