ਸ੍ਰੀ ਅਨੰਦਪੁਰ ਸਾਹਿਬ ਵਿਖੇ ਬੇਅਬਦੀ ਦੀ ਘਟਨਾ ‘ਤੇ ਵੀ ਦੁੱਖ ਪ੍ਰਗਟ

ਅੰਮ੍ਰਿਤਸਰ, ੧੭ ਨਵੰਬਰ- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ: ਕਿਰਪਾਲ ਸਿੰਘ ਬਡੂੰਗਰ ਨੇ ਸ਼ੋਸ਼ਲ ਮੀਡੀਆ ਤੇ ਵਾਇਰਲ ਹੋਈ ਰੁਮਾਲਿਆਂ ਦੀ ਬੇਅਦਬੀ ਸਬੰਧੀ ਵੀਡੀਓ ‘ਤੇ ਦੁੱਖ ਜ਼ਾਹਰ ਕਰਦਿਆਂ ਕਿਹਾ ਕਿ ਅਜਿਹੀ ਕਾਰਵਾਈ ਨਾਲ ਸਿੱਖਾਂ ਦੀਆਂ ਭਾਵਨਾਵਾਂ ਨੂੰ ਭਾਰੀ ਠੇਸ ਪੁੱਜੀ ਹੈ। ਉਨ੍ਹਾਂ ਕਿਹਾ ਕਿ ਰੁਮਾਲਾ ਸਾਹਿਬ ਸਾਡੇ ਲਈ ਅਤਿ ਸਤਿਕਾਰਤ ਹਨ, ਜਿਨ੍ਹਾਂ ਨੂੰ ਇਸ ਤਰ੍ਹਾਂ ਕੂੜੇ ਵਿਚ ਸੁੱਟਣਾ ਉਚਿਤ ਨਹੀਂ। ਉਨ੍ਹਾਂ ਸਮੂਹ ਗੁਰਦੁਆਰਾ ਪ੍ਰਬੰਧਕਾਂ ਅਤੇ ਸੰਗਤਾਂ ਨੂੰ ਅਪੀਲ ਕੀਤੀ ਕਿ ਅਜਿਹੀਆਂ ਹਿਰਦੇਵੇਦਕ ਕਾਰਵਾਈਆਂ ਨੂੰ ਤੁਰੰਤ ਰੋਕਿਆ ਜਾਵੇ ਅਤੇ ਗੁਰਦੁਆਰਾ ਸਾਹਿਬਾਨ ਦੀ ਹਰੇਕ ਵਸਤੂ ਨੂੰ ਸਤਿਕਾਰਤ ਢੰਗ ਨਾਲ ਸੰਭਾਲਿਆ ਜਾਵੇ। ਉਨ੍ਹਾਂ ਕਿਹਾ ਬੇਸ਼ੱਕ ਸਮੇਂ-ਸਮੇਂ ਵਸਤੂਆਂ ਵਰਤੋਂਯੋਗ ਨਹੀਂ ਰਹਿੰਦੀਆਂ ਪਰੰਤੂ ਗੁਰੂ ਘਰ ਵਿਖੇ ਵਰਤੀਆਂ ਜਾਂਦੀਆਂ ਸਭ ਵਸਤੂਆਂ ਸਾਡੇ ਲਈ ਪਵਿੱਤਰ ਹਨ ਅਤੇ ਉਨ੍ਹਾਂ ਨੂੰ ਸਤਿਕਾਰਤ ਢੰਗ ਨਾਲ ਹੀ ਹਟਾਇਆ ਜਾਣਾ ਚਾਹੀਦਾ ਹੈ। ਇਸ ਮੌਕੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਵੀ ਸੰਗਤਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਰੁਮਾਲਾ ਸਾਹਿਬ ਵੀ ਲੋੜ ਅਨੁਸਾਰ ਹੀ ਗੁਰੂ ਘਰਾਂ ਵਿਖੇ ਭੇਟ ਕੀਤੇ ਜਾਣ। ਬਹੁਤ ਸਾਰੇ ਪਿੰਡਾਂ ਵਿਚ ਗੁਰਦੁਆਰਾ ਸਾਹਿਬਾਨ ਹਨ ਜਿੱਥੇ ਕਈ ਤਰ੍ਹਾਂ ਦੀਆਂ ਵਸਤੂਆਂ ਦੀ ਲੋੜ ਪੂਰੀ ਕੀਤੀ ਜਾ ਸਕਦੀ ਹੈ। ਇਸੇ ਦੌਰਾਨ ਪ੍ਰੋ: ਬਡੂੰਗਰ ਨੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਗੁਟਕਾ ਸਾਹਿਬਾਨ ਦੀ ਬੇਅਦਬੀ ਦੀ ਘਟਨਾ ‘ਤੇ ਵੀ ਡੂੰਘਾ ਦੁੱਖ ਪ੍ਰਗਟ ਕੀਤਾ ਹੈ।

