ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਅਧੀਨ ਸਕੂਲ ਮੁਖੀਆਂ ਦੀ ਹੋਈ ਇਕੱਤਰਤਾ

ਅੰਮ੍ਰਿਤਸਰ, 16 ਸਤੰਬਰ 2017 – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਦੇ ਨਿਰਦੇਸ਼ਾਂ ਅਨੁਸਾਰ ਸ਼੍ਰੋਮਣੀ ਕਮੇਟੀ ਦੇ ਸਕੂਲਾਂ ਦੇ ਪ੍ਰਿੰਸੀਪਲ ਸਾਹਿਬਾਨ ਦੀ ਵਿਸ਼ੇਸ਼ ਇਕੱਤਰਤਾ ਅੱਜ ਇਥੇ ਸ਼੍ਰੋਮਣੀ ਕਮੇਟੀ ਦੇ ਮੁੱਖ ਦਫਤਰ ਵਿਖੇ ਹੋਈ, ਜਿਸ ਦੀ ਅਗਵਾਈ ਸਕੱਤਰ ਸ. ਅਵਤਾਰ ਸਿੰਘ ਸੈਂਪਲਾ, ਐਡੀਸ਼ਨਲ ਸਕੱਤਰ ਸ. ਮਹਿੰਦਰ ਸਿੰਘ ਆਹਲੀ ਅਤੇ ਡਾਇਰੈਕਟਰ ਸਿੱਖਿਆ ਸ. ਜਤਿੰਦਰ ਸਿੰਘ ਨੇ ਕੀਤੀ। 
ਇਕੱਤਰਤਾ ਦੌਰਾਨ ਜਿਥੇ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਅਧੀਨ ਕਾਰਜਸ਼ੀਲ ਸਕੂਲਾਂ ਦੀ ਕਾਰਗੁਜ਼ਾਰੀ ਦਾ ਮੁਲਾਂਕਣ ਕੀਤਾ ਗਿਆ, ਉਥੇ ਹੀ ਸ਼੍ਰੋਮਣੀ ਕਮੇਟੀ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਦੀਆਂ ਹਦਾਇਤਾਂ ਅਨੁਸਾਰ ਸਕੂਲ ਮੁਖੀਆਂ ਨੂੰ ਵਿਦਿਆਰਥੀਆਂ ਦੀ ਸੁਰੱਖਿਆ ਦੇ ਮੱਦੇਨਜ਼ਰ ਪ੍ਰਬੰਧਕੀ ਜ਼ਿੰਮੇਵਾਰੀ ਪ੍ਰਤੀ ਸੁਹਿਰਦ ਪਹੁੰਚ ਅਪਣਾਉਣ ਲਈ ਕਿਹਾ ਗਿਆ। ਸ. ਅਵਤਾਰ ਸਿੰਘ ਸੈਂਪਲਾ ਤੇ ਸ. ਮਹਿੰਦਰ ਸਿੰਘ ਆਹਲੀ ਨੇ ਸਕੂਲ ਮੁਖੀਆਂ ਨੂੰ ਨਿਰਦੇਸ਼ ਜਾਰੀ ਕਰਦਿਆਂ ਕਿਹਾ ਕਿ ਜਿਨਾਂ ਸਕੂਲਾਂ ਵਿਚ ਸੀ.ਸੀ.ਟੀ.ਵੀ. ਕੈਮਰੇ ਅਜੇ ਤੀਕ ਨਹੀਂ ਲੱਗੇ ਉਥੇ ਤੁਰੰਤ ਲਗਾਏ ਜਾਣ ਅਤੇ ਵਿਦਿਆਰਥੀਆਂ ਦੀ ਨਿਗਰਾਨੀ ਤੇ ਸੁਰੱਖਿਆ ਲਈ ਕਿਸੇ ਕਿਸਮ ਦੀ ਕੋਤਾਹੀ ਨਾ ਵਰਤੀ ਜਾਵੇ। ਉਨ੍ਹਾਂ ਇਹ ਵੀ ਕਿਹਾ ਕਿ ਅਧਿਆਪਕਾਂ ਲਈ ਇਹ ਲਾਜ਼ਮੀ ਕੀਤਾ ਜਾਵੇ ਕਿ ਉਹ ਸਕੂਲ ਲੱਗਣ ਤੋਂ ਪਹਿਲਾਂ ਆਉਣ ਅਤੇ ਛੁੱਟੀ ਹੋਣ ਉਪਰੰਤ ਸਾਰੇ ਵਿਦਿਆਰਥੀਆਂ ਦੇ ਜਾਣ ਤੋਂ ਬਾਅਦ ਹੀ ਸਕੂਲ ਛੱਡਣ। ਇਸ ਦੀ ਉਲੰਘਣਾ ਕਰਨ ਵਾਲੇ ਅਧਿਆਪਕਾਂ ਤੇ ਸਖ਼ਤ ਕਾਰਵਾਈ ਕੀਤੀ ਜਾਵੇ। ਇਹ ਯਕੀਨੀ ਬਣਾਉਣ ਦੀ ਮੁਕੰਮਲ ਜ਼ਿੰਮੇਵਾਰੀ ਸਕੂਲ ਪ੍ਰਿੰਸੀਪਲ ਦੀ ਹੋਵੇਗੀ। 
ਡਾਇਰੈਟਰ ਸ. ਜਤਿੰਦਰ ਸਿੰਘ ਨੇ ਕਿਹਾ ਕਿ ਸਕੂਲ ਵਿਚ ਪੜ੍ਹਨ ਵਾਲੇ ਬੱਚਿਆਂ ਦੀ ਜ਼ਿੰਮੇਵਾਰੀ ਪ੍ਰਤੀ ਪ੍ਰਬੰਧਕੀ ਅਣਗਹਿਲੀ ਨਹੀਂ ਹੋਣੀ ਚਾਹੀਦੀ ਅਤੇ ਦਰਜਾ-ਬ-ਦਰਜਾ ਮੁਲਾਜ਼ਮ ਆਪਣੀ ਜ਼ਿੰਮੇਵਾਰੀ ਨੂੰ ਸੁਚੇਤ ਰੂਪ ਵਿਚ ਨਿਭਾਉਣ। ਇਕੱਤਰਤਾ ਦੌਰਾਨ ਸਕੂਲ ਮੁਖੀਆਂ ਨੂੰ ਇਹ ਵੀ ਕਿਹਾ ਗਿਆ ਕਿ ਵਿਦਿਆਰਥੀਆਂ ਨੂੰ ਮਿਲਣ ਆਉਣ ਵਾਲੇ ਮਾਪਿਆਂ ਦੇ ਪਛਾਣ ਪੱਤਰ ਬਣਾਉਣ ਨੂੰ ਵੀ ਯਕੀਨੀ ਬਣਾਇਆ ਜਾਵੇ ਅਤੇ ਬਿਨਾ ਪਛਾਣ ਪੱਤਰ ਤੋਂ ਕਿਸੇ ਨੂੰ ਵੀ ਬੱਚਿਆਂ ਨੂੰ ਮਿਲਣ ਦੀ ਖੁੱਲ੍ਹ ਨਾ ਦਿੱਤੀ ਜਾਵੇ। ਇਸ ਤੋਂ ਇਲਾਵਾ ਸਕੂਲ ਮੁਖੀਆਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੁਲਤਾਨਪੁਰ ਲੋਧੀ ਵਿਖੇ ਸ਼੍ਰੋਮਣੀ ਕਮੇਟੀ ਵੱਲੋਂ 26 ਤੋਂ 28 ਸਤੰਬਰ ਤੱਕ ਕਰਵਾਈਆਂ ਜਾਣ ਵਾਲੀਆਂ ਖ਼ਾਲਸਾਈ ਖੇਡਾਂ ਵਿਚ ਹਰ ਸਕੂਲ ਨੂੰ ਭਾਗ ਲੈਣ ਲਈ ਵੀ ਕਿਹਾ ਗਿਆ।
ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਵਧੀਕ ਸਕੱਤਰ ਸ. ਕੇਵਲ ਸਿੰਘ, ਮੀਤ ਸਕੱਤਰ ਸ. ਸਿਮਰਜੀਤ ਸਿੰਘ, ਸਹਾਇਕ ਡਾਇਰੈਕਟਰ ਕਾਲਜਾਂ ਪ੍ਰਿੰ. ਪ੍ਰਭਜੀਤ ਸਿੰਘ, ਸਹਾਇਕ ਡਾਇਰੈਕਟਰ ਸਕੂਲ ਪ੍ਰਿੰਸੀਪਲ ਸਤਵੰਤ ਕੌਰ, ਪ੍ਰਿੰ. ਅਮਰਜੀਤ ਕੌਰ, ਪ੍ਰਿੰ. ਰਾਜਵਿੰਦਰ ਕੌਰ ਢਿੱਲੋਂ, ਪ੍ਰਿੰ. ਪ੍ਰਭਜੀਤ ਕੌਰ, ਪ੍ਰਿੰ. ਕਵਲਜੀਤ ਕੌਰ, ਪ੍ਰਿੰ. ਸਿਮਰਜੀਤ ਕੌਰ, ਪ੍ਰਿੰ. ਚਰਨਜੀਤ ਕੌਰ, ਪ੍ਰਿੰ. ਬਚਿੱਤਰ ਸਿੰਘ ਮੋਗਾ, ਪ੍ਰਿੰ. ਗੁਰਮੀਤ ਕੌਰ, ਪ੍ਰਿੰ. ਗੁਰਿੰਦਰ ਕੌਰ, ਪ੍ਰਿੰ. ਗਗਨਦੀਪ ਸਿੰਘ, ਪ੍ਰਿੰ. ਗੁਰਪ੍ਰੀਤ ਸਿੰਘ, ਪ੍ਰਿੰ. ਤਰਨਜੀਤ ਸਿੰਘ ਸਮੇਤ ਵੱਖ-ਵੱਖ ਸਕੂਲਾਂ ਦੇ ਪ੍ਰਿੰਸੀਪਲ ਹਾਜ਼ਰ ਸਨ।