ਅੰਮ੍ਰਿਤਸਰ, 29 ਜੂਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਚੱਲ ਰਹੇ ਖ਼ਾਲਸਾ ਕਾਲਜ ਗੜ੍ਹਦੀਵਾਲਾ (ਹੁਸ਼ਿਆਰਪੁਰ) ਦੇ ਪ੍ਰਿੰਸੀਪਲ ਡਾ. ਸਤਵਿੰਦਰ ਸਿੰਘ ਵੱਲੋਂ ਲੰਗਰ ਸ੍ਰੀ ਗੁਰੂ ਰਾਮਦਾਸ ਜੀ ਲਈ 21 ਹਜ਼ਾਰ ਰੁਪਏ ਦੀ ਰਾਸ਼ੀ ਭੇਟ ਕੀਤੀ ਗਈ। ਉਨ੍ਹਾਂ ਇਸ ਰਾਸ਼ੀ ਦਾ ਚੈੱਕ ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਭਾਈ ਰਜਿੰਦਰ ਸਿੰਘ ਮਹਿਤਾ ਅਤੇ ਮੁੱਖ ਸਕੱਤਰ ਡਾ. ਰੂਪ ਸਿੰਘ ਨੂੰ ਸੌਂਪਿਆ। ਇਸ ਦੌਰਾਨ ਸੀਨੀਅਰ ਮੀਤ ਪ੍ਰਧਾਨ ਭਾਈ ਰਜਿੰਦਰ ਸਿੰਘ ਮਹਿਤਾ ਨੇ ਜਿਥੇ ਡਾ. ਸਤਵਿੰਦਰ ਸਿੰਘ ਨੂੰ ਗੁਰੂ ਬਖ਼ਸ਼ਿਸ਼ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ, ਉਥੇ ਹੀ ਲੰਗਰ ਲਈ ਮਾਇਆ ਭੇਟ ਕਰਨ ’ਤੇ ਧੰਨਵਾਦ ਕੀਤਾ। ਭਾਈ ਮਹਿਤਾ ਨੇ ਕਿਹਾ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਲੰਗਰ ਤੋਂ ਲੱਖਾਂ ਸੰਗਤਾਂ ਪ੍ਰਸ਼ਾਦਾ ਛਕਦੀਆਂ ਹਨ ਅਤੇ ਸ਼ਰਧਾਲੂਆਂ ਵਿਚ ਲੰਗਰ ਸੇਵਾ ਲਈ ਅਥਾਹ ਸ਼ਰਧਾ ਹੈ। ਵੱਡੀ ਗਿਣਤੀ ਵਿਚ ਸੰਗਤਾਂ ਲੰਗਰ ਲਈ ਰਸਦਾਂ ਅਤੇ ਮਾਇਆ ਭੇਟ ਕਰਕੇ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਦੀਆਂ ਰਹਿੰਦੀਆਂ ਹਨ। ਉਨ੍ਹਾਂ ਕਿਹਾ ਕਿ ਗੁਰੂ ਕੇ ਲੰਗਰ ਸੰਗਤਾਂ ਦੇ ਸਹਿਯੋਗ ਨਾਲ ਹੀ ਚੱਲਦੇ ਹਨ। ਇਸ ਮੌਕੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਕਿਹਾ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਪੂਰੇ ਵਿਸ਼ਵ ਲਈ ਆਸਥਾ ਦੇ ਕੇਂਦਰ ਹਨ। ਇਥੇ ਨਿਰੰਤਰ ਚੱਲਦੇ ਲੰਗਰ ਵਿਚ ਬਿਨਾ ਭੇਦ ਭਾਵ ਦੇ ਸਭ ਨੂੰ ਪ੍ਰਸ਼ਾਦਾ ਛਕਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਗੁਰੂ ਘਰ ਦੇ ਸ਼ਰਧਾਲੂ ਲੰਗਰ ਲਈ ਸ਼ਰਧਾ ਨਾਲ ਰਸਦਾਂ ਤੇ ਮਾਇਆ ਭੇਜਦੇ ਹਨ। ਬੀਤੇ ਦਿਨਾਂ ਵਿਚ ਵੱਡੀ ਪੱਧਰ ’ਤੇ ਸੰਗਤਾਂ ਵੱਲੋਂ ਕਣਕ ਦੀ ਸੇਵਾ ਭੇਜੀ ਗਈ ਹੈ। ਇਸੇ ਤਰ੍ਹਾਂ ਸੰਗਤਾਂ ਮਾਇਆ ਵੀ ਭੇਟ ਕਰ ਰਹੀਆਂ ਹਨ। ਇਸ ਮੌਕੇ ਡਰੋਲੀ ਕਾਲਜ ਦੇ ਪ੍ਰਿੰਸੀਪਲ ਡਾ. ਸਾਹਿਬ ਸਿੰਘ ਵੀ ਮੌਜੂਦ ਸਨ।