ਸ਼੍ਰੋਮਣੀ ਰਾਗੀ ਭਾਈ ਗੁਰਚਰਨ ਸਿੰਘ ਦੇ ਅਕਾਲ ਚਲਾਣੇ ‘ਤੇ ਪ੍ਰੋ: ਕਿਰਪਾਲ ਸਿੰਘ ਬਡੂੰਗਰ ਨੇ ਅਫਸੋਸ ਪ੍ਰਗਟਾਇਆ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ: ਕਿਰਪਾਲ ਸਿੰਘ ਬਡੂੰਗਰ ਨੇ ਗੁਰੂ ਘਰ ਦੇ ਕੀਰਤਨੀਏ ਸ਼੍ਰੋਮਣੀ ਰਾਗੀ ਭਾਈ ਗੁਰਚਰਨ ਸਿੰਘ ਦਿੱਲੀ ਵਾਲਿਆਂ ਦੇ ਅਕਾਲ ਚਲਾਣਾ ਕਰ ਜਾਣ ‘ਤੇ ਡੂੰਘੇ ਅਫਸੋਸ ਦਾ ਪ੍ਰਗਟਾਵਾ ਕੀਤਾ ਹੈ। ਪ੍ਰੋ: ਬਡੂੰਗਰ ਨੇ ਕਿਹਾ ਕਿ ਭਾਈ ਗੁਰਚਰਨ ਸਿੰਘ ਜੀ ਪੰਥ ਪ੍ਰਸਿੱਧ ਸ਼ਖਸੀਅਤ ਅਤੇ ਗੁਰਬਾਣੀ ਕੀਰਤਨ ਦੀ ਵਿਲੱਖਣ ਸ਼ੈਲੀ ਦੇ ਸਿਰਜਕ ਸਨ, ਜਿਨ੍ਹਾਂ ਨੇ ਲੰਮਾ ਸਮਾਂ ਗੁਰਬਾਣੀ ਕੀਰਤਨ ਰਾਹੀਂ ਸੰਗਤਾਂ ਦੀ ਸੇਵਾ ਕੀਤੀ। ਉਨ੍ਹਾਂ ਦਾ ਯੋਗਦਾਨ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਉਨ੍ਹਾਂ ਕਿਹਾ ਕਿ ਅਕਾਲ ਪੁਰਖ ਦੇ ਭਾਣੇ ਅਨੁਸਾਰ ਭਾਵੇਂ ਭਾਈ ਸਾਹਿਬ ਇਸ ਸੰਸਾਰ ਨੂੰ ਅਲਵਿਦਾ ਆਖ ਗੁਰੂ ਚਰਨਾਂ ਵਿਚ ਜਾ ਬਿਰਾਜੇ ਹਨ ਪਰ ਉਹ ਆਪਣੇ ਯੋਗਦਾਨ ਸਦਕਾ ਸੰਗਤਾਂ ਵਿਚ ਅਮਰ ਰਹਿਣਗੇ। ਪ੍ਰੋ: ਬਡੂੰਗਰ ਨੇ ਕਿਹਾ ਕਿ ਉਨ੍ਹਾਂ ਦੇ ਅਕਾਲ ਚਲਾਣੇ ਨਾਲ ਕੌਮ ਇੱਕ ਮਹਾਨ ਸ਼ਖਸੀਅਤ ਤੋਂ ਵਾਂਝੀ ਹੋ ਗਈ ਹੈ। ਉਨ੍ਹਾਂ ਭਾਈ ਗੁਰਚਰਨ ਸਿੰਘ ਦੇ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕਰਦਿਆਂ ਅਰਦਾਸ ਕੀਤੀ ਪਰਮਾਤਮਾ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖਸ਼ਣ।