ਅੰਮ੍ਰਿਤਸਰ, ੧੮ ਜੁਲਾਈ – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਦਰਬਾਰ ਸਾਹਿਬ ਵਿਖੇ ਸਥਿਤ ਲੰਗਰ ਸ੍ਰੀ ਗੁਰੂ ਰਾਮਦਾਸ ਜੀ ਦੀ ਇਮਾਰਤ ਸਮੇਤ ਚਲ ਰਹੇ ਹੋਰ ਕੰਮਾਂ ਸਬੰਧੀ ਸ਼੍ਰੋਮਣੀ ਕਮੇਟੀ ਵੱਲੋਂ ਗਠਿਤ ਕੀਤੀ ਗਈ ਸਬ ਕਮੇਟੀ ਦੀ ਇਕੱਤਰਤਾ ਸ਼੍ਰੋਮਣੀ ਕਮੇਟੀ ਦਫਤਰ ਵਿਖੇ ਹੋਈ। ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਸ. ਰਘੁਜੀਤ ਸਿੰਘ ਵਿਰਕ ਦੀ ਅਗਵਾਈ ਵਿਚ ਹੋਈ ਇਸ ਮੀਟਿੰਗ ਵਿਚ ਜਥੇਦਾਰ ਹਰਪਾਲ ਸਿੰਘ ਜੱਲਾ ਜੂਨੀਅਰ ਮੀਤ ਪ੍ਰਧਾਨ, ਅੰਤ੍ਰਿਗ ਕਮੇਟੀ ਮੈਂਬਰ ਸ. ਭਗਵੰਤ ਸਿੰਘ ਸਿਆਲਕਾ, ਸ. ਲਖਬੀਰ ਸਿੰਘ ਅਰਾਈਆਂਵਾਲਾ, ਸ. ਰਵਿੰਦਰ ਸਿੰਘ ਚੱਕ, ਸ. ਗੁਰਤੇਜ ਸਿੰਘ ਢੱਡੇ ਤੇ ਸ. ਸੱਜਣ ਸਿੰਘ ਬੱਜੂਮਾਨ, ਮੁੱਖ ਸਕੱਤਰ ਡਾ. ਰੂਪ ਸਿੰਘ, ਸ. ਜਸਵਿੰਦਰ ਸਿੰਘ ਦੀਨਪੁਰ ਮੈਨੇਜਰ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਅਤੇ ਸ. ਸੁਖਮਿੰਦਰ ਸਿੰਘ ਐਕਸੀਅਨ ਸ਼ਾਮਲ ਹੋਏ। ਇਸ ਦੌਰਾਨ ਸ੍ਰੀ ਗੁਰੂ ਰਾਮਦਾਸ ਲੰਗਰ ਦੀ ਬਣ ਰਹੀ ਇਮਾਰਤ ਸਮੇਤ ਹੋਰ ਚਲ ਰਹੇ ਕੰਮਾਂ ਬਾਰੇ ਵਿਚਾਰ ਚਰਚਾ ਕੀਤੀ ਗਈ।
ਇਸ ਬਾਰੇ ਜਾਣਕਾਰੀ ਦਿੰਦਿਆਂ ਸ਼੍ਰੋਮਣੀ ਕਮੇਟੀ ਦੇ ਬੁਲਾਰੇ ਸ. ਦਿਲਜੀਤ ਸਿੰਘ ਬੇਦੀ ਨੇ ਦਸਿਆ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੰਗਤਾਂ ਦੀ ਵਧ ਰਹੀ ਆਮਦ ਨੂੰ ਮੁੱਖ ਰਖਦਿਆਂ ਸ਼੍ਰੋਮਣੀ ਕਮੇਟੀ ਵੱਲੋਂ ਲੰਗਰ ਹਾਲ ਦੀ ਨਵੀਂ ਇਮਾਰਤ ਤਿਆਰ ਕਰਵਾਈ ਜਾ ਰਹੀ ਹੈ, ਜਿਸ ਦੇ ਅਧੂਰੇ ਕੰਮਾਂ ਬਾਰੇ ਵੀਚਾਰ ਕਰਨ ਲਈ ਸਬ ਕਮੇਟੀ ਵੱਲੋਂ ਮੀਟਿੰਗ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਵਿਚਾਰ ਚਰਚਾ ਤੋਂ ਬਾਅਦ ਲੰਗਰ ਹਾਲ ਏ.ਸੀ. ਕਰਨ ਦੇ ਨਾਲ-ਨਾਲ ਲੰਗਰ ਘਰ ਵਿਖੇ ਰਸੋਈ ਦੀ ਤਿਆਰੀ ਸਬੰਧੀ, ਗਰਮ ਅਤੇ ਠੰਡੇ ਪਾਣੀ ਸਮੇਤ ਲੰਗਰ ਵਿਚ ਲੱਗਣ ਵਾਲੇ ਹੋਰ ਸਮਾਨ ਦੇ ਟੈਂਡਰ ਜਲਦ ਲਗਾਉਣ ਦਾ ਫੈਸਲਾ ਕੀਤਾ ਗਿਆ। ਇਸ ਦੇ ਨਾਲ ਹੀ ਲੰਗਰ ਤਿਆਰ ਕਰਨ ਲਈ ਬਾਇਓਗੈਸ ਦੀ ਵਰਤੋਂ ਕਰਨ ਦਾ ਫੈਸਲਾ ਕੀਤਾ ਗਿਆ, ਜਿਸ ਲਈ ਕਾਰਪੋਰੇਸ਼ਨ ਤੋਂ ਪੂਰੀ ਪ੍ਰੋਜੈਕਟ ਰਿਪੋਰਟ ਲੈਣ ਲਈ ਸਬੰਧਤ ਵਿਭਾਗ ਦੀ ਡਿਊਟੀ ਲਗਾਈ ਗਈ ਹੈ। ਸ. ਬੇਦੀ ਨੇ ਦੱਸਿਆ ਕਿ ਲੰਗਰ ਹਾਲ ਦੀ ਬੇਸਮੈਂਟ ਵਿੱਚ ਕਣਕ ਸਟੋਰ ਕਰਨ ਲਈ ੧੫੦੦ ਬੋਰੀ ਦਾ ਸਟੋਰ ਬਣਾਉਣ ਅਤੇ ਅੰਦਰ ਹੀ ਆਟਾ ਚੱਕੀ ਲਗਾਈ ਜਾਵੇਗੀ। ਉਨ੍ਹਾਂ ਦੱਸਿਆ ਕਿ ਸਬ ਕਮੇਟੀ ਨੇ ਲਿਫਟ ਉਪਰੇਟਰ ਅਤੇ ਟੈਕਨੀਕਲ ਸਟਾਫ ਸਬੰਧੀ ਅਖਬਾਰਾਂ ਵਿਚ ਇਸ਼ਤਿਹਾਰ ਦੇ ਕੇ ਭਰਤੀ ਕਰਨ ਦੀ ਵੀ ਰਿਪੋਰਟ ਕੀਤੀ ਹੈ। ਇਸੇ ਦੌਰਾਨ ਸਬ ਕਮੇਟੀ ਨੇ ਸ੍ਰੀ ਗੁਰੂ ਰਾਮਦਾਸ ਜੀ ਲੰਗਰ ਹਾਲ ਸਮੇਤ ਬਾਕੀ ਚਲ ਰਹੇ ਕੰਮਾਂ ਨੂੰ ਜਲਦੀ ਮੁਕੰਮਲ ਕਰਨ ਲਈ ਲੋੜੀਂਦੀ ਕਾਰਵਾਈ ਤੇਜੀ ਨਾਲ ਕਰਨ ਲਈ ਸਬੰਧਤ ਮਹਿਕਮੇ ਨੂੰ ਹਦਾਇਤਾਂ ਦਿੱਤੀਆਂ। ਸ. ਬੇਦੀ ਨੇ ਇਹ ਵੀ ਦੱਸਿਆ ਕਿ ਚੱਲ ਰਹੇ ਕੰਮਾਂ ਦੇ ਨਰੀਖਣ ਲਈ ਜਲਦੀ ਹੀ ਫਿਰ ਸਬ-ਕਮੇਟੀ ਦੀ ਮੀਟਿੰਗ ਬੁਲਾਈ ਜਾਵੇਗੀ। ਇਕੱਤਰਤਾ ਦੌਰਾਨ ਸਕੱਤਰ ਸ. ਅਵਤਾਰ ਸਿੰਘ ਸੈਂਪਲਾ, ਵਧੀਕ ਸਕੱਤਰ ਸ. ਦਿਲਜੀਤ ਸਿੰਘ ਬੇਦੀ, ਸ. ਜਗਜੀਤ ਸਿੰਘ ਜੱਗੀ ਤੇ ਸ. ਸੁਖਦੇਵ ਸਿੰਘ ਭੂਰਾਕੋਹਨਾ ਆਦਿ ਮੌਜੂਦ ਸਨ।