ਅੰਮ੍ਰਿਤਸਰ, ੨੨ ਜੂਨ-  ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬੁਲਾਰੇ ਸ. ਦਿਲਜੀਤ ਸਿੰਘ ਬੇਦੀ ਨੇ ਕਿਹਾ ਹੈ ਕਿ ਦਸਤਾਰ ਸਿੱਖ ਦੀ ਪਛਾਣ ਹੋਣ ਦੇ ਨਾਲ-ਨਾਲ ਸਿੱਖ ਕੌਮ ਦਾ ਮਾਣ ਵੀ ਹੈ ਅਤੇ ਸਿੱਖ ਜਗਤ ਨੂੰ ਇਹ ਕਦੇ ਵੀ ਨਹੀਂ ਭੁਲਣਾ ਚਾਹੀਦਾ ਕਿ ਆਪਸੀ ਝਗੜਿਆਂ ਕਾਰਨ ਹੋਈ ਦਸਤਾਰ ਦੀ ਬੇਅਦਬੀ ਨਾਲ ਸਮੁੱਚੇ ਸਿੱਖ ਜਗਤ ਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪੈਂਦਾ ਹੈ। ਸ਼੍ਰੋਮਣੀ ਕਮੇਟੀ ਦੇ ਬੁਲਾਰੇ ਨੇ ਇਹ ਪ੍ਰਗਟਾਵਾ ਬੀਤੇ ਕੱਲ੍ਹ ਰੂਪਨਗਰ ਦੇ ਵਿਧਾਇਕ ਸਮੇਤ ਹੋਰਨਾਂ ਦੀਆਂ ਦਸਤਾਰਾਂ ਉਛਾਲਣ ਦੀ ਘਟਨਾ ‘ਤੇ ਸ਼੍ਰੋਮਣੀ ਕਮੇਟੀ ਵੱਲੋਂ ਪ੍ਰਤੀਕਰਮ ਪ੍ਰਗਟ ਕਰਦਿਆਂ ਕੀਤਾ ਹੈ। ਉਨ੍ਹਾਂ ਕਿਹਾ ਕਿ ਦਸਤਾਰ ਦੀ ਮਹਾਨਤਾ ਬਹੁਤ ਵੱਡੀ ਹੈ ਅਤੇ ਜਦੋਂ ਵੀ ਕਿਧਰੇ ਅਜਿਹੀ ਘਟਨਾ ਵਾਪਰਦੀ ਹੈ ਤਾਂ ਸਮੁੱਚੇ ਸਿੱਖ ਜਗਤ ਨੂੰ ਕਈ ਤਰ੍ਹਾਂ ਦੇ ਸਵਾਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਆਪਸੀ ਮਾਮਲਿਆਂ ਅਤੇ ਝਗੜਿਆਂ ਸਮੇਂ ਦਸਤਾਰ ਦੀ ਬੇਅਦਬੀ ਕਰਨਾ ਕਿਸੇ ਵੀ ਤਰ੍ਹਾਂ ਸਿਆਣਪ ਨਹੀਂ ਹੈ ਅਤੇ ਜੇਕਰ ਇੱਕ ਸਿੱਖ ਹੀ ਦੂਸਰੇ ਸਿੱਖ ਦੀ ਦਸਤਾਰ ਉਤਾਰੇਗਾ ਤਾਂ ਇਸ ਦਾ ਵਿਸ਼ਵ ਪੱਧਰ ‘ਤੇ ਬੁਰਾ ਪ੍ਰਭਾਵ ਪੈਣਾ ਕੁਦਰਤੀ ਹੈ। ਉਨ੍ਹਾਂ ਕਿਹਾ ਕਿ ਅੱਜ ਸਿੱਖ ਕੌਮ ਦੁਨੀਆਂ ਭਰ ਵਿਚ ਆਪਣੀ ਵਿਲੱਖਣ ਪਛਾਣ ਕਾਰਨ ਅੱਗੇ ਵੱਧ ਰਹੀ ਹੈ ਜਦਕਿ ਇਹ ਵੀ ਸੱਚ ਹੈ ਕਿ ਅਜਿਹੇ ਹੀ ਕੁਝ ਲੋਕਾਂ ਦੀ ਘਟੀਆ ਹਰਕਤ ਕਾਰਨ ਕੌਮ ਨੂੰ ਮੁਸ਼ਕਲਾਂ ਤੇ ਨਮੋਸ਼ੀ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਗੁੰਡਾਗਰਦੀ ਨੂੰ ਨੱਥ ਪਾਉਣ ਲਈ ਪੰਜਾਬ ਸਰਕਾਰ ਨੂੰ ਸਖ਼ਤ ਕਦਮ ਚੁੱਕਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਮਾਫੀਆ ਦੀ ਸਰਗਰਮੀ ਚਿੰਤਾਜਨਕ ਹੈ ਅਤੇ ਇਸ ‘ਤੇ ਤੁਰੰਤ ਰੋਕ ਲਗਾਉਣ ਲਈ ਸਰਕਾਰ ਸੁਹਿਰਦ ਹੋਵੇ।