6 ਜੂਨ ਨੂੰ ਸ਼ਰਧਾਂਜਲੀ ਸਮਾਗਮ ਵਿਚ ਸ਼ਾਮਲ ਹੋਣ ਵਾਲੀਆਂ ਧਿਰਾਂ ਮਰਯਾਦਾ ਦਾ ਖਿਆਲ ਰੱਖਣ

31-05-2016-2
ਅੰਮ੍ਰਿਤਸਰ 31 ਮਈ – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੀ ਇੱਕ ਵਿਸ਼ੇਸ਼ ਇਕੱਤਰਤਾ ਅੱਜ ਮੁੱਖ ਦਫਤਰ ਸ਼੍ਰੋਮਣੀ ਕਮੇਟੀ ਵਿਖੇ ਜਥੇਦਾਰ ਅਵਤਾਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਮੌਜੂਦਾ ਪੰਥਕ ਹਾਲਾਤ ਸਬੰਧੀ ਵਿਚਾਰ-ਚਰਚਾ ਕੀਤੀ ਗਈ। ਜਥੇਦਾਰ ਅਵਤਾਰ ਸਿੰਘ ਨੇ ਬੜੀ ਭਾਵੁਕਤਾ ਨਾਲ ਮੀਟਿੰਗ ਦਾ ਏਜੰਡਾ ਹਾਜ਼ਰ ਮੈਂਬਰਾਂ ਨਾਲ ਸਾਂਝਾ ਕਰਦਿਆਂ ਕਿਹਾ ਕਿ ਪੰਥ ਪ੍ਰਚਾਰਕਾਂ ਵਿੱਚ ਪੈਦਾ ਹੋਇਆ ਆਪਸੀ ਟਕਰਾਅ ਸਿੱਖ ਕੌਮ ਲਈ ਚਿੰਤਾਜਨਕ ਹੈ ਅਤੇ ਮੌਜੂਦਾ ਪੰਥਕ ਹਾਲਾਤਾਂ ਦੇ ਸਰਲੀਕਰਨ ਲਈ ਸੁਹਿਰਦ ਯਤਨ ਜ਼ਰੂਰੀ ਹਨ। ਉਨ੍ਹਾਂ ਨੇ ਅੰਤ੍ਰਿੰਗ ਕਮੇਟੀ ਦੇ ਸਮੂਹ ਮੈਂਬਰਾਂ ਦੇ ਵਿਚਾਰਾਂ ਨੂੰ ਗੰਭੀਰਤਾ ਨਾਲ ਸੁਣਿਆ। ਹਾਜ਼ਰ ਮੈਂਬਰਾਂ ਨੇ ਚਿੰਤਾ ਵਿਅਕਤ ਕਰਦਿਆਂ ਕਿਹਾ ਕਿ ਦੋਹਾਂ ਹੀ ਧਾਰਮਿਕ ਸ਼ਖ਼ਸੀਅਤਾਂ ਨੂੰ ਵਿਸਫੋਟਕ ਕਿਸਮ ਦੀ ਬਿਆਨਬਾਜੀ ਤੋਂ ਗੁਰੇਜ ਕਰਨਾ ਚਾਹੀਦਾ ਹੈ ਅਤੇ ਸੂਝਵਾਨ ਪੰਥ ਪ੍ਰਵਾਨਤ ਸ਼ਖ਼ਸੀਅਤਾਂ ਦੀ ਕਮੇਟੀ ਬਣਾ ਕੇ ਮਸਲੇ ਦਾ ਹੱਲ ਕੱਢਣਾ ਚਾਹੀਦਾ ਹੈ, ਕਿਉਂਕਿ ਮਿਲ ਬੈਠ ਕੇ ਵੱਡੇ-ਵੱਡੇ ਮਸਲੇ ਨਿਪਟ ਜਾਂਦੇ ਹਨ।
ਮੀਟਿੰਗ ਉਪਰੰਤ ਗੱਲਬਾਤ ਕਰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਇਕੱਤਰਤਾ ਵਿਚ ਸ਼ਾਮਲ ਮੈਂਬਰਾਂ ਦੇ ਸੁਝਾਅ ਅਨੁਸਾਰ ਵਰਤਮਾਨ ਸਮੇਂ ਵਿਚ ਪੈਦਾ ਹੋਏ ਪੰਥਕ ਹਾਲਾਤਾਂ ਦੇ ਠੋਸ ਹੱਲ ਲਈ ਪੰਥ ਦੀਆਂ ਪ੍ਰਵਾਨਿਤ ਸ਼ਖ਼ਸੀਅਤਾਂ ਦੀ ਇੱਕ ਕਮੇਟੀ ਬਣਾਏ ਜਾਣ ਦਾ ਫੈਸਲਾ ਕੀਤਾ ਗਿਆ ਹੈ, ਜਿਸ ਦਾ ਗਠਨ ਜਲਦ ਹੀ ਹੋਵੇਗਾ। ਉਨ੍ਹਾਂ ਕਿਹਾ ਕਿ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਅਤੇ ਦਮਦਮੀ ਟਕਸਾਲ ਦੇ ਮੁੱਖੀ ਬਾਬਾ ਹਰਨਾਮ ਸਿੰਘ ਖਾਲਸਾ ਦੋਵੇਂ ਹੀ ਸੂਝਵਾਨ ਸਿੱਖ ਸ਼ਖ਼ਸੀਅਤਾਂ ਹਨ ਅਤੇ ਪੰਥ ਦੇ ਪ੍ਰਚਾਰ ਲਈ ਨਿਰੰਤਰ ਕਾਰਜਸ਼ੀਲ ਹਨ। ਉਨ੍ਹਾਂ ਕਿਹਾ ਕਿ ਸਿੱਖ ਕੌਮ ਪਹਿਲਾਂ ਹੀ ਕਈ ਬਾਹਰੀ ਚੁਣੌਤੀਆਂ ਦੇ ਰੂਬਰੂ ਹੈ ਅਤੇ ਅੱਜ ਇਸ ਨੂੰ ਆਪਸੀ ਇੱਕਜੁਟਤਾ ਅਤੇ ਸੰਗਠਨ ਦੀ ਵੱਡੀ ਲੋੜ ਹੈ। ਇਸ ਸਮੇਂ ਸਮੁੱਚੀਆਂ ਪੰਥਕ ਧਿਰਾਂ ਨੂੰ ਸਹਿਜ, ਸੰਜਮ ਤੇ ਹਲੇਮੀ ਤੋਂ ਕੰਮ ਲੈਦਿਆਂ ਪੰਥ ਦੀ ਚੜ੍ਹਦੀ ਕਲਾ ਲਈ ਵਡੇਰੀ ਭੂਮਿਕਾ ਨਿਭਾਉਣੀ ਚਾਹੀਦੀ ਹੈ ਤਾਂ ਜੋ ਕੌਮ ਵਿਚ ਵੰਡੀਆਂ ਪਾਉਣ ਵਾਲੀਆਂ ਸ਼ਕਤੀਆਂ ਦੇ ਮਨਸੂਬੇ ਕਾਮਯਾਬ ਨਾ ਹੋ ਸਕਣ। ਉਨ੍ਹਾਂ ਕਿਹਾ ਕਿ ਪੰਥ ਦੀ ਸੁਖ ਸ਼ਾਂਤੀ ਲਈ ਪੰਥਕ ਸੋਚ ਰੱਖਣ ਵਾਲਾ ਹਰ ਬਸ਼ਰ ਸ਼ਖ਼ਸੀ ਤੌਰ ‘ਤੇ ਵੀ ਅੱਗੇ ਆਵੇ।
ਉਨ੍ਹਾਂ ਹੋਰ ਕਿਹਾ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜਿਥੇ ਸਿੱਖਾਂ ਦਾ ਕੇਂਦਰੀ ਧਾਰਮਿਕ ਅਸਥਾਨ ਹੈ, ਉਥੇ ਹੀ ਸਮੁੱਚੀ ਮਨੁੱਖਤਾ ਲਈ ਆਤਮਿਕ ਤ੍ਰਿਪਤੀ ਦਾ ਕੇਂਦਰ ਵੀ ਹੈ। ਇਸ ਪਾਵਨ ਅਸਥਾਨ ਦਾ ਇਤਿਹਾਸ ਗੌਰਵਮਈ ਹੈ। ਉਨ੍ਹਾਂ ਕਿਹਾ ਕਿ ਸਮੇਂ-ਸਮੇਂ ‘ਤੇ ਮਨੁੱਖਤਾ ਦੇ ਦੁਸ਼ਮਣਾਂ ਵੱਲੋਂ ਇਸ ਅੰਮ੍ਰਿਤਮਈ ਅਸਥਾਨ ਨੂੰ ਢਹਿ-ਢੇਰੀ ਕਰਨ ਦੀਆਂ ਚਾਲਾਂ ਚੱਲੀਆਂ ਗਈਆਂ। ੧੯੮੪ ਵਿਚ ਵੀ ਸਮੇਂ ਦੀ ਭਾਰਤੀ ਹਕੂਮਤ ਵੱਲੋਂ ਇਸ ‘ਤੇ ਗੋਲੀਆਂ ਦਾ ਮੀਂਹ ਵਰ੍ਹਾਇਆ ਗਿਆ। ਇਸ ਮੌਕੇ ਦਰਸ਼ਨ ਕਰਨ ਆਈ ਬੇਦੋਸ਼ੀ ਸੰਗਤ ਨੂੰ ਵੀ ਨਾ ਬਖਸ਼ਿਆ ਗਿਆ। ਇਸ ਘੱਲੂਘਾਰੇ ਸਮੇਂ ਸ਼ਹੀਦ ਹੋਏ ਸਿੱਖਾਂ ਦੀ ਯਾਦ ਵਿਚ ਹਰ ਸਾਲ ੬ ਜੂਨ ਨੂੰ ਸਿੱਖ ਕੌਮ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਸ਼ਰਧਾਂਜਲੀ ਸਮਾਗਮ ਕੀਤਾ ਜਾਂਦਾ ਹੈ ਪਰ ਇਸ ਘੱਲੂਘਾਰੇ ਦੀ ਸ਼ਾਂਤਮਈ ਰੂਪ ਵਿਚ ਯਾਦ ਮਨਾਉਣ ਸਮੇਂ ਕੁਝ ਸਿੱਖ ਵਿਰੋਧੀ ਤਾਕਤਾਂ ਮੌਕੇ ਦਾ ਫਾਇਦਾ ਉਠਾਉਣ ਲਈ ਹਰ ਵਾਰ ਖਲਲ ਪਾਉਣ ਦਾ ਯਤਨ ਕਰਦੀਆਂ ਹਨ। ਇਹ ਸਿੱਖ ਕੌਮ ਨੂੰ ਬਦਨਾਮ ਕਰਨ ਦੀ ਸੋਚੀ ਸਮਝੀ ਸਾਜ਼ਿਸ਼ ਹੈ। ਉਨ੍ਹਾਂ ਕਿਹਾ ਕਿ ੬ ਜੂਨ ਨੂੰ ਸ਼ਰਧਾਂਜਲੀ ਸਮਾਗਮ ਵਿਚ ਸ਼ਾਮਲ ਹੋਣ ਵਾਲੀਆਂ ਸਮੂਹ ਪੰਥਕ ਧਿਰਾਂ ਨੂੰ ਅਤੇ ਸਿੱਖ ਸੰਗਤਾਂ ਨੂੰ ਅਪੀਲ ਹੈ ਕਿ ਉਹ ਸਿੱਖ ਵਿਰੋਧੀ ਸ਼ਕਤੀਆਂ ਦੀਆਂ ਚਾਲਾਂ ਤੋਂ ਸੁਚੇਤ ਰਹਿੰਦਿਆਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਮਾਣ-ਮਰਯਾਦਾ ਨੂੰ ਧਿਆਨ ਵਿਚ ਰੱਖਣ।
ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੰਤ੍ਰਿੰਗ ਕਮੇਟੀ ਨੇ ਸ਼ਿਵ ਸੈਨਾ ਵੱਲੋਂ ਵੱਖ-ਵੱਖ ਸਮੇਂ ਤੇ ਸਿੱਖਾਂ ਖਿਲਾਫ ਕੀਤੀ ਜਾਂਦੀ ਬਿਆਨਬਾਜੀ ਦਾ ਸਖਤ ਨੋਟਿਸ ਲਿਆ ਹੈ। ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਸ਼ਿਵ ਸੈਨਾ ਨੂੰ ਆਪਣੀਆਂ ਹਰਕਤਾਂ ਤੋਂ ਬਾਜ ਆਉਣਾ ਚਾਹੀਦਾ ਹੈ ਕਿਉਂਕਿ ਅਜਿਹੀ ਬਿਆਨਬਾਜੀ ਨਾਲ ਪੰਜਾਬ ਦਾ ਮਾਹੌਲ ਅਸ਼ਾਂਤ ਹੋ ਰਿਹਾ ਹੈ। ਉਨ੍ਹਾਂ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਅਜਿਹੇ ਅਨਸਰਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਤੁਰੰਤ ਨਕੇਲ ਪਾਈ ਜਾਵੇ।
ਇਸ ਮੌਕੇ ਸ੍ਰ: ਕੇਵਲ ਸਿੰਘ ਬਾਦਲ ਜੂਨੀਅਰ ਮੀਤ ਪ੍ਰਧਾਨ, ਸ੍ਰ: ਸੁਖਦੇਵ ਸਿੰਘ ਭੌਰ ਜਨਰਲ ਸਕੱਤਰ, ਸ੍ਰ: ਰਜਿੰਦਰ ਸਿੰਘ ਮਹਿਤਾ, ਸ੍ਰ: ਦਿਆਲ ਸਿੰਘ ਕੌਲਿਆਂਵਾਲੀ,  ਸ੍ਰ: ਕਰਨੈਲ ਸਿੰਘ ਪੰਜੋਲੀ, ਸ੍ਰ: ਰਾਮਪਾਲ ਸਿੰਘ ਬਹਿਣੀਵਾਲ, ਸ੍ਰ: ਨਿਰਮੈਲ ਸਿੰਘ ਜੌਲਾਂ, ਸ੍ਰ: ਸੂਬਾ ਸਿੰਘ ਡੱਬਵਾਲੀ, ਸ੍ਰ: ਭਜਨ ਸਿੰਘ ਸ਼ੇਰਗਿੱਲ, ਸ੍ਰ: ਮੰਗਲ ਸਿੰਘ, ਸ੍ਰ: ਸੁਰਜੀਤ ਸਿੰਘ ਗੜ੍ਹੀ, ਸ੍ਰ: ਮੋਹਨ ਸਿੰਘ ਬੰਗੀਂ, ਸ੍ਰ: ਗੁਰਬਚਨ ਸਿੰਘ ਕਰਮੂੰਵਾਲਾ ਅੰਤ੍ਰਿੰਗ ਕਮੇਟੀ ਮੈਂਬਰ, ਸ੍ਰ: ਹਰਚਰਨ ਸਿੰਘ ਮੁੱਖ ਸਕੱਤਰ, ਡਾ: ਰੂਪ ਸਿੰਘ ਤੇ ਸ੍ਰ: ਮਨਜੀਤ ਸਿੰਘ ਸਕੱਤਰ, ਸ੍ਰ: ਦਿਲਜੀਤ ਸਿੰਘ ਬੇਦੀ, ਸ੍ਰ: ਬਲਵਿੰਦਰ ਸਿੰਘ ਜੌੜਾਸਿੰਘਾ, ਸ੍ਰ: ਕੇਵਲ ਸਿੰਘ, ਡਾ: ਪਰਮਜੀਤ ਸਿੰਘ ਸਰੋਆ ਤੇ ਸ੍ਰ: ਬਿਜੈ ਸਿੰਘ ਵਧੀਕ ਸਕੱਤਰ, ਸ੍ਰ: ਪਰਮਜੀਤ ਸਿੰਘ ਮੁੰਡਾਪਿੰਡ ਨਿਜੀ ਸਹਾਇਕ, ਸ੍ਰ: ਇੰਦਰ ਮੋਹਣ ਸਿੰਘ ‘ਅਨਜਾਣ’ ਇੰਚਾਰਜ ਪਬਲੀਸਿਟੀ, ਸ੍ਰ: ਅਰਵਿੰਦਰ ਸਿੰਘ ਏ ਪੀ ਆਰ ਓ, ਸ੍ਰ: ਰਣਜੀਤ ਸਿੰਘ ਖਾਲਸਾ ਮੀਡੀਆ ਸਲਾਹਕਾਰ, ਸ੍ਰ: ਗੁਰਵਿੰਦਰ ਸਿੰਘ ਪੀ ਏ, ਸ੍ਰ: ਸੁਲੱਖਣ ਸਿੰਘ ਮੈਨੇਜਰ, ਸ੍ਰ: ਹਰਪ੍ਰੀਤ ਸਿੰਘ ਮੀਤ ਮੈਨੇਜਰ, ਸ੍ਰ: ਹਰਜਿੰਦਰ ਸਿੰਘ ਸੁਪ੍ਰਿੰਟੈਂਡੈਂਟ, ਸ੍ਰ: ਮਲਕੀਤ ਸਿੰਘ ਬਹਿੜਵਾਲ ਸਹਾਇਕ ਸੁਪ੍ਰਿੰਟੈਂਡੈਂਟ, ਸ੍ਰ: ਮਨਿੰਦਰਮੋਹਨ ਸਿੰਘ ਇੰਚਾਰਜ ਤੇ ਸ੍ਰ: ਹਰਜਿੰਦਰ ਸਿੰਘ ਸੁਪਰਵਾਈਜ਼ਰ ਆਦਿ ਹਾਜ਼ਰ ਸਨ।