ਨਿੱਜੀ ਸਕੱਤਰ ਇੰਜ: ਸੁਖਮਿੰਦਰ ਸਿੰਘ ਤੇ ਮੈਨੇਜਰ ਸ. ਗੁਰਿੰਦਰ ਸਿੰਘ ਮਥਰੇਵਾਲ ਨੇ ਕੀਤਾ ਸਨਮਾਨਿਤ

ਅੰਮ੍ਰਿਤਸਰ, 18 ਮਈ- ਰਾਜਸਥਾਨ ਤੋਂ ਗੁਰੂ-ਘਰ ਦੇ ਸ਼ਰਧਾਲੂਆਂ ਵੱਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਵਿਖੇ ਲੰਗਰ ਸ੍ਰੀ ਗੁਰੂ ਰਾਮਦਾਸ ਜੀ ਵਿਚ ੧੦੧ ਕੁਇੰਟਲ ਕਣਕ ਭੇਟਾ ਕਰ ਕੇ ਸ਼ਰਧਾ ਦਾ ਪ੍ਰਗਟਾਵਾ ਕੀਤਾ ਗਿਆ। ਇਹ ਗੁਰੂ ਨਾਨਕ ਨਾਮ ਲੇਵਾ ਸ਼ਰਧਾਲੂ ਰਾਜਿਸਥਾਨ ਦੇ ਜਿਲ੍ਹਾ ਹਨੂੰਮਾਨਗੜ੍ਹ ਵਿਚ ਪੈਂਦੇ ਰਾਵਤਸਰ ਦੇ ਰਹਿਣ ਵਾਲੇ ਹਨ ਅਤੇ ਗੁਰੂ ਘਰ ਪ੍ਰਤੀ ਅਥਾਹ ਆਸਥਾ ਰੱਖਦੇ ਹਨ। ਕਣਕ ਭੇਟਾ ਕਰਨ ਲਈ ਪੁੱਜੇ ਸ੍ਰੀ ਸ਼ਿਵ ਭਗਵਾਨ ਜੋਸ਼ੀ ਨੇ ਦੱਸਿਆ ਕਿ ਉਹ ਗੁਰੂ-ਘਰ ਨਾਲ ਜੁੜੇ ਹੋਏ ਹਨ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੰਗਤ ਲਈ ਚੱਲਦੇ ਸਰਬ-ਸਾਂਝੇ ਲੰਗਰ ਤੋਂ ਬਹੁਤ ਪ੍ਰਭਾਵਿਤ ਹਨ। ਉਨ੍ਹਾਂ ਆਖਿਆ ਕਿ ਦੁਨੀਆ ਅੰਦਰ ਸ੍ਰੀ ਗੁਰੂ ਰਾਮਦਾਸ ਜੀ ਲੰਗਰ ਦੀ ਵੱਡੀ ਮਹੱਤਤਾ ਹੈ। ਇਥੇ ਬਿਨ੍ਹਾਂ ਭੇਦ ਭਾਵ ਦੇ ਲੱਖਾਂ ਸੰਗਤਾਂ ਹਰ ਰੋਜ਼ ਲੰਗਰ ਪ੍ਰਸ਼ਾਦਾ ਛਕ ਕੇ ਤ੍ਰਿਪਤ ਹੁੰਦੀਆਂ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਗੁਰੂ ਸਾਹਿਬ ਜੀ ਦੇ ਪਾਵਨ ਦਰਬਾਰ ਵਿਚ ਨਤਮਸਤਾਕ ਹੋ ਕੇ ਪਰਿਵਾਰਕ ਸੁਖ ਸ਼ਾਂਤੀ ਦੇ ਨਾਲ-ਨਾਲ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਪਾਵਨ ਦਰ ਦੀਆਂ ਰਹਿਮਤਾਂ ਸਾਰੀ ਮਨੁੱਖਤਾ ਲਈ ਇਕਸਾਰ ਹਨ ਅਤੇ ਉਹ ਇਥੇ ਸੇਵਾ ਕਰਕੇ ਆਪਣੇ ਆਪ ਨੂੰ ਵਡਭਾਗਾ ਸਮਝਦੇ ਹਨ। ਇਸ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੇ ਨਿੱਜੀ ਸਕੱਤਰ ਇੰਜ: ਸੁਖਮਿੰਦਰ ਸਿੰਘ ਨੇ ਕਿਹਾ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹਰ ਧਰਮ ਦੇ ਸ਼ਰਧਾਲੂ ਆਪਣੀ ਸ਼ਰਧਾ ਲੈ ਕੇ ਪੁੱਜਦੇ ਹਨ ਤੇ ਗੁਰੂ ਸਾਹਿਬ ਦੇ ਅਸ਼ੀਰਵਾਦ ਲਈ ਭੇਟਾਵਾਂ ਵੀ ਅਰਪਿਤ ਕਰਦੇ ਹਨ। ਉਨ੍ਹਾਂ ਰਾਜਿਸਥਾਨ ਦੇ ਜੋਸ਼ੀ ਪਰਿਵਾਰ ਵੱਲੋਂ ਗੁਰੂ ਸਾਹਿਬ ਜੀ ਦੇ ਲੰਗਰਾਂ ਲਈ ਕਣਕ ਭੇਟਾ ਕਰਨ ‘ਤੇ ਉਨ੍ਹਾਂ ਨੂੰ ਗੁਰੂ ਬਖਸ਼ਿਸ਼ ਸਿਰੋਪਾਓ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਤਸਵੀਰ ਦੇ ਕੇ ਸਨਮਾਨਿਤ ਵੀ ਕੀਤਾ। ਇਸ ਮੌਕੇ ਰਾਜਸਥਾਨ ਤੋਂ ਪੁੱਜੇ ਸ਼ਰਧਾਲੂ ਸ੍ਰੀ ਤਾਰਾ ਚੰਦ ਜੋਸ਼ੀ, ਸ੍ਰੀ ਪੰਕਜ ਜੋਸ਼ੀ, ਸ੍ਰੀ ਦਾਊਦ ਦਿਆਲ ਜੋਸ਼ੀ, ਸ੍ਰੀ ਗੌਤਮ ਜੋਸ਼ੀ, ਸ੍ਰੀ ਬਹਾਦਰ ਜੀ, ਸ. ਮੱਖਣ ਸਿੰਘ, ਸ੍ਰੀ ਵਿਸ਼ਨੂੰ ਜੀ ਤੋਂ ਇਲਾਵਾ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਨਿਵਾਸਾਂ ਸ. ਗੁਰਿੰਦਰ ਸਿੰਘ ਮਥਰੇਵਾਲ ਅਤੇ ਹੋਰ ਮੌਜੂਦ ਸਨ